ਮੈਟਰੋ ਲਈ ਨਿਊ ਚੰਡੀਗੜ੍ਹ ’ਚ ਜ਼ਮੀਨ ਦੇਣ ਲਈ ਰਾਜ਼ੀ ਹੋਈ ਸਰਕਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਯੂਟੀ ਪ੍ਰਸ਼ਾਸਨ ਵੱਲੋਂ ਟ੍ਰਾਈਸਿਟੀ ਵਿੱਚ ਮੈਟਰੋ ਲਿਆਉਣ ਲਈ ਸ਼ੁਰੂ ਕੀਤੇ ਪ੍ਰਾਜੈਕਟ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਇਸ ਮੈਟਰੋ ਪ੍ਰਾਜੈਕਟ ਤਹਿਤ ਪੰਜਾਬ ਸਰਕਾਰ ਨੇ ਨਿਊ ਚੰਡੀਗੜ੍ਹ ਵਿੱਚ ਡਿੱਪੂ ਦੀ ਉਸਾਰੀ ਲਈ ਜ਼ਮੀਨ ਦੇਣ ਲਈ ਸਹਿਮਤੀ ਦੇ ਦਿੱਤੀ ਹੈ, ਜਿੱਥੇ 45 ਏਕੜ (18 ਹੈਕਟੇਅਰ) ਜ਼ਮੀਨ ’ਤੇ ਡਿੱਪੂ ਤਿਆਰ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਬਾਰੇ ਸਹਿਮਤੀ ਦੇਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਮੰਗੀ ਸੀ, ਜੋ ਹੁਣ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਟਰੋ ਪ੍ਰਾਜੈਕਟ ਸਬੰਧੀ ਫ਼ੈਸਲੇ ਲੈਣ ਵਾਲੇ ਅਧਿਕਾਰੀਆਂ ਨੇ ਨਿਊ ਚੰਡੀਗੜ੍ਹ ਵਿੱਚ ਡਿੱਪੂ ਦੀ ਉਸਾਰੀ ਲਈ 45 ਏਕੜ ਜ਼ਮੀਨ ਛੱਡਣ ਦਾ ਫ਼ੈਸਲਾ ਕਰ ਲਿਆ ਹੈ। ਇਸ ਬਾਰੇ ਅੰਤਿਮ ਫ਼ੈਸਲੇ ਲੈਣ ਲਈ ਫਾਈਲ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜ ਗਈ ਹੈ, ਜਿਨ੍ਹਾਂ ਦੀ ਪ੍ਰਵਾਨਗੀ ਤੋਂ ਬਾਅਦ ਇਸ ’ਤੇ ਅੰਤਿਮ ਮੋਹਰ ਲੱਗ ਜਾਵੇਗੀ। ਇਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਤੇ ਮੈਟਰੋ ਪ੍ਰਾਜੈਕਟ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਟ੍ਰਾਈਸਿਟੀ ਮੈਟਰੋ ਪ੍ਰਾਜੈਕਟ ਲਈ ਨਿਊ ਚੰਡੀਗੜ੍ਹ ਵਿੱਚ ਡਿਪੂ ਦੀ ਉਸਾਰੀ ਵਾਸਤੇ ਜ਼ਮੀਨ ਚਾਹੀਦੀ ਸੀ, ਪਰ ਪੰਜਾਬ ਸਰਕਾਰ ਜ਼ਮੀਨ ਦੇਣ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਕਰ ਰਿਹਾ ਸੀ। ਯੂਟੀ ਪ੍ਰਸ਼ਾਸਨ ਨੇ ਕਈ ਵਾਰ ਪੰਜਾਬ ਸਰਕਾਰ ਨੂੰ ਰਿਵਾਈਂਡਰ ਪੱਤਰ ਵੀ ਭੇਜੇ ਗਏ। ਹਾਲਾਂਕਿ ਯੂਨੀਫਾਈਡ ਮੈਟਰੋ ਟਰਾਂਸਪੋਰਟੇਸ਼ਨ ਅਥਾਰਟੀ (ਯੂ.ਐੱਮ.ਟੀ.ਏ.) ਦੀ 2 ਸਤੰਬਰ ਨੂੰ ਹੋਈ ਮੀਟਿੰਗ ਵਿੱਚ ਵੀ ਨਿਊ ਚੰਡੀਗੜ੍ਹ ਵਿੱਚ ਡਿੱਪੂ ਉਸਾਰੀ ਲਈ ਜ਼ਮੀਨ ਮੁਹੱਈਆ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਮੈਟਰੋ ਪ੍ਰਾਜੈਕਟ ਦੋ ਪੜਾਅ ਵਿੱਚ ਤਿਆਰ ਕੀਤਾ ਜਾਵੇਗਾ। ਪਹਿਲਾ ਪੜਾਅ ਸਾਲ 2027 ਵਿੱਚ ਸ਼ੁਰੂ ਕਰਕੇ ਸਾਲ 2034 ਤੱਕ ਖਤਮ ਕਰਨ ਦੀ ਯੋਜਨਾ ਤਿਆਰ ਕੀਤੀ ਹੈ, ਦੂਜਾ ਪੜਾਅ ਸਾਲ 2037 ਤੋਂ ਬਾਅਦ ਸ਼ੁਰੂ ਹੋਵੇਗਾ।
ਸਰਕਾਰ ਨੇ ਜ਼ੀਰਕਪੁਰ ਵਿੱਚ ਜ਼ਮੀਨ ਦੇਣ ਤੋਂ ਕੀਤਾ ਸੀ ਇਨਕਾਰ
ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸਿਜ਼ (ਆਰਆਈਟੀਈਐਸ) ਵੱਲੋਂ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਟ੍ਰਾਈਸਿਟੀ ਮੈਟਰੋ ਪ੍ਰਾਜੈਕਟ ਲਈ ਪੰਜਾਬ ਦੀ ਧਰਤੀ ’ਤੇ ਦੋ ਥਾਵਾਂ ’ਤੇ ਡਿੱਪੂ ਤਿਆਰ ਕੀਤੇ ਜਾਣੇ ਸਨ। ਇਕ ਡਿੱਪੂ ਨਿਊ ਚੰਡੀਗੜ੍ਹ ਵਿੱਚ ਬਣਾਇਆ ਜਾਣਾ ਹੈ ਅਤੇ ਦੂਜਾ ਜ਼ੀਰਕਪੁਰ ਵਿੱਚ ਬਣਾਏ ਜਾਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਜ਼ੀਰਕਪੁਰ ਵਿੱਚ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਹੁਣ ਜ਼ੀਰਕਪੁਰ ਦੀ ਥਾਂ ਪੰਚਕੂਲਾ ਦੇ ਸੈਕਟਰ-27 ਵਿੱਚ ਬਦਲਵਾਂ ਡਿੱਪੂ ਬਣਾਇਆ ਜਾਵੇਗਾ, ਜਿਸ ਲਈ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।