ਝੋਨੇ ਦੀ ਪੀਆਰ 126 ਕਿਸਮ ਤੇ ਨਕਲੀ ਬੀਜ ਬਾਰੇ ਸਥਿਤੀ ਸਪੱਸ਼ਟ ਕਰੇ ਸਰਕਾਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 20 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮੰਗਾਂ ਦੇ ਹੱਕ ’ਚ ਸਿਆਸੀ ਆਗੂਆਂ ਦੇ ਘਰਾਂ ਦਫ਼ਤਰਾਂ ਅੱਗੇ ਧਰਨੇ ਦੇਣ ਅਤੇ ਟੌਲ ਪਲਾਜ਼ੇ ਪਰਚੀ ਮੁਕਤ ਰੱਖਣ ਦੇ ਸੱਦੇ ਤਹਿਤ ਨਜ਼ਦੀਕੀ ਚੌਕੀਮਾਨ ਟੌਲ ਪਲਾਜ਼ਾ ਅੱਜ ਚੌਥੇ ਦਿਨ ਵੀ ਪਰਚੀ ਮੁਕਤ ਰਿਹਾ। ਇਸ ਸਮੇਂ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸਰਕਾਰੀ ਨੁਮਾਇੰਦਿਆਂ ਨਾਲ ਹੋਈ ਮੀਟਿੰਗ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸਰਕਾਰ ਪੀਆਰ 126 ਅਤੇ ਇਸ ਦੇ ਨਕਲੀ ਬੀਜ ਬਾਰੇ ਸਥਿਤੀ ਸਪੱਸ਼ਟ ਨਹੀਂ ਕਰਦੀ, ਓਨੀ ਦੇਰ ਸਮੱਸਿਆ ਦਾ ਹੱਲ ਨਹੀਂ ਹੋਣਾ। ਸਰਕਾਰ ਵੱਲੋਂ ਬਾਹਰੋਂ ਮਿਲਿੰਗ ਕਰਵਾਉਣ ਵਰਗੀਆਂ ਗੱਲਾਂ ਨੂੰ ਸਿੱਧੀ ਧਮਕੀ ਮੰਨਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਅਮਲੀ ਤੌਰ ’ਤੇ ਅਜਿਹਾ ਸੰਭਵ ਨਹੀਂ, ਫੇਰ ਵੀ ਜੇਕਰ ਸਰਕਾਰ ਨੂੰ ਭਰਮ ਭੁਲੇਖੇ ਹਨ ਤਾਂ ਉਹ ਦੂਰ ਕਰ ਲੈਣੇ ਚਾਹੀਦੇ ਹਨ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਨ-ਰਾਤ ਪ੍ਰਚਾਰ ਕਰ ਕੇ ਪੀਆਰ 126 ਝੋਨਾ ਲਵਾਇਆ। ਇਲਾਕੇ ’ਚ ਅੱਧੀ ਫ਼ੀਸਦੀ ਤੋਂ ਵਧੇਰੇ ਇਹੋ ਪੀਆਰ 126 ਲੱਗਿਆ ਹੈ। ਪਰ ਹੁਣ ਇਸ ਦਾ ਝਾੜ ਪੰਜ ਕਿਲੋ ਤੋਂ ਵੱਧ ਘੱਟ ਨਿੱਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਕਰਕੇ ਸ਼ੈਲਰ ਮਾਲਕ ਵੀ ਇਸ ਨੂੰ ਖਰੀਦਣ ਤੋਂ ਭੱਜ ਰਹੇ ਹਨ। ਵੱਡੀ ਪੱਧਰ ’ਤੇ ਨਕਲੀ ਬੀਜ ਦਾ ਰੌਲਾ ਪੈ ਰਿਹਾ ਹੈ। ਇਸ ਤਰ੍ਹਾਂ ਨੁਕਸਾਨ ਇਕੱਲੇ ਕਿਸਾਨਾਂ ਦਾ ਨਹੀਂ ਸਗੋਂ ਸ਼ੈਲਰ ਮਾਲਕਾਂ ਦਾ ਵੀ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੰਡੀਆਂ ’ਚ ਝੋਨੇ ਦੀ ਅੰਬਾਰ ਲੱਗੇ ਹੋਏ ਹਨ ਅਤੇ ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਵੱਡੀਆਂ ਵੱਡੀਆਂ ਧਾਕਾਂ ਲੱਗ ਗਈਆਂ ਹਨ। ਪਰ ਮੁੱਖ ਮੰਤਰੀ ਮੀਟਿੰਗ ’ਚ ਕਹਿ ਰਹੇ ਹਨ ਕਿ ਦੋ ਦਿਨ ’ਚ ਮਸਲਾ ਹੱਲ ਕਰ ਲਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ’ਤੇ ਭਰੋਸਾ ਨਹੀਂ ਰਿਹਾ। ਇਹ ਪਹਿਲਾਂ ਵੀ ਕਈ ਵਾਰ ਹੋ ਚੁਕਿਆ ਹੈ ਤੇ ਸਰਕਾਰ ਮੁੱਕਰਦੀ ਰਹੀ ਹੈ। ਕੇਂਦਰ ਸਰਕਾਰ ਵੀ ਪੰਜਾਬ ਦੇ ਝੋਨੇ ਨੂੰ ਚੁੱਕਣ ਲਈ ਸੁਹਿਰਦ ਨਹੀਂ ਕਿਉਂਕਿ ਉਹ ਵੀ ਨੀਤੀਆਂ ਅਨੁਸਾਰ ਸਰਕਾਰੀ ਖਰੀਦ ਖਤਮ ਕਰਨਾ ਚਾਹੁੰਦੀ ਹੈ। ਧਰਨੇ ਨੂੰ ਚਰਨਜੀਤ ਸਿੰਘ ਫੱਲੇਵਾਲ, ਗੁਰਪ੍ਰੀਤ ਸਿੰਘ ਨੂਰਪੁਰਾ, ਜਗਤ ਸਿੰਘ ਲੀਲਾਂ, ਬਲਵਿੰਦਰ ਸਿੰਘ, ਬਹਾਦਰ ਸਿੰਘ, ਹਿੰਮਤ ਸਿੰਘ ਨੇ ਸੰਬੋਧਨ ਕੀਤਾ।
ਅਖਾੜਾ ਮੰਡੀ ’ਚ ਦਸ ਦਿਨਾਂ ਤੋਂ ਨਾ ਲੱਗੀ ਬੋਲੀ ਤੇ ਨਾ ਪਹੁੰਚਿਆ ਬਾਰਦਾਨਾ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ ਨੱਕੋ-ਨੱਕ ਭਰ ਗਈ ਹੈ ਅਤੇ ਲਿਫਟਿੰਗ ਨਹੀਂ ਹੋ ਰਹੀ। ਦੂਜੇ ਪਾਸੇ ਪੇਂਡੂ ਖੇਤਰ ਦੀਆਂ ਮੰਡੀਆਂ ’ਚ ਵੀ ਹਾਲਾਤ ਚੰਗੇ ਨਹੀਂ। ਨੇੜਲੇ ਪਿੰਡ ਅਖਾੜਾ ਦੀ ਮੰਡੀ ’ਚ ਬੈਠੇ ਕਿਸਾਨਾਂ ਨੇ ਅੱਜ ਦਸ ਦਿਨ ਤੋਂ ਬੋਲੀ ਨਾ ਹੋਣ ਖ਼ਿਲਾਫ਼ ਰੋਸ ਪ੍ਰਗਟਾਇਆ। ਅਖਾੜਾ ਮੰਡੀ ’ਚ ਬੈਠੇ ਪ੍ਰੀਤਮ ਸਿੰਘ, ਹਰਚੰਦ ਬਲਵਿੰਦਰ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਬਿੱਟੂ, ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਡੀ ’ਚ ਬੈਠਿਆਂ ਅੱਜ ਗਿਆਰਵਾਂ ਦਿਨ ਹੈ। ਪੰਜਾਬ ਦੀਆਂ ਹੋਰਨਾਂ ਮੰਡੀਆਂ ਵਾਂਗ ਅਖਾੜਾ ’ਚ ਵੀ ਝੋਨੇ ਦੀ ਬੋਲੀ ਨਾ ਲੱਗਣ ਕਰਕੇ ਕਿਸਾਨ ਤੇ ਮਜ਼ਦੂਰ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦਾ ਚੌਲ ਚੁੱਕਣ ਤੋਂ ਲੈ ਕੇ ਹੁਣ ਖਰੀਦ ਤੇ ਲਿਫਟਿੰਗ ਲਈ ਢੁੱਕਵੀਂ ਥਾਂ ਦਾ ਪ੍ਰਬੰਧ ਕਰਨ ’ਚ ਸਰਕਾਰ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਮੁਲਾਜ਼ਮ ਮੰਡੀ ’ਚ ਆਉਂਦੇ ਜ਼ਰੂਰ ਹਨ ਪਰ ਭਲਵਾਨੀ ਗੇੜਾ ਦੇ ਕੇ ਹੀ ਮੁੜ ਜਾਂਦੇ ਹਨ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਗਿਆਰਾਂ ਦਿਨ ਤੋਂ ਖਰੀਦ ਤਾਂ ਕੀ ਹੋਣੀ ਸੀ ਹਾਲੇ ਤਕ ਮੰਡੀ ’ਚ ਬਰਦਾਨਾ ਵੀ ਨਹੀਂ ਪਹੁੰਚਿਆ ਹੈ। ਇਕ ਹੋਰ ਕਿਸਾਨ ਨੇ ਦੱਸਿਆ ਕਿ ਉਸ ਨੇ ਗਿਆਰਾਂ ਅਕਤੂਬਰ ਨੂੰ ਮੰਡੀ ’ਚ ਝੋਨਾ ਸੁੱਟਿਆ ਸੀ। ਬੋਲੀ ਨਾ ਲੱਗਣ ਕਰਕੇ ਝੋਨੇ ਦੀ ਰਾਖੀ ਕਰਨੀ ਪੈ ਰਹੀ ਹੈ। ਘਰ ਦੇ ਦੋ ਮੈਂਬਰ ਇਸੇ ਕੰਮ ’ਤੇ ਲੱਗੇ ਹੋਏ ਹਨ। ਖਰੀਦ ਨਾ ਹੋਣ ਕਾਰਨ ਆਲੂ ਬੀਜਣ ਦਾ ਸਮਾਂ ਵੀ ਪੱਛੜ ਰਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਜਗਰਾਉਂ-ਰਾਏਕੋਟ ਮੁੱਖ ਮਾਰਗ ’ਤੇ ਧਰਨਾ ਲਾਇਆ ਜਾਵੇਗਾ।