ਪੰਚਾਇਤੀ ਚੋਣਾਂ ਜਿੱਤਣ ਲਈ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ: ਮਲੂਕਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 8 ਅਕਤੂਬਰ
ਆਪ ਸਰਕਾਰ ਲੋਕਾਂ ਦੀ ਉਮੀਦਾਂ ’ਤੇ ਖਰਾ ਨਹੀਂ ਉੱਤਰ ਸਕੀ, ਜਿਸ ਕਰਕੇ ਉਸ ਨੂੰ ਪਿੰਡਾਂ ‘ਚ ਲੋਕਾਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਪੰਚਾਇਤੀ ਚੋਣਾਂ ਜਿੱਤਣ ਲਈ ਸੱਤਾਧਾਰੀ ਧਿਰ ਧੱਕੇਸ਼ਾਹੀ ਦਾ ਸਹਾਰਾ ਲੈ ਕੇ ਵਿਰੋਧੀਆਂ ਦੇ ਕਾਗਜ਼ ਰੱਦ ਕਰਕੇ ਜਾਂ ਉਨ੍ਹਾਂ ਨੂੰ ਡਰਾ ਧਮਕਾ ਕੇ ਪੰਚਾਇਤਾਂ ’ਤੇ ਕਬਜ਼ੇ ਕਰਨ ਦਾ ਯਤਨ ਕਰ ਰਹੀ ਹੈ। ਇਹ ਗੱਲਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਹੀਆਂ। ਸ੍ਰੀ ਮਲੂਕਾ ਨੇ ਆਪਣੇ ਵਰਕਰਾਂ ਨੂੰ ਹੌਂਸਲਾ ਦਿੰਦਿਆਂ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਰਕਰ ਕਿਸੇ ਕਿਸਮ ਦੀ ਚਿੰਤਾ ਨਾ ਕਰਨ ਤੇ ਉਹ ਵਰਕਰਾਂ ਨਾਲ ਚਟਾਨ ਵਾਂਗ ਖੜ੍ਹੇ ਹਨ। ਸ੍ਰੀ ਮਲੂਕਾ ਨੇ ਦੱਸਿਆ ਕਿ ਜਲਦੀ ਹੀ ਉਹ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚ ਵਰਕਰ ਮੀਟਿੰਗਾਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਸਾਬਕਾ ਚੇਅਰਮੈਨ ਗਗਨਦੀਪ ਗਰੇਵਾਲ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਕੇਸ਼ ਗੋਇਲ, ਕੌਂਸਲਰ ਜਗਮੋਹਨ ਗਰਗ, ਮਨਜੀਤ ਸਿੰਘ ਧੁੰਨਾ ਤੇ ਸੁਖਜਿੰਦਰ ਖਾਨਦਾਨ ਹਾਜ਼ਰ ਸਨ।