‘ਆਪ’ ਵਿਧਾਇਕ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਬਾਰੇ ਸਪੱਸ਼ਟੀਕਰਨ ਦੇਵੇ ਸਰਕਾਰ: ਜਾਖੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਨਵੰਬਰ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ ਤੇ ਦਿਨ-ਦਿਹਾੜੇ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਸ੍ਰੀ ਜਾਖੜ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਵਿਧਾਇਕ ਸਵਰਨ ਸਿੰਘ ਧੂੰਨ ਦੇ ਪਰਿਵਾਰਕ ਮੈਂਬਰ ਦਾ ਨਾਂ ਨਸ਼ਾ ਤਸਕਰੀ ਵਿੱਚ ਆਉਣ ਦੇ ਮੁੱਦੇ ’ਤੇ ਸਥਿਤੀ ਸਪੱਸ਼ਟ ਕਰਨ।
ਸ੍ਰੀ ਜਾਖੜ ਨੇ ਕਿਹਾ ਕਿ ਵਿਧਾਇਕ ਸਵਰਨ ਸਿੰਘ ਧੂੰਨ ਖ਼ਿਲਾਫ਼ ਸਾਲ 2002 ਵਿੱਚ ਹਰੀਕੇ ਥਾਣੇ ’ਚ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਹੋਇਆ ਸੀ। ਉਨ੍ਹਾਂ ਇਸ ਸਬੰਧੀ ਐੱਫਆਈਆਰ ਦੀ ਕਾਪੀ ਵੀ ਜਨਤਕ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਵਿਧਾਇਕ ਕਿਲੋ ਹੈਰੋਇਨ ਨਾਲ ਫੜੇ ਗਏ ਆਪਣੇ ਰਿਸ਼ਤੇਦਾਰ ਨਾਲ ਸਬੰਧਾਂ ਤੋਂ ਇਨਕਾਰੀ ਹੋ ਰਹੇ ਹਨ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ‘ਆਪ’ ਸਰਕਾਰ ਸੂਬੇ ਲਈ ਖ਼ੁਦ ਕੁੱਝ ਕਰਨ ਦੀ ਥਾਂ ਦੂਜੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ’ਤੇ ਲੱਗੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਮੈਡੀਕਲ ਕਾਲਜਾਂ ਲਈ 60-40 ਦੇ ਅਨੁਪਾਤ ਅਨੁਸਾਰ ਪੰਜਾਬ ਨੂੰ 467 ਕਰੋੜ ਰੁਪਏ ਜਾਰੀ ਕੀਤੇ ਹੋਏ ਹਨ, ਪਰ ਸੂਬਾ ਸਰਕਾਰ ਨੇ ਇਹ ਪ੍ਰਾਜੈਕਟ ਮੁਕੰਮਲ ਕਰਨ ਵਿੱਚ ਕੋਈ ਦਿਲਸਚਪੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ 1563 ਕਰੋੜ ਰੁਪਏ ਨਾਲ ਫਗਵਾੜਾ-ਮੁਕੇਰੀਆਂ ਸੜਕ ਨੂੰ ਚਹੁੰ-ਮਾਰਗੀ ਕਰਨ ਦਾ ਪ੍ਰਾਜੈਕਟ ਪ੍ਰਵਾਨ ਹੋਇਆ ਹੈ। ਇਸੇ ਤਰ੍ਹਾਂ 411 ਕਰੋੜ ਰੁਪਏ ਨਾਲ ਫਗਵਾੜਾ ਵਿੱਚ ਅੰਡਰਪਾਸ ਬਣਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਜਿਸ ਗੁਰੂ ਰਵਿਦਾਸ ਆਡੀਟੋਰੀਅਮ ਦਾ ਸਿਹਰਾ ਆਪਣੇ ਸਿਰ ਲੈ ਰਹੀ ਹੈ, ਉਹ ਤਾਂ ਪਹਿਲਾਂ ਹੀ ਪਿਛਲੀ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਾ ਬਣਿਆ ਹੋਇਆ ਹੈ।