ਆਂਗਣਵਾੜੀ ਵਰਕਰਾਂ ਨੂੰ ਬਿਨਾਂ ਵਜ੍ਹਾ ਡਰਾ ਧਮਕਾ ਰਹੀ ਹੈ ਸਰਕਾਰ: ਹਰਗੋਬਿੰਦ ਕੌਰ
ਮਨੋਜ ਸ਼ਰਮਾ
ਬਠਿੰਡਾ, 3 ਅਗਸਤ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਬਿਨਾਂ ਵਜ੍ਹਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਡਰਾ ਧਮਕਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਭੇਜਿਆ ਜਾ ਰਿਹਾ ਰਾਸ਼ਨ ਮਾੜਾ ਤੇ ਗੈਰਮਿਆਰੀ ਹੈ। ਉਨ੍ਹਾਂ ਕਿਹਾ ਕਿ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਕਿਉਂਥਿ ਜਿਸ ਸੀਡੀਪੀਓ ਬਿਕਰਮਜੀਤ ਸਿੰਘ ਨੇ ਰਾਸ਼ਨ ਬਾਰੇ ਸੱਚ ਬੋਲਿਆ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਾਸ਼ਨ ਵਿੱਚ ਦੇਸੀ ਘਿਓ ਦੀ ਥਾਂ ਰਿਫਾਇਡ ਦਿੱਤਾ ਜਾ ਰਿਹਾ ਹੈ। 20 ਫੀਸਦੀ ਦੇ ਕਰੀਬ ਕੇਂਦਰਾਂ ਵਿੱਚ ਰਾਸ਼ਨ ਉੱਲੀ ਲੱਗੀ ਵਾਲਾ ਆ ਰਿਹਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਰਾਸ਼ਨ ਸਪਲਾਈ ਕਰਨ ਵਾਲੀ ਕੰਪਨੀ ਨੂੰ ਤਾਂ ਕੁਝ ਕਿਹਾ ਨਹੀਂ ਜਾ ਰਿਹਾ ਤੇ ਉਲਟਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ ਅਤੇ ਜਿਹੜੀ ਪ੍ਰਾਈਵੇਟ ਕੰਪਨੀ ਹੁਣ ਰਾਸ਼ਨ ਭੇਜ ਰਹੀ ਹੈ ਉਸ ਤੇ ਐਫਆਈਆਰ ਦਰਜ ਕੀਤੀ ਜਾਵੇ ਅਤੇ ਵਰਕਰਾਂ ਨੂੰ ਡਰਾਉਣਾ ਬੰਦ ਕੀਤਾ ਜਾਵੇ।