ਸਰਕਾਰ ਨੇ ਕਣਕ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਣ ਲਈ ਭੰਡਾਰਨ ਦੀ ਹੱਦ ਮਿੱਥੀ
05:03 PM Jun 24, 2024 IST
ਨਵੀਂ ਦਿੱਲੀ, 24 ਜੂਨ
ਕਣਕ ਦੀਆਂ ਵਧਦੀਆਂ ਕੀਮਤਾਂ ਅਤੇ ਜਮਾਂਖੋਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਅੱਜ ਵਪਾਰੀਆਂ, ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੇ ਸਟਾਕ ਦੀ ਹੱਦ ਮਿੱਥ ਦਿੱਤੀ ਹੈ। ਇਹ ਪਾਬੰਦੀਆਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 31 ਮਾਰਚ 2025 ਤੱਕ ਲਾਗੂ ਰਹਿਣਗੀਆਂ। ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਿੰਗਲ ਰਿਟੇਲਰ, ਵੱਡੀ ਚੇਨ ਰਿਟੇਲਰ, ਪ੍ਰੋਸੈਸਰ ਅਤੇ ਥੋਕ ਵਿਕਰੇਤਾ ਹਰ ਸ਼ੁੱਕਰਵਾਰ ਨੂੰ ਆਪਣੇ ਕਣਕ ਦੇ ਸਟਾਕ ਦਾ ਖੁਲਾਸਾ ਕਰਨਗੇ। ਨਵੇਂ ਨਿਯਮਾਂ ਦੇ ਤਹਿਤ ਵੱਡੇ ਚੇਨ ਰਿਟੇਲਰਾਂ ਦੀਆਂ ਪ੍ਰਚੂਨ ਦੁਕਾਨਾਂ ਅਤੇ ਵਿਅਕਤੀਗਤ ਦੁਕਾਨਾਂ ਨੂੰ 10 ਟਨ ਤੱਕ ਕਣਕ ਸਟੋਰ ਕਰਨ ਦੀ ਇਜਾਜ਼ਤ ਹੈ। ਵਪਾਰੀਆਂ, ਥੋਕ ਵਿਕਰੇਤਾਵਾਂ ਅਤੇ ਵੱਡੀ ਰਿਟੇਲ ਚੇਨਾਂ ਦੇ ਵੱਡੇ ਡਿਪੂਆਂ ਲਈ 3,000 ਟਨ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਣਕ ਦੀ ਬਰਾਮਦ ’ਤੇ ਪਾਬੰਦੀ ਹੈ।
Advertisement
Advertisement