ਸੂਬੇ ’ਚ ਸ਼ਾਂਤੀ ਤੇ ਏਕਤਾ ਕਾਇਮ ਰੱਖਣ ਲਈ ਸਰਕਾਰ ਵਚਨਬੱਧ: ਮਾਨ
ਹਰਜੀਤ ਸਿੰਘ
ਡੇਰਾਬਸੀ, 21 ਨਵੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਮਹਾਨ ਗੁਰੂਆਂ, ਸੰਤਾਂ-ਮਹਾਂਪੁਰਸ਼ਾਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ।
ਅੱਜ ਇੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿੱਚ ਜੈਨ ਭਗਵਤੀ ਦੀਕਸ਼ਾ ਮਹਾਉਤਸਵ ਦੇ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਸਾਰੇ ਵਸਨੀਕਾਂ ਦੇ ਹਿੱਤਾਂ ਦੀ ਰਾਖੀ ਕਰਨ ਉਨ੍ਹਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਹ ਮਹਾਨ ਅਤੇ ਪਵਿੱਤਰ ਧਰਤੀ ਹੈ, ਜਿੱਥੇ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸਮਾਜ ਦੇ ਸਮੂਹ ਵਰਗਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਅਧਿਆਤਮਕ ਅਤੇ ਧਾਰਮਿਕ ਆਗੂਆਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੰਦਿਆਂ ਕਿਹਾ ਕਿ ‘ਆਪ’ ਸਰਕਾਰ ਸੂਬੇ ‘ਚ ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਧਰਤੀ ਦੀ ਸੇਵਾ ਕਰਨ ਲਈ ਲੋਕਾਂ ਵੱਲੋਂ ਵੱਡਾ ਫਤਵਾ ਦਿੱਤਾ ਗਿਆ ਹੈ ਅਤੇ ਇਸ ਨੇਕ ਕਾਰਜ ਲਈ ਉਨ੍ਹਾਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਧਰਮ ਸਾਨੂੰ ਸਾਦਾ ਜੀਵਨ, ਉੱਚੀ ਸੋਚ ਅਤੇ ਅਹਿੰਸਾ ਦੇ ਸਿਧਾਂਤ ਨੂੰ ਅਧਿਆਤਮਿਕਤਾ ਦੇ ਮਾਰਗ ਰਾਹੀਂ ਮੁਕਤੀ ਪ੍ਰਾਪਤ ਕਰਨ ਦਾ ਉਪਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਸਦੀਵੀ ਸੰਦੇਸ਼ ਵਿਸ਼ਵ-ਵਿਆਪੀ ਭਾਈਚਾਰਾ, ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਹੈ ਜੋ ਮੌਜੂਦਾ ਭੌਤਿਕਵਾਦੀ ਸਮਾਜ ਦੇ ਸੰਦਰਭ ਵਿੱਚ ਅੱਜ ਵੀ ਪ੍ਰਸੰਗਿਕ ਹੈ।
ਜੈਨ ਭਾਈਚਾਰੇ ਨਾਲ ਆਪਣੀ ਪੁਰਾਣੀ ਸਾਂਝ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਜੈਨ ਭਾਈਚਾਰੇ ਦੇ ਸੰਤਾਂ ਦੇ ਆਸ਼ੀਰਵਾਦ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਅਤਿ ਆਧੁਨਿਕ ਹਸਪਤਾਲ ਸਥਾਪਤ ਕਰਨ ਲਈ ਭਾਈਚਾਰੇ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਮੌਜੂਦ ਸਨ
ਸਰਕਾਰੀ ਹਸਪਤਾਲ ਡੇਰਾਬੱਸੀ ਨੂੰ ਐਂਬੂਲੈਂਸ ਭੇਟ
ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਐਂਬੂਲੈਂਸ ਦਾਨ ਕਰ ਕੇ ਡੇਰਾਬੱਸੀ ਦੀ ਲੋੜ ਪੂਰੀ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਂਬੂਲੈਂਸ ਦੀਆਂ ਚਾਬੀਆਂ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਐੱਸਐੱਮਓ ਧਰਮਿੰਦਰ ਸਿੰਘ ਨੂੰ ਸੌਂਪੀਆਂ। ਇਹ ਐਂਬੂਲੈਂਸ ਮੁਬਾਰਿਕਪੁਰ ਸਥਿਤ ਸੂਰਿਆ ਮਹਿਲ ਰਿਜ਼ੋਰਟ ਵਿੱਚ ਕਰਵਾਏ ਜੈਨ ਧਰਮ ਦੇ ਆਰੰਭਤਾ ਸਮਾਗਮ ਵਿੱਚ ਦਾਨ ਕੀਤੀ ਗਈ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਇਨਜ਼ ਕਲੱਬ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਐਂਬੂਲੈਂਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਆਖਿਆ ਕਿ ਲਾਇਨਜ਼ ਕਲੱਬ ਪਿਛਲੇ ਲੰਮੇ ਸਮੇਂ ਇਲਾਕੇ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਲਾਇਨਜ਼ ਕਲੱਬ ਦਾ ਐਂਬੂਲੈਂਸ ਦਾਨ ਕਰਨ ਲਈ ਧੰਨਵਾਦ ਕੀਤਾ। ਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਦੱਸਿਆ ਕਿ ਕਈ ਦਿਨਾਂ ਤੋਂ ਇਲਾਕਾ ਵਾਸੀਆਂ ਨੂੰ ਐਂਬੂਲੈਂਸ ਦੀ ਲੋੜ ਮਹਿਸੂਸ ਹੋ ਰਹੀ ਸੀ। ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਐਂਬੂਲੈਂਸ ਨਾ ਲਾਭ ਨਾ ਨੁਕਸਾਨ ਦੇ ਆਧਾਰ ’ਤੇ ਚਲਾਈ ਜਾਵੇਗੀ ਅਤੇ ਜੇਕਰ ਕਿਸੇ ਨੂੰ ਪੈਸੇ ਦੀ ਸਮੱਸਿਆ ਹੈ ਤਾਂ ਉਸ ਲਈ ਇਹ ਸੇਵਾ ਮੁਫ਼ਤ ਹੋਵੇਗੀ।