ਸਰਕਾਰ ਨੇ ਗ਼ੈਰ-ਬਾਸਮਤੀ ਚੌਲਾਂ ਦੀ ਬਰਾਮਦ ਤੋਂ ਪਾਬੰਦੀ ਹਟਾਈ
ਨਵੀਂ ਦਿੱਲੀ, 28 ਸਤੰਬਰ
ਸਰਕਾਰ ਨੇ ਗ਼ੈਰ-ਬਾਸਮਤੀ ਸਫ਼ੈਦ ਚੌਲਾਂ ਦੀ ਬਰਾਮਦ ’ਤੇ ਲੱਗੀ ਪਾਬੰਦੀ ਹਟਾਉਂਦਿਆਂ ਇਸ ਦੀ ਕੀਮਤ 490 ਡਾਲਰ ਪ੍ਰਤੀ ਟਨ ਨਿਰਧਾਰਿਤ ਕੀਤੀ ਹੈ। ਸਰਕਾਰ ਨੇ ਗੈਰ-ਬਾਸਮਤੀ ਚੌਲਾਂ ’ਤੇ ਲੱਗਦੀ ਬਰਾਮਦ ਡਿਊਟੀ ਵੀ ਖ਼ਤਮ ਕਰ ਦਿੱਤੀ ਹੈ। ਘਰੇਲੂ ਸਪਲਾਈ ਨੂੰ ਹੁਲਾਰਾ ਦੇਣ ਲਈ ਗੈਰ-ਬਾਸਮਤੀ ਸਫ਼ੈਦ ਚੌਲਾਂ ਦੀ ਬਰਾਮਦ 20 ਜੁਲਾਈ 2023 ਤੋਂ ਬੰਦ ਹੈ। ਵਿਦੇਸ਼ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਨੇ ਨੋਟੀਫਿਕੇਸ਼ਨ ਵਿਚ ਕਿਹਾ, ‘ਗੈਰ-ਬਾਸਮਤੀ ਸਫ਼ੈਦ ਚੌਲਾਂ (ਸੈਮੀ-ਮਿਲਡ ਜਾਂ ਪੂਰੀ ਤਰ੍ਹਾਂ ਮਿਲਡ ਚੌਲ, ਪੋਲਿਸ਼ ਜਾਂ ਗ਼ੈਰ-ਪੋਲਿਸ਼ ਜਾਂ ਗੇਜ਼ਡ) ਦੀ ਬਰਾਮਦ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ ਤੇ ਅਜਿਹੇ ਚੌਲਾਂ ਦੀ ਘੱਟੋ-ਘੱਟ ਬਰਾਮਦ ਕੀਮਤ 490 ਡਾਲਰ ਪ੍ਰਤੀ ਟਨ ਨਿਰਧਾਰਿਤ ਕੀਤੀ ਗਈ, ਜੋ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ ਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।’ ਸਰਕਾਰ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ, ਜਦੋਂ ਸਰਕਾਰ ਕੋਲ ਗੋਦਾਮਾਂ ਵਿਚ ਚੌਲਾਂ ਦੇ ਵੱਡੇ ਭੰਡਾਰ ਮੌਜੂਦ ਹਨ ਤੇ ਪ੍ਰਚੂਨ ਕੀਮਤਾਂ ਕੰਟਰੋਲ ਹੇਠ ਹਨ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਅਧੀਨ ਆਉਂਦੇ ਮਾਲੀਆ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਛਿਲਕੇਦਾਰ (ਭੂਰੇ ਚੌਲਾਂ) ਤੇ ਛਿਲਕੇ ਦੇ ਰੂਪ ਵਿਚ ਚੌਲਾਂ ਉੱਤੇ ਲੱਗਦੀ ਬਰਾਮਦ ਡਿਊਟੀ ਘਟਾ ਦੇ 10 ਫੀਸਦ ਕਰ ਦਿੱਤੀ ਸੀ। -ਪੀਟੀਆਈ