For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਸਰਕਾਰ ਵੱਲੋਂ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਹਰੀ ਝੰਡੀ

06:31 AM Jan 11, 2024 IST
ਮਨੀਪੁਰ ਸਰਕਾਰ ਵੱਲੋਂ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਹਰੀ ਝੰਡੀ
Advertisement

* ਬੀਰੇਨ ਸਰਕਾਰ ਦੀ ਪੇਸ਼ਕਸ਼ ਬਾਰੇ ਕਾਂਗਰਸ ਜਲਦੀ ਲਏਗੀ ਫੈਸਲਾ

Advertisement

ਇੰਫਾਲ/ਨਵੀਂ ਦਿੱਲੀ, 10 ਜਨਵਰੀ
ਮਨੀਪੁਰ ਸਰਕਾਰ ਨੇ ਕਾਂਗਰਸ ਦੀ 14 ਜਨਵਰੀ ਲਈ ਤਜਵੀਜ਼ਤ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਵੈਨਿਊ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੀਰੇਨ ਸਰਕਾਰ ਨੇ ਪ੍ਰਵਾਨਗੀ ਦੇਣ ਮੌਕੇ ‘ਪ੍ਰੋਗਰਾਮ ਵਿੱਚ ਸੀਮਤ ਲੋਕਾਂ ਦੀ ਸ਼ਮੂਲੀਅਤ’ ਸਬੰਧੀ ਸ਼ਰਤ ਰੱਖੀ ਹੈ। ਕਾਂਗਰਸ ਨੇ ਹਪਤਾ ਕਾਂਗਜੀਬੁੰਗ ਮੈਦਾਨ ਵਿੱਚ ਯਾਤਰਾ ਸਬੰਧੀ ਪ੍ਰੋਗਰਾਮ ਕਰਨ ਲਈ ਅੱਠ ਦਿਨ ਪਹਿਲਾਂ ਸੂਬਾ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮੰਗੀ ਸੀ। ਕਾਂਗਰਸ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੀ ਇਸ ਪੇਸ਼ਕਸ਼ ਜਾਂ ਕਿਸੇ ਨਵੇਂ ਵੈਨਿਊ ਬਾਰੇ ਜਲਦੀ ਹੀ ਫੈਸਲਾ ਲਏਗੀ।
ਇੰਫਾਲ ਪੂਰਬੀ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਨੇ ਹੁਕਮਾਂ ਵਿੱਚ ਕਿਹਾ, ‘‘ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ 14 ਜਨਵਰੀ ਨੂੰ ਸੀਮਤ ਲੋਕਾਂ ਦੀ ਸ਼ਮੂਲੀਅਤ ਨਾਲ ਯਾਤਰਾ ਨੂੰ ਸਿਰਫ਼ ਹਰੀ ਝੰਡੀ ਦਿਖਾਉਣ ਦੀ ਖੁੱਲ੍ਹ ਰਹੇਗੀ। ਪ੍ਰੋਗਰਾਮ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਤੇ ਨਾਂ ਅਗਾਊਂ ਇਸ ਦਫ਼ਤਰ ਨੂੰ ਦਿੱਤੇ ਜਾਣ ਤਾਂ ਕਿ ਸਾਰੇ ਜ਼ਰੂਰੀ ਇਹਤਿਆਤੀ ਪ੍ਰਬੰਧ ਕੀਤੇ ਜਾ ਸਕਣ।’’ ਹੁਕਮਾਂ ਵਿੱਚ ਕਿਹਾ ਗਿਆ ਕਿ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਨੇ ਦੱਸਿਆ ਹੈ ਕਿ ਸਬੰਧਤ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਤੇ ਮਨੀਪੁਰ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹੀ ਨਹੀਂਂ ਇਸੇ ਦਿਨ ਹਥਿਆਰਬੰਦ ਬਲਾਂ ਦੀ ਯਾਦ ਵਿੱਚ ਇਕ ਸਰਕਾਰੀ ਸਮਾਗਮ ਵੀ ਹੈ।
ਉਧਰ ਕਾਂਗਰਸ ਨੇ ਮਨੀਪੁਰ ਸਰਕਾਰ ਦੇ ਉਪਰੋਕਤ ਫੈਸਲੇ ਨੂੰ ਲੈ ਕੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਯਾਤਰਾ ਨੂੰ ਹਰੀ ਝੰਡੀ ਦੇਣ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਮੌਜੂਦ ਰਹਿਣਗੇ। ਇਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, ‘‘ਅਸੀਂ ਹੁਕਮ ਦੇਖੇ ਹਨ। ਇਸ ਬਾਰੇ ਆਖਰੀ ਫੈਸਲਾ ਪਾਰਟੀ ਦੇ ਸੀਨੀਅਰ ਆਗੂ ਲੈਣਗੇ। ਹੁਕਮਾਂ ਵਿੱਚ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਸ ਦਾ ਯਾਤਰਾ ਦੇ ਅਸਲ ਮੰਤਵ ’ਤੇ ਅਸਰ ਪੈ ਸਕਦਾ ਹੈ।’’ ਆਗੂ ਨੇ ਕਿਹਾ, ‘‘ਸਾਡੇ ਕੋਲ ਚਾਰ ਦਿਨ ਦਾ ਸਮਾਂ ਬਚਿਆ ਹੈ ਤੇ ਵੈਨਿਊ ’ਤੇ ਸਾਰੇ ਪ੍ਰਬੰਧ ਅਜੇ ਕਰਨੇ ਹਨ। ਅਸੀਂ ਮਨੀਪੁਰ ਸਰਕਾਰ ਦੀਆਂ ਸ਼ਰਤਾਂ ਨੂੰ ਮੰਨਣਾ ਹੈ ਜਾਂ ਫਿਰ ਕੋਈ ਹੋਰ ਥਾਂ ਦੀ ਚੋਣ ਕਰਨੀ ਹੈ, ਇਸ ਬਾਰੇ ਜਲਦੀ ਫੈਸਲਾ ਲਵਾਂਗੇ।’’ ਇਸ ਤੋਂ ਪਹਿਲਾਂ ਅੱਜ ਦਿਨੇਂ ਕਾਂਗਰਸ ਦੇ ਵਫ਼ਦ ਨੇ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨਾਲ ਸਕੱਤਰੇਤ ਵਿੱਚ ਮੁਲਾਕਾਤ ਕੀਤੀ ਸੀ। ਯਾਤਰਾ, ਜੋ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। -ਪੀਟੀਆਈ

