ਸਿੱਖ ਸੰਸਥਾਵਾਂ ਦਾ ਪ੍ਰਬੰਧ ਸੀਮਤ ਕਰਨ ਲਈ ਯਤਨਸ਼ੀਲ ਹੈ ਸਰਕਾਰ: ਧਾਮੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਨਵੰਬਰ
ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 104 ਸਾਲਾ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਉਭਾਰਨ ਲਈ ਅਤੇ ਸ਼੍ਰੋਮਣੀ ਕਮੇਟੀ ਸੂਬੇ ਅੰਦਰ ਰਾਜ ਵਾਂਗ ਹੋਣ ਕਰਕੇ ਸਰਕਾਰਾਂ ਨੂੰ ਹਮੇਸ਼ਾ ਰੜਕਦੀ ਰਹੀ ਹੈ। ਇਸ ਸਬੰਧ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਿੱਖ ਸੰਸਥਾ ਨੇ ਸਦੀ ਤੋਂ ਵੱਧ ਦੇ ਆਪਣੇ ਸ਼ਾਨਾਮੱਤੇ ਸਫ਼ਰ ਦੌਰਾਨ ਜਿੱਥੇ ਗੁਰਦੁਆਰਾ ਪ੍ਰਬੰਧਾਂ ਨੂੰ ਪੰਥਕ ਭਾਵਨਾ ਅਨੁਸਾਰ ਚਲਾਇਆ ਹੈ, ਉਥੇ ਹੀ ਸਿੱਖੀ ਪ੍ਰਚਾਰ ਅਤੇ ਸਿੱਖ ਸਰੋਕਾਰਾਂ ਦੀ ਪਹਿਰੇਦਾਰੀ ਲਈ ਵੀ ਹਮੇਸ਼ਾ ਮੋਹਰੀ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਉਭਾਰਨ ਲਈ ਸ਼੍ਰੋਮਣੀ ਕਮੇਟੀ ਨੇ ਸਰਗਰਮ ਰਹਿੰਦਿਆਂ ਸਦਾ ਸੱਚ ਦੀ ਆਵਾਜ਼ ਬੁਲੰਦ ਕੀਤੀ ਹੈ ਪਰ ਸਰਕਾਰਾਂ ਵੱਲੋਂ ਇਸ ਖੇਤਰ ਨੂੰ ਲਗਾਤਾਰ ਸੀਮਤ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅਸਿੱਧੇ ਤੌਰ ’ਤੇ ਸਰਕਾਰਾਂ ਵੱਲੋਂ ਆਪਣੇ ਹੱਥਾਂ ਵਿਚ ਲੈਣ ਤੋਂ ਬਾਅਦ ਹੁਣ ਉਨ੍ਹਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਤੇ ਕਬਜ਼ਾ ਕਰਨ ਦੀ ਹੈ। ਉਨ੍ਹਾਂ ਪੰਥ ਵਿਰੋਧੀ ਤਾਕਤਾਂ ਦੇ ਟਾਕਰੇ ਲਈ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਣ ਦੀ ਅਪੀਲ ਕੀਤੀ।