ਸਰਕਾਰ ਨੇ 15 ਨਾਇਬ ਤਹਿਸੀਲਦਾਰ ਮੁੜ ਮੂਲ ਕੇਡਰ ਵਿੱਚ ਭੇਜੇ
ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਫਰਵਰੀ
ਸਰਕਾਰ ਨੇ 15 ਨਾਇਬ ਤਹਿਸੀਲਦਾਰਾਂ ਨੂੰ ਪੁਰਾਣੇ ਮੂਲ ਕਾਡਰ ਵਿਚ ਭੇਜ ਦਿੱਤਾ ਹੈ। ਇਨ੍ਹਾਂ ਨਾਇਬ ਤਹਿਸੀਲਦਾਰਾਂ ਵੱਲੋਂ ਆਪਣੇ ਵਾਹਨਾਂ ’ਤੇ ਲਗਾਈਆਂ ਹੋਈਆਂ ‘ਕਾਰਜਕਾਰੀ ਮੈਜਿਸਟਰੇਟ’ ਲਿਖੀਆਂ ਪਲੇਟਾਂ ਵੀ ਉਤਾਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਜਾਰੀ ਹੁਕਮ ਵਿੱਚ ਆਖਿਆ ਗਿਆ ਹੈ ਕਿ ਇਨ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਕਰੀਬ ਦੋ ਸਾਲ ਪਹਿਲਾਂ ਸਿੱਧੀ ਭਰਤੀ ਖ਼ਿਲਾਫ਼ ਆਰਜ਼ੀ ਤੌਰ ’ਤੇ ਪਦਉੱਨਤ ਕੀਤਾ ਗਿਆ ਸੀ। ਹੁਣ ਸਰਕਾਰ ਕੋਲ ਸਿੱਧੀ ਭਰਤੀ ਦੇ ਉਮੀਦਵਾਰ ਆ ਗਏ ਹਨ। ਪੰਜਾਬ ਸਰਕਾਰ ਮਾਲ ਅਤੇ ਪੁਨਰਵਾਸ ਵਿਭਾਗ ਮਾਲ ਅਮਲਾ-3 ਸ਼ਾਖਾ ਵੱਲੋਂ ਜਾਰੀ ਪੱਤਰ ਮੁਤਾਬਕ 15 ਨਾਇਬ ਤਹਿਸੀਲਦਾਰਾਂ ਨੂੰ ਉਨ੍ਹਾਂ ਦੇ ਮੂਲ ਕੇਡਰ ਵਿੱਚ ਰਿਵਰਟ ਕਰ ਦਿੱਤਾ ਗਿਆ ਹੈ। ਪੱਤਰ ਮੁਤਾਬਕ ਇਨ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਮਿਲਣਯੋਗ ਪੇਅ ਸਕੇਲ ਵੀ ਰਿਵਰਟ ਕੀਤਾ ਗਿਆ ਹੈ। ਜਿਨ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਮੂਲ ਕੇਡਰ ਵਿੱਚ ਮੁੜ ਕਾਨੂੰਗੋ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਜਸਦੇਵ ਸਿੰਘ, ਸੁਖਦੇਵ ਸਿੰਘ, ਕੁਲਦੀਪ ਕੌਰ, ਬਲਕਾਰ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਵਿੰਦਰਜੀਤ ਸਿੰਘ, ਗੁਰਚਰਨ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਕੌਰ, ਭੁਪਿੰਦਰ ਸਿੰਘ ਅਤੇ ਜਸਪਾਲ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਅਮਰਿੰਦਰ ਸਿੰਘ, ਭੋਲਾ ਰਾਮ ਅਤੇ ਹਰਮੀਤ ਸਿੰਘ ਗਿੱਲ ਨੂੰ ਉਨ੍ਹਾਂ ਦੇ ਮੂਲ ਕੇਡਰ ਵਿੱਚ ਮੁੜ ਸੀਨੀਅਰ ਸਹਾਇਕ ਬਣਾ ਦਿੱਤਾ ਗਿਆ ਹੈ। ਇਨ੍ਹਾਂ ਦੀ ਪਦਉੱਨਤੀ ਆਰਜ਼ੀ ਤੌਰ ’ਤੇ ਇਸ ਸ਼ਰਤ ’ਤੇ ਕੀਤੀ ਗਈ ਸੀ ਕਿ ਜਦੋਂ ਵੀ ਸਿੱਧੀ ਭਰਤੀ ਦੇ ਉਮੀਦਵਾਰ ਆ ਜਾਣਗੇ ਤਾਂ ਆਰਜ਼ੀ ਤੌਰ ’ਤੇ ਪਦਉੱਨਤ ਕੀਤੇ ਗਏ ਇਨ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਬਿਨਾਂ ਨੋਟਿਸ ਦਿੱਤੇ ਉਨ੍ਹਾਂ ਦੇ ਮੂਲ ਕੇਡਰ ਵਿੱਚ ਭੇਜ ਦਿੱਤਾ ਜਾਵੇਗਾ।