ਸਰਕਾਰ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਵਧਾਈ
ਨਵੀਂ ਦਿੱਲੀ, 28 ਅਗਸਤ
ਸਰਕਾਰ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਦੀ ਸੁਰੱਖਿਆ ਵਧਾ ਦਿੱਤੀ ਹੈ। ਸੰਘੀ ਖੁਫੀਆ ਏਜੰਸੀਆਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਤਾਜ਼ਾ ਖਤਰੇ ਦੀ ਖੁਫੀਆ ਜਾਣਕਾਰੀ ਦੇ ਮੱਦੇਨਜ਼ਰ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਆਰਐੱਸਐੱਸ ਮੁਖੀ ਨੂੰ ਸਿਖਰਲੀ ‘ਜ਼ੈੱਡ ਪਲੱਸ’ ਸ਼੍ਰੇਣੀ ਤਹਿਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਹਥਿਆਰਬੰਦ ਵੀਆਈਪੀ ਸੁਰੱਖਿਆ ਇਕਾਈ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘ਜ਼ੈੱਡ ਪਲੱਸ’ ਤਹਿਤ ਭਾਗਵਤ ਨੂੰ ਦੇਸ਼ ਭਰ ’ਚ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਸੂਤਰਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੇਂਦਰੀ ਖੁਫੀਆ ਏਜੰਸੀਆਂ ਨੂੰ ਪਤਾ ਲੱਗਾ ਕਿ ਭਾਗਵਤ ਲਈ ਐਡਵਾਂਸਡ ਸਕਿਓਰਿਟੀ ਲਾਇਜ਼ਨ (ਏਐਸਐਲ) ਨਾਮਕ ਪ੍ਰਕਿਰਿਆ ਨੂੰ ਇਕਸਾਰ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਇਸ ਨੂੰ ਭਾਗਵਤ ਲਈ ਇੱਕ ਨਿਯਮਤ ਅਤੇ ਲਾਜ਼ਮੀ ਤੌਰ ’ਤੇ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਏਐੱਸਐੱਲ ਤਹਿਤ ਸੀਆਈਐੱਸਐੱਫ ਦੇ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸਐੱਸਜੀ) ਦੀ ਟੀਮ ਸਥਾਨਕ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਉਨ੍ਹਾਂ ਥਾਵਾਂ ਦੀ ਜਾਂਚ ਕਰੇਗੀ ਜਿੱਥੇ ਆਰਐੱਸਐੱਸ ਮੁੱਖੀ ਦੌਰਾ ਕਰਨਗੇ। ਵੀਆਈਪੀ ਵਿਅਕਤੀਆਂ ਦੀ ਸੁਰੱਖਿਆ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਕਿਹਾ ਕਿ ਲਾਜ਼ਮੀ ਏਐੱਸਐੱਲ ਪ੍ਰਕਿਰਿਆ ਇਹ ਯਕੀਨੀ ਬਣਾਉਂਦੀ ਹੈ ਕਿ ਸਰੱਖਿਆ ’ਚ ਕੁਝ ਵੀ ਕਮੀ ਨਾ ਰਹੇ ਅਤੇ ਵੀਆਈਪੀ ਦੀ ਸੁਰੱਖਿਆ ਕਾਇਮ ਰਹੇ। ਸੀਆਈਐੱਸਐੱਫ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਆਰਐੱਸਐੱਸ ਹੈੱਡਕੁਆਰਟਰ ਅਤੇ ਦਿੱਲੀ ਵਿੱਚ ਕੇਸ਼ਵ ਕੁੰਜ ਨਾਮੀ ਇਸ ਦੇ ਦਫ਼ਤਰ ਨੂੰ ਵੀ ਸੁਰੱਖਿਆ ਦਿੰਦਾ ਹੈ। -ਪੀਟੀਆਈ