For the best experience, open
https://m.punjabitribuneonline.com
on your mobile browser.
Advertisement

ਸਰਵਪੱਖੀ ਵਿਕਾਸ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ ਸਰਕਾਰ: ਬਲਕਾਰ ਸਿੰਘ

11:33 AM Dec 31, 2023 IST
ਸਰਵਪੱਖੀ ਵਿਕਾਸ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ ਸਰਕਾਰ  ਬਲਕਾਰ ਸਿੰਘ
ਕਰਤਾਰਪੁਰ ਵਿੱਚ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਬਲਕਾਰ ਸਿੰਘ।
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 30 ਦਸੰਬਰ
ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਸਰਵਪੱਖੀ ਵਿਕਾਸ ਦੇ ਏਜੰਡੇ ’ਤੇ ਕੰਮ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਕਰਤਾਰਪੁਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ ’ਤੇ ਕੂੜਾ ਚੁੱਕਣ ਲਈ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਨੇੜੇ ਸਵਾ 2 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਹੀ ਸੜਕ ਦੀ ਉਸਾਰੀ ਕਰਵਾਈ ਜਾਵੇਗੀ। ਇਸ ਦੇ ਟੈਂਡਰ ਕੁਝ ਦਿਨਾਂ ਵਿੱਚ ਹੋ ਜਾਣਗੇ ਤੇ ਸੜਕ ਦੇ ਨਾਲ-ਨਾਲ ਲਾਈਟਿੰਗ ਅਤੇ ਫੁੱਟਪਾਥ ਦੀ ਉਸਾਰੀ ਵੀ ਕਰਵਾਈ ਜਾਵੇਗੀ।
ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਸ਼ਹਿਰ ਦਾ ਇਤਿਹਾਸ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਹੋਣ ਕਰ ਕੇ ਇੱਥੇ ਗੁਰੂ ਸਾਹਿਬ ਦੇ ਨਾਂ ’ਤੇ ਯਾਦਗਾਰੀ ਗੇਟ ਵੀ ਬਣਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕੌਂਸਲਰ ਕੋਮਲ ਅਗਰਵਾਲ ਪੂਰੇ ਪਰਿਵਾਰ ਸਣੇ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀਆਂ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਸੌਰਵ ਗੁਪਤਾ, ਅਨਿਲ ਸਿੰਗਲਾ ਆਦਿ ਨੇ ਵੀ ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
ਇਸ ਦੌਰਾਨ ਮੰਤਰੀ ਨੇ ਕਰਤਾਰਪੁਰ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੌਕੇ ’ਤੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਢੁੱਕਵਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।

Advertisement

ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ

ਜਲੰਧਰ (ਪੱਤਰ ਪ੍ਰੇਰਕ): ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਨੌਜਵਾਨਾਂ ਖ਼ਾਸ ਕਰ ਕੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਅਤੇ ਦੇਸ਼ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇੱਥੇ ਏਪੀਜੇ ਸਕੂਲ ਵਿਚ ਵਿਦਿਆਰਥੀਆਂ ਦੇ ਇਨਾਮ ਵੰਡ ਸਮਾਗਮ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਦੇਸ਼ ਅਤੇ ਸੂਬੇ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਆਉਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਨੂੰ ਸਖ਼ਤ ਮਿਹਨਤ, ਲਗਨ, ਨਵੇਂ ਵਿਚਾਰਾਂ ਅਤੇ ਖੋਜਾਂ ਰਾਹੀਂ ਖੁਸ਼ਹਾਲ ਤੇ ਵਿਕਸਤ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਨੂੰ ਸਮਾਜ ਲਈ ਚਾਨਣ ਮੁਨਾਰਾ ਬਣਦਿਆਂ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ, ਬੇਰੁਜ਼ਗਾਰੀ ਅਤੇ ਹੋਰਨਾਂ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵਲੋਂ ਲਏ ਜਾਂਦੇ ਇਮਤਿਹਾਨਾਂ ਦੇ ਯੋਗ ਬਣਾਉਣ ਲਈ ਜਲਦ ਸੂਬੇ ਵਿੱਚ ਸਿਖਲਾਈ ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਕ੍ਰਾਂਤੀ ਲਿਆਂਦੀ ਗਈ ਹੈ।

Advertisement

Advertisement
Author Image

Advertisement