ਨਸ਼ਿਆਂ ਤੇ ਗੈਂਗਸਟਰਾਂ ਦੇ ਖਾਤਮੇ ਲਈ ਸਰਕਾਰ ਗੰਭੀਰ ਨਹੀਂ: ਰੰਧਾਵਾ
ਐਨਪੀ. ਧਵਨ
ਪਠਾਨਕੋਟ, 27 ਅਕਤੂਬਰ
ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਕਿ ਨਸ਼ਿਆਂ ਤੇ ਗੈਂਗਸਟਰਵਾਦ ਦੇ ਖਾਤਮੇ ਲਈ ਸੂਬਾ ਸਰਕਾਰ ਗੰਭੀਰ ਨਹੀਂ ਹੈ ਅਤੇ ਆਖਿਆ ਕਿ ਸਾਫ਼ ਸੁਥਰੀ ਗਾਇਕੀ ਵਾਲੇ ਗਾਇਕ ਕੰਵਰ ਗਰੇਵਾਲ ਜਿਹੇ ਫਨਕਾਰ ਨੌਜਵਾਨ ਪੀੜੀ ਨੂੰ ਬਚਾ ਸਕਦੇ ਹਨ। ਸਾਬਕਾ ਉਪ ਮੁੁੱਖ ਮੰਤਰੀ ਨੇ ਇਹ ਦਾਅਵਾ ਅੱਜ ਹਲਕਾ ਭੋਆ ਵਿੱਚ ਪੰਜ ਪੀਰ ਦੀ ਦਰਗਾਹ ’ਤੇਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਹੋਏ ਸਾਲਾਨਾ ਸਭਿਆਚਾਰਕ ਅਤੇ ਛਿੰਝ ਮੇਲੇ ’ਚ ਸ਼ਮੂਲੀਅਤ ਦੌਰਾਨ ਆਖੀ। ਮੇਲੇ ਵਿੱਚ ਗਾਇਕ ਕੰਵਰ ਗਰੇਵਾਲ ਤੇ ਗਾਇਕਾ ਗੁਲਰੇਜ਼ ਅਖਤਰ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ।
ਇਸ ਤੋਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਗ੍ਰਹਿ ਮੰਤਰਾਲੇ ਕਮੇਟੀ ਦੇ ਮੈਂਬਰ ਬਣੇ ਹਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਤੇ ਪੁਲੀਸ ਦੇ ਉੱਚ-ਅਧਿਕਾਰੀਆਂ ਨੇ ਕੇਂਦਰ ਤੋਂ ਕਿਸੇ ਵੀ ਤਰ੍ਹਾਂ ਦੇ ਅਤਿ-ਆਧੁਨਿਕ ਹਥਿਆਰਾਂ ਦੀ ਮੰਗ ਨਹੀਂ ਕੀਤੀ, ਜਿਨ੍ਹਾਂ ਰਾਹੀਂ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਤੇ ਗੈਂਗਸਟਰਵਾਦ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਆਏ ਦਿਨ ਸਰਹੱਦ ਪਾਰੋਂ ਤੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਜੇਕਰ ਪੰਜਾਬ ਸਰਕਾਰ ਇਨ੍ਹਾਂ ਹਥਿਆਰਾਂ ਦੀ ਮੰਗ ਕਰੇ ਤਾਂ ਪੰਜਾਬ ਦੇ ਬਾਰਡਰਾਂ ਤੇ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਹੋ ਸਕੇਗੀ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਕਈ ਤਰ੍ਹਾਂ ਦਾ ਸੁਧਾਰ ਹੋਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਲਈ ਪਾਕਿਸਤਾਨ ਅਤੇ ਗੈਂਗਸਟਰਾਂ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੰਸਦ ਮੈਂਬਰ ਨੇ ਆਖਿਆ ਕਿ ਉਹ ਜਲਦੀ ਹੀ ਪਠਾਨਕੋਟ ਦੇ ਹਲਕਾ ਭੋਆ ਦੇ ਵਿਕਾਸ ਕਾਰਜਾਂ ਲਈ 40 ਲੱਖ ਰੁਪਏ ਦਾ ਫੰਡ ਜਾਰੀ ਕਰਵਾਉਣਗੇ। ਦੂਸਰੇ ਪਾਸੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲਿਆਂ ਨਾਲ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਨਾ ਮਿਲਦੀ ਹੈ ਅਤੇ ਉਨ੍ਹਾਂ ਵੱਲੋਂ ਹਰੇਕ ਸਾਲ ਇਹ ਸਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ। ਉਨ੍ਹਾਂ ਮੁਤਾਬਕ ਭਲਕੇ ਸੋਮਵਾਰ ਨੂੰ ਛਿੰਝ ਮੇਲਾ ਕਰਵਾਇਆ ਜਾਵੇਗਾ।