Advertisement

ਭਾਜਪਾ ਯਾਤਰਾ ’ਚ ਅੜਿੱਕੇ ਡਾਹ ਰਹੀ ਹੈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਭਾਜਪਾ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਰਾਹ ’ਚ ਅੜਿੱਕੇ ਡਾਹ ਰਹੀ ਹੈ ਕਿਉਂਕਿ ਉਹ ਇਸ ਤੋਂ ਡਰਦੀ ਹੈ। ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਮਨੀਪੁਰ ਤੋਂ ਨਿਰਧਾਰਿਤ ਤਰੀਕ ’ਤੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਤੇ ਕੇ.ਸੀ.ਵੇਣੂਗੋਪਾਲ ਨੇ ਮਨੀਪੁਰ ਤੋਂ ਮਹਾਰਾਸ਼ਟਰ ਯਾਤਰਾ ਲਈ ਪੈਂਫਲੈਟ ਜਾਰੀ ਕਰਨ ਦੇ ਨਾਲ ਇਕ ਵੈੱਬਸਾਈਟ ਵੀ ਲਾਂਚ ਕੀਤੀ। ਪਾਰਟੀ ਹੈੱਡਕੁਆਰਟਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਦਾਅਵਾ ਕੀਤਾ ਕਿ ਮਨੀਪੁਰ ਸਰਕਾਰ ਨੇ ਪਾਰਟੀ ਨੂੰ ਇੰਫਾਲ ਦੇ ਪੈਲੇਸ ਮੈਦਾਨ ਤੋਂ ਯਾਤਰਾ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਰਟੀ ਨੇ ਮਨੀਪੁਰ ਸਰਕਾਰ ਦੇ ਫੈਸਲੇ ਨੂੰ ‘ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ’ ਕਰਾਰ ਦਿੱਤਾ। ਵੇਣੂਗੋਪਾਲ ਨੇ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਯਾਤਰਾ ਦਾ ਆਗਾਜ਼ ਮਨੀਪੁਰ ਤੋਂ ਹੀ ਕੀਤੇ ਜਾਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਦਲਵੇਂ ਵੈਨਿਊਜ਼ ਦੀ ਤਲਾਸ਼ ਲਈ ਪਾਰਟੀ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੌਬੀ ਸਿੰਘ ਤੇ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੇ.ਮੇਘਾਚੰਦਰ ਸਿੰਘ ਦੇ ਸੰਪਰਕ ਵਿਚ ਹੈ। -ਪੀਟੀਆਈ

Advertisement
Author Image

joginder kumar

View all posts

Advertisement