ਸਰਕਾਰ ਨੇ ਦੇਸ਼ ਨੂੰ ਚੱਕਰਵਿਊ ਵਿੱਚ ਫਸਾਇਆ: ਰਾਹੁਲ
* ਬਜਟ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਸਰਕਾਰ ’ਤੇ ਕੀਤੇ ਤਿੱਖੇ ਹਮਲੇ
ਨਵੀਂ ਦਿੱਲੀ, 29 ਜੁਲਾਈ
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ’ਚ ਦਾਅਵਾ ਕੀਤਾ ਕਿ ਡਰ ਦਾ ਮਾਹੌਲ ਬਣਾ ਕੇ ਛੇ ਜਣਿਆਂ ਦੇ ਧੜੇ ਨੇ ਅਭਿਮੰਨਿਊ ਵਾਂਗ ਪੂਰੇ ਹਿੰਦੁਸਤਾਨ ਨੂੰ ਚੱਕਰਵਿਊ ’ਚ ਫਸਾਇਆ ਹੋਇਆ ਹੈ ਜਿਸ ਨੂੰ ‘ਇੰਡੀਆ’ ਗੱਠਜੋੜ ਤੋੜ ਦੇਵੇਗਾ। ਬਜਟ ’ਤੇ ਬਹਿਸ ’ਚ ਹਿੱਸਾ ਲੈਂਦਿਆਂ ਰਾਹੁਲ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਸਦਨ ’ਚ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਜਾਤੀਗਤ ਜਨਗਣਨਾ ਪਾਸ ਕਰਾਉਣਾ ਯਕੀਨੀ ਬਣਾਏਗਾ।
ਰਾਹੁਲ ਦੇ ਭਾਸ਼ਣ ’ਚ ਮਹਾਭਾਰਤ ਦਾ ਜ਼ਿਕਰ ਆਉਣ ’ਤੇ ਲੋਕ ਸਭਾ ’ਚ ਹੰਗਾਮਾ ਹੋਇਆ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਲਗਾਤਾਰ ਦਖ਼ਲ ਦਿੱਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਕਿ ਬਜਟ ਦਾ ਇਕੋ ਇਕ ਉਦੇਸ਼ ਵੱਡੇ ਕਾਰੋਬਾਰੀਆਂ ਨੂੰ ਮਜ਼ਬੂਤ ਬਣਾਉਣਾ ਅਤੇ ਜਮਹੂਰੀ ਢਾਂਚੇ ਨੂੰ ਨਸ਼ਟ ਕਰਨ ਵਾਲੇ ਸਿਆਸੀ ਗ਼ਲਬੇ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ ਜਦਕਿ ਨੌਜਵਾਨਾਂ, ਕਿਸਾਨਾਂ ਅਤੇ ਮੱਧ ਵਰਗ ਨੂੰ ਅਣਗੌਲਿਆ ਕੀਤਾ ਗਿਆ ਹੈ। ਕਾਂਗਰਸ ਆਗੂ ਨੇ ਕਿਹਾ, ‘‘ਦੇਸ਼ ’ਚ ਡਰ ਦਾ ਮਾਹੌਲ ਹੈ ਅਤੇ ਇਹ ਹਰ ਪੱਖ ’ਚ ਨਜ਼ਰ ਆਉਂਦਾ ਹੈ। ਭਾਜਪਾ ’ਚ ਸਿਰਫ਼ ਇਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਲੈਣ ਦੀ ਇਜਾਜ਼ਤ ਹੈ। ਜੇ ਰੱਖਿਆ 4ਮੰਤਰੀ, ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ ਤਾਂ ਇਹ ਵੱਡੀ ਸਮੱਸਿਆ ਹੈ ਅਤੇ ਡਰ ਹੈ। ਇਹ ਡਰ ਪੂਰੇ ਦੇਸ਼ ’ਚ ਫੈਲਾਇਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਹਰਿਆਣਾ ਦੇ ਕੁਰੂਕਸ਼ੇਤਰ ’ਚ ਛੇ ਵਿਅਕਤੀਆਂ ਨੇ ਨੌਜਵਾਨ ਅਭਿਮੰਨਿਊ ਨੂੰ ਚੱਕਰਵਿਊ ’ਚ ਫਸਾ ਕੇ ਮਾਰਿਆ ਸੀ। ‘ਚੱਕਰਵਿਊ ਦਾ ਦੂਜਾ ਨਾਮ ‘ਪਦਮਵਿਊ’ ਹੈ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ। ਇਸ ਦੇ ਅੰਦਰ ਡਰ ਅਤੇ ਹਿੰਸਾ ਹੁੰਦੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ ਚੱਕਰਵਿਊ ਤਿਆਰ ਕਰਨ ਵਾਲੇ ਛੇ ਵਿਅਕਤੀ ਹਨ। ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰਾਂ ਦੇ ਨਾਮ ਲਏ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉਹ ਸਦਨ ਦੇ ਮੈਂਬਰ ਨਹੀਂ ਹਨ। ਇਸ ਮਗਰੋਂ ਰਾਹੁਲ ਗਾਂਧੀ ਨੇ ਦੇਸ਼ ਦੇ ਵੱਡੇ ਕਾਰੋਬਾਰੀਆਂ ਨੂੰ ਏ-1 ਅਤੇ ਏ-2 ਆਖ ਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਚੱਕਰਵਿਊ ਨਹੀਂ ਸਗੋਂ ‘ਸ਼ਿਵਜੀ ਦੀ ਬਰਾਤ’ ਪਸੰਦ ਕਰਦਾ ਹੈ ਜਿਸ ’ਚ ਹਰ ਵਰਗ ਦੇ ਲੋਕ ਸ਼ਾਮਲ ਹੋ ਸਕਦੇ ਹਨ।
ਅਗਨੀਪਥ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਜਵਾਨਾਂ ਨੂੰ ਅਗਨੀਪਥ ਦੇ ਚੱਕਰਵਿਊ ’ਚ ਫਸਾਇਆ ਗਿਆ ਹੈ ਅਤੇ ਬਜਟ ’ਚ ਅਗਨੀਵੀਰਾਂ ਨੂੰ ਪੈਨਸ਼ਨ ਲਈ ਇਕ ਰੁਪਇਆ ਨਹੀਂ ਦਿੱਤਾ ਗਿਆ। ਇਸ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਕੌਮੀ ਸੁਰੱਖਿਆ ਜਿਹੇ ਨਾਜ਼ੁਕ ਵਿਸ਼ੇ ’ਤੇ ਗੱਲ ਕੀਤੀ ਹੈ ਅਤੇ ਅਗਨੀਵੀਰਾਂ ਨੂੰ ਲੈ ਕੇ ਭਰਮ ਫੈਲਾਇਆ ਜਾ ਰਿਹਾ ਹੈ। ਬਾਅਦ ’ਚ ਰਾਹੁਲ ਨੇ ਕਿਹਾ ਕਿ ਸ਼ਹੀਦ ਅਗਨੀਵੀਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 20 ਅਫ਼ਸਰਾਂ ਨੇ ਦੇਸ਼ ਦਾ ਬਜਟ ਬਣਾਉਣ ਦਾ ਕੰਮ ਕੀਤਾ ਹੈ ਪਰ ਇਨ੍ਹਾਂ ’ਚੋਂ ਇਕ ਘੱਟ ਗਿਣਤੀ ਅਤੇ ਇਕ ਹੀ ਓਬੀਸੀ ਹੈ ਅਤੇ ਉਨ੍ਹਾਂ ’ਚ ਦਲਿਤ ਤੇ ਆਦਿਵਾਸੀ ਇਕ ਵੀ ਨਹੀਂ ਹੈ। ਰਾਹੁਲ ਨੇ ਬਜਟ ਤੋਂ ਪਹਿਲਾਂ ਹਲਵੇ ਵਾਲੀ ਰਸਮ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ’ਚ ਦੋ-ਤਿੰਨ ਫ਼ੀਸਦ ਲੋਕ ਹੀ ਹਲਵਾ ਤਿਆਰ ਕਰ ਰਹੇ ਹਨ ਅਤੇ ਇੰਨੇ ਕੁ ਲੋਕ ਹੀ ਹਲਵਾ ਖਾ ਰਹੇ ਹਨ ਅਤੇ ਬਾਕੀ ਹਿੰਦੁਸਤਾਨ ਨੂੰ ਇਹ ਨਹੀਂ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘‘ਵਿੱਤ ਮੰਤਰੀ ਜੀ ਨੇ ਬਜਟ ’ਚ ਇੰਟਰਨਸ਼ਿਪ ਪ੍ਰੋਗਰਾਮ ਦੀ ਗੱਲ ਕੀਤੀ। ਇਹ ਇਕ ਮਖੌਲ ਹੈ ਕਿਉਂਕਿ ਤੁਸੀਂ ਆਖਿਆ ਕਿ ਇੰਟਰਨਸ਼ਿਪ ਪ੍ਰੋਗਰਾਮ ਦੇਸ਼ ਦੀਆਂ 500 ਵੱਡੀਆਂ ਕੰਪਨੀਆਂ ’ਚ ਹੋਵੇਗਾ। 99 ਫ਼ੀਸਦੀ ਨੌਜਵਾਨਾਂ ਦਾ ਇਸ ਪ੍ਰੋਗਰਾਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।’’
ਕਾਂਗਰਸ ਆਗੂ ਨੇ ਪੇਪਰ ਲੀਕ ਦਾ ਮੁੱਦਾ ਚੁਕਦਿਆਂ ਕਿਹਾ ਕਿ ਸੱਚਾਈ ਇਹ ਹੈ ਕਿ ਸਰਕਾਰ ਨੇ ਬੇਰੁਜ਼ਗਾਰੀ ਅਤੇ ਪੇਪਰ ਲੀਕ ਦਾ ਚੱਕਰਵਿਊ ਬਣਾ ਦਿੱਤਾ ਹੈ। ਪਰ ਬਜਟ ’ਚ ਪੇਪਰ ਲੀਕ ਦਾ ਕੋਈ ਜ਼ਿਕਰ ਨਹੀਂ ਹੈ ਸਗੋਂ ਸਿੱਖਿਆ ਦਾ ਬਜਟ ਘਟਾ ਦਿੱਤਾ ਗਿਆ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਬਜਟ ਤੋਂ ਬਾਅਦ ਦੇਸ਼ ਦਾ ਮੱਧ ਵਰਗ ਵੀ ਭਾਜਪਾ ਦਾ ਸਾਥ ਛੱਡ ਰਿਹਾ ਹੈ ਜੋ ‘ਇੰਡੀਆ’ ਗੱਠਜੋੜ ਲਈ ਇਕ ਮੌਕਾ ਹੈ। ‘ਇੰਡੀਆ’ ਗੱਠਜੋੜ ਨੇ ਪ੍ਰਧਾਨ ਮੰਤਰੀ ਦਾ ਭਰੋਸਾ ਨਸ਼ਟ ਕਰ ਦਿੱਤਾ ਅਤੇ ਉਹ ਸਾਡੇ ਭਾਸ਼ਣਾਂ ’ਚ ਨਹੀਂ ਆ ਰਹੇ ਹਨ। ‘ਉਹ ਮੇਰੇ ਭਾਸ਼ਣਾਂ ’ਚ ਕਦੇ ਨਹੀਂ ਆਉਣਗੇ। ਪਦਮਵਿਊ ਵਾਲੇ ਲੋਕ ਹਿੰਦੁਸਤਾਨ ਦੇ ਸੁਭਾਅ ਨੂੰ ਨਹੀਂ ਜਾਣਦੇ ਕਿ ਇਹ ਹਿੰਸਾ ਅਤੇ ਚੱਕਰਵਿਊ ਵਾਲਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਇਹ ਸ਼ਿਵ ਦੀ ਬਰਾਤ ਅਤੇ ਚੱਕਰਵਿਊ ਵਿਚਕਾਰ ਜੰਗ ਹੈ। ਅਸੀਂ ਚੱਕਰਵਿਊ ਤੋੜਦੇ ਹਾਂ ਜਿਸ ਦੀਆਂ ਮਿਸਾਲਾਂ ਆਜ਼ਾਦੀ, ਸੰਵਿਧਾਨ, ਹਰੀ ਕ੍ਰਾਂਤੀ ਅਤੇ ਮਗਨਰੇਗਾ ਹਨ। ਭਾਜਪਾ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਚੱਕਰਵਿਊ ਸ਼ਿਵ ਦੀ ਬਰਾਤ ਨੂੰ ਨਹੀਂ ਹਰਾ ਸਕਦਾ ਹੈ। ‘ਤੁਸੀਂ ਆਪਣੇ ਆਪ ਨੂੰ ਹਿੰਦੂ ਆਖਦੇ ਹੋ ਪਰ ਤੁਸੀਂ ਹਿੰਦੁਤਵ ਦਾ ਮਤਲਬ ਨਹੀਂ ਸਮਝਦੇ ਹੋ।’ ਬਾਅਦ ’ਚ ‘ਐਕਸ’ ’ਤੇ ਪੋਸਟ ’ਚ ਰਾਹੁਲ ਗਾਂਧੀ ਨੇ ਕਿਹਾ ਕਿ 21ਵੀਂ ਸਦੀ ਦੇ ਕਮਲ ਦੇ ਆਕਾਰ ਵਾਲਾ ਚੱਕਰਵਿਊ ਹਿੰਦੁਸਤਾਨ ਨੂੰ ਫਸਾ ਰਿਹਾ ਹੈ ਅਤੇ ਇਸ ’ਤੇ ਨਰਿੰਦਰ ਮੋਦੀ, ਅਮਿਤ ਸ਼ਾਹ, ਅਡਾਨੀ, ਅੰਬਾਨੀ, ਅਜੀਤ ਡੋਵਾਲ ਅਤੇ ਮੋਹਨ ਭਾਗਵਤ ਦਾ ਕਬਜ਼ਾ ਹੈ। -ਪੀਟੀਆਈ
ਸੰਸਦ ’ਚ ਮੀਡੀਆ ’ਤੇ ਪਾਬੰਦੀ ਹਟਾਉਣ ਦੀ ਮੰਗ
ਨਵੀਂ ਦਿੱਲੀ:
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਕਿ ਸੰਸਦ ਅਹਾਤੇ ਅੰਦਰ ਮੀਡੀਆ ’ਤੇ ਲਾਈ ਗਈ ਪਾਬੰਦੀ ਹਟਾਈ ਜਾਵੇ। ਰਾਹੁਲ ਨੇ ਕਿਹਾ, ‘‘ਸ੍ਰੀਮਾਨ, ਮੈਂ ਮੀਡੀਆ ਨੂੰ ਖੁੱਲ੍ਹੇਆਮ ਵਿਚਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਾ ਹਾਂ ਜਿਨ੍ਹਾਂ ਨੂੰ ਪਿੰਜਰੇ ਤੱਕ ਸੀਮਤ ਕਰ ਦਿੱਤਾ ਗਿਆ ਹੈ।’’ ਬਿਰਲਾ ਨੇ ਰਾਹੁਲ ਨੂੰ ਕਿਹਾ ਕਿ ਉਹ ਸੰਸਦੀ ਪ੍ਰਕਿਰਿਆ ਦੇ ਨੇਮਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਇਕ ਵਾਰ ਮੁੜ ਤੋਂ ਪੜ੍ਹਨ। ਸਪੀਕਰ ਨੇ ਕਿਹਾ ਕਿ ਅਜਿਹੇ ਮੁੱਦੇ ਸਦਨ ’ਚ ਨਹੀਂ ਸਗੋਂ ਉਨ੍ਹਾਂ ਦੇ ਚੈਂਬਰ ’ਚ ਵਿਚਾਰੇ ਜਾਣੇ ਚਾਹੀਦੇ ਹਨ। ਰਾਹੁਲ, ਤ੍ਰਿਣਮੂਲ ਕਾਂਗਰਸ ਦੇ ਡੈਰੇਕ ਓ’ਬ੍ਰਾਇਨ, ਕਾਂਗਰਸ ਦੇ ਕਾਰਤੀ ਚਿਦੰਬਰਮ ਅਤੇ ਸ਼ਿਵ ਸੈਨਾ-ਯੂਬੀਟੀ ਦੀ ਪ੍ਰਿਯੰਕਾ ਚਤੁਰਵੇਦੀ ਨੇ ਮੀਡੀਆ ਕਰਮੀਆਂ ਨਾਲ ਉਨ੍ਹਾਂ ਲਈ ਬਣਾਈ ਗਈ ਵਿਸ਼ੇਸ਼ ਥਾਂ ’ਤੇ ਮੁਲਾਕਾਤ ਕੀਤੀ। ਡੈਰੇਕ ਨੇ ਮੀਡੀਆ ਕਰਮੀਆਂ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਇਹ ਸੈਂਸਰਸ਼ਿਪ ਹੈ ਜੋ ਬਿਲਕੁਲ ਵੀ ਪ੍ਰਵਾਨ ਨਹੀਂ ਹੈ। ਬਾਅਦ ’ਚ ਲੋਕ ਸਭਾ ਸਪੀਕਰ ਨੇ ਕੁਝ ਪੱਤਰਕਾਰਾਂ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਨਿਬੇੜਾ ਕੀਤਾ ਜਾਵੇਗਾ ਅਤੇ ਬਿਹਤਰ ਸਹੂਲਤਾਂ ਦਿੱਤੀਆਂ ਜਾਣਗੀਆਂ।
ਮੀਡੀਆ ’ਤੇ ਪਾਬੰਦੀਆਂ ਤਾਨਾਸ਼ਾਹੀ: ਮਮਤਾ
ਕੋਲਕਾਤਾ:
ਤ੍ਰਿਣਮੂਲ ਕਾਂਗਰਸ ਚੇਅਰਪਰਸਨ ਮਮਤਾ ਬੈਨਰਜੀ ਨੇ ਸੰਸਦ ਅਹਾਤੇ ’ਚ ਮੀਡੀਆ ’ਤੇ ਥੋਪੀਆਂ ਗਈਆਂ ਪਾਬੰਦੀਆਂ ਨੂੰ ਤਾਨਾਸ਼ਾਹੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਤਾਨਾਸ਼ਾਹੀ ਫੁਰਮਾਨ ਖ਼ਿਲਾਫ਼ ਇਕਜੁੱਟ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੀਡੀਆ ਕਰਮੀ ਸੰਸਦ ਦੀ ਇਮਾਰਤ ਦੇ ਦਾਖ਼ਲੇ ਅਤੇ ਬਾਹਰ ਨਿਕਲਣ ਵਾਲੀ ਥਾਂ ’ਤੇ ਹੀ ਸੰਸਦ ਮੈਂਬਰਾਂ ਦੇ ਬਿਆਨ ਲੈ ਰਹੇ ਹਨ ਪਰ ਉਨ੍ਹਾਂ ਨੂੰ ਇਕ ਵਿਸ਼ੇਸ਼ ਥਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। -ਪੀਟੀਆਈ