ਪਰਾਲੀ ਸਾੜਨ ਵਾਲਿਆਂ ਵਿਰੁੱਧ ਸਖ਼ਤ ਹੋਈ ਸਰਕਾਰ
ਪੱਤਰ ਪ੍ਰੇਰਕ
ਜਗਰਾਉਂ, 24 ਅਕਤੂਬਰ
ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਸਲੇ ’ਤੇ ਸੂਬਾ ਸਰਕਾਰ, ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਖੇਤਾਂ ’ਚ ਗਸ਼ਤ ਤੇਜ਼ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕਰਦੇ ਹੋਏ ਜ਼ਿਲ੍ਹੇ ਦੇ ਅਧਿਕਾਰ ਖੇਤਰ ’ਚ ਕਿਸੇ ਵੀ ਵਿਅਕਤੀ ਨੂੰ ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਅੱਗ ਲਗਾਉਣ ਤੇ ਬਿੰਨਾ ਦੇਰੀ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤਾ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਜਸਵੰਤ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਪੁਲੀਸ ਪ੍ਰਸ਼ਾਸਨ ਦੀ ਟੀਮ ਨਾਲ ਲੈ ਕੇ ਕੋਠੇ ਰਾਹਲਾਂ, ਕੋਠੇ ਡਾਲਾ, ਅਗਵਾੜ ਲੋਪੋਂ ਕਲਾਂ, ਅਗਵਾੜ ਲੋਪੋਂ ਖੁਰਦ, ਕੋਠੇ ਪ੍ਰੇਮਸਰ, ਅਗਵਾੜ ਲਧਾਈ ’ਚ ਸਵਖਤੇ ਰੇਡ ਕੀਤੀ। ਟੀਮ ਨੇ ਖੇਤਾਂ ’ਚ ਚੱਲ ਰਹੀਆਂ ਕੰਬਾਈਨਾ ਦੀ ਜਾਂਚ ਕੀਤੀ, ਕੰਬਾਈਨ ਮਾਲਕਾਂ ਨੂੰ ਐੱਸਐੱਮਐੱਸ ਲਾ ਕੇ ਚਲਾਉਣ ਲਈ ਆਖਿਆ, ਇਸ ਤੋਂ ਇਲਾਵਾ ਟੀਮ ਨੇ ਆਖਿਆ ਕਿ ਕੰਬਾਈਨਾ ਚਲਾਉਣ ਦਾ ਸਮਾਂ ਜੋ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ, ਉਹ ਸਵੇਰੇ 10 ਵੱਜ਼ੇ ਤੋਂ ਸ਼ਾਮ 6 ਵੱਜ਼ੇ ਤੱਕ ਹੀ ਹੈ।