ਖੇਡ ਸੱਭਿਆਚਾਰ ਉਤਸ਼ਾਹਿਤ ਕਰ ਰਹੀ ਹੈ ਸਰਕਾਰ: ਅਰੋੜਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਸਤੰਬਰ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਵਿੱਚ ਸਥਿਤ ਸਰਕਾਰੀ ਸ਼ਹੀਦ ਊਧਮ ਸਿੰਘ ਕਾਲਜ ’ਚ ਨਵੇਂ ਬਣਨ ਵਾਲੇ 400 ਮੀਟਰ ਲੰਬੇ ਟਰੈਕ ਦਾ ਨੀਹ ਪੱਥਰ ਰੱਖਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਜੋਸ਼ੋ ਖਰੋਸ਼ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਲ ਨਾਲ ਸਰਕਾਰੀ ਕਾਲਜਾਂ ਦੇ ਖਿਡਾਰੀਆਂ ਨੂੰ ਤਰਾਸ਼ਣ ਲਈ ਵੀ ਪੰਜਾਬ ਸਰਕਾਰ ਉਚੇਚੇ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ 400 ਮੀਟਰ ਲੰਬੇ ਸਿੰਡਰ ਟਰੈਕ ਦਾ ਨੀਹ ਪੱਥਰ ਰੱਖਿਆ ਗਿਆ ਹੈ ਜਿਸ ਨੂੰ ਤਿਆਰ ਕਰਨ ਵਿੱਚ ਲਗਭਗ 68 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਟਰੈਕ ਵਿੱਚ ਇੱਕ ਫੁਟਬਾਲ ਗਰਾਊਂਡ ਵੀ ਬਣਾਇਆ ਜਾਵੇਗਾ ਜਿੱਥੋਂ ਖਿਡਾਰੀਆਂ ਨੂੰ ਫੁਟਬਾਲ ਦੀ ਖੇਡ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਦਾ ਸੁਨਹਿਰਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਲਜ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੀ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ ਅਤੇ ਇਹ ਸਿੰਡਰ ਟਰੈਕ ਵੀ ਇਸ ਦਿਸ਼ਾ ਵਿੱਚ ਇੱਕ ਅਹਿਮ ਉਪਰਾਲਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਪ੍ਰਿੰਸੀਪਲ, ਮਨਪ੍ਰੀਤ ਬਾਂਸਲ, ਪੰਕਜ ਡੋਗਰਾ ਪ੍ਰਧਾਨ ਓਲਡ ਸਟੂਡੈਂਟ ਐਸੋਸੀਏਸ਼ਨ, ਆਸ਼ਾ ਬਜਾਜ, ਸਾਹਿਬ ਸਿੰਘ ਬਲਾਕ ਪ੍ਰਧਾਨ, ਨਰੇਸ਼ ਸ਼ਰਮਾ, ਅਮਰੀਕ ਸਿੰਘ ਧਾਲੀਵਾਲ, ਵਿਸ਼ਾਲ ਕੌਸ਼ਲ, ਮਨੀ ਸਰਾਉ ਵੀ ਹਾਜ਼ਰ ਸਨ।