ਪਰਾਲ਼ੀ ਸਾੜਨ ਦੇ ਮਾਮਲੇ ’ਤੇ ਸਖ਼ਤ ਹੋਈ ਸਰਕਾਰ
ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਕਤੂਬਰ
ਪਰਾਲ਼ੀ ਸਾੜਨ ਦੇ ਮਾਮਲੇ ’ਤੇ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ। ਕਿਸਾਨਾਂ ਖ਼ਿਲਾਫ਼ ਧੜਾ-ਧੜ ਕੇਸ ਦਰਜ ਕੀਤੇ ਜਾਣ ਲੱਗੇ ਹਨ। ਇਸ ਸਬੰਧੀ ਦੋ ਦਿਨਾਂ ’ਚ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜ਼ਿਲ੍ਹੇ ਦੇ ਹਲਕਾ ਘਨੌਰ ਅਧੀਨ ਪੈਂਦੇ ਇਕੱਲੇ ਥਾਣਾ ਸ਼ੰਭੂ ਵਿੱਚ ਹੀ ਦੋੋ ਦਰਜਨ ਕੇਸ ਦਰਜ ਕੀਤੇ ਗਏ ਹਨ। ਭਾਵੇਂ ਬਹੁਤੇ ਪੁਲੀਸ ਕੇਸ ਤਾਂ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤੇ ਗਏ ਹਨ ਪਰ ਥਾਣਾ ਸ਼ੰਭੂ ਵਿੱਚ ਦਰਜ ਦੋ ਦਰਜਨ ਦੇ ਕਰੀਬ ਸਾਰੇ ਕੇਸਾਂ ’ਚ ਮੁਲਜ਼ਮਾਂ ਵਜੋਂ ਕੇਸਾਂ ’ਚ ਬਾਕਾਇਦਾ ਕਿਸਾਨਾ ਦੇ ਨਾਮ ਵੀ ਦਰਜ ਕੀਤੇ ਗਏ ਹਨ।
ਉਧਰ, ਸਰਕਾਰ ਦੀ ਅਜਿਹੀ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ ਹੈ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ, ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਮੀਤ ਪ੍ਰਧਾਨ ਮਨਜੀਤ ਸਿੰਘ ਨਿਆਲ਼, ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨ ਪਾਲ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਖ਼ਜਾਨਚੀ ਲੰਬੜਦਾਰ ਮਾਹਨ ਸਿੰਘ ਰਾਜਪੁਰਾ, ਕਿਸਾਨ-ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਆਦਿ ਨੇ ਇਸ ਨੂੰ ਸਰਕਾਰ ਦੀ ਬਦਲਾ ਲਊ ਭਾਵਨਾ ਨਾਲ਼ ਕੀਤੀ ਗਈ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ ਦੂਜੇ ਪਾਸੇ ਸਰਕਾਰ ਖ਼ਰੀਦ ਕਰਨ ਦੀ ਥਾਂ ਕੇਸ ਦਰਜ ਕਰਨ ’ਚ ਰੁੱਝੀ ਹੋਈ ਹੈ।