For the best experience, open
https://m.punjabitribuneonline.com
on your mobile browser.
Advertisement

ਘੱਗਰ ’ਚ ਪਏ ਪਾੜ ਪੂਰਨ ਵਿੱਚ ਸਰਕਾਰ ਨਾਕਾਮ

08:31 AM Jun 23, 2024 IST
ਘੱਗਰ ’ਚ ਪਏ ਪਾੜ ਪੂਰਨ ਵਿੱਚ ਸਰਕਾਰ ਨਾਕਾਮ
ਘੱਗਰ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕਾਰਜ ਮੌਕੇ ਕਿਸਾਨ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਜੂਨ
ਸਾਲ ਬੀਤਣ ਦੇ ਬਾਵਜੂਦ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਵਿੱਚ ਭਗਵੰਤ ਮਾਨ ਸਰਕਾਰ ਦੇ ਨਾਕਾਮ ਰਹਿਣ ’ਤੇ ਸੱਤ ਪਿੰਡਾਂ ਦੇ ਕਿਸਾਨ ਆਪਣੇ ਪੱਧਰ ’ਤੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਵਿੱਚ ਲੱਗੇ ਹਨ।
ਪਿਛਲੇ ਸਾਲ 11 ਜੁਲਾਈ ਨੂੰ ਘੱਗਰ ਦਰਿਆ ਵਿੱਚ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਸੀ। ਹਜ਼ਾਰਾਂ ਏਕੜ ਖੜੀਆਂ ਫ਼ਸਲਾਂ ਬਰਬਾਦ ਹੋ ਗਈਆਂ ਸਨ। ਬਾਦਸ਼ਾਹਪੁਰ ਤੋਂ ਖਨੌਰੀ ਹੈੱਡ ਤੱਕ ਅਣਗਿਣਤ ਥਾਵਾਂ ਤੋਂ ਘੱਗਰ ਦੇ ਬੰਨ੍ਹੇ ਰੁੜ ਗਏ ਸਨ। ਕਿਸਾਨਾਂ ਨੇ ਜ਼ਿੰਦਗੀ ਦੀ ਗੱਡੀ ਨੂੰ ਲੀਹ ’ਤੇ ਲਿਆਉਂਦਿਆਂ ਫ਼ਸਲਾਂ ਤਾਂ ਬੀਜ ਲਈਆਂ ਪਰ ਘੱਗਰ ਦੇ ਬੰਨ੍ਹੇ ਜਿਉਂ ਦੇ ਤਿਉਂ ਪਏ ਹੋਏ ਸਨ। ਆਸ ਪਾਸ ਦੇ ਸੱਤ ਪਿੰਡਾਂ ਜੋਗੇਵਾਲਾ, ਗੁਲਾਹੜ੍ਹ, ਨਾਈਵਾਲਾ, ਸ਼ੁਤਰਾਣਾ, ਰਸੌਲੀ, ਹੋਤੀਪੁਰ ਅਤੇ ਨਵਾਂ ਗਾਉ ਆਦਿ ਪਿੰਡਾਂ ਦੇ ਕਿਸਾਨਾਂ ਨੇ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਆਰੰਭਿਆ ਹੈ। ਬੰਨ੍ਹ ਮਜ਼ਬੂਤ ਕਰਦੇ ਹੋਏ ਕਿਸਾਨ ਫਤਹਿ ਸਿੰਘ ਜੋਗੇਵਾਲਾ, ਕਾਬਲ ਸਿੰਘ ਹੋਤੀਪੁਰ, ਸੂਰਤ ਸਿੰਘ, ਦਰਸ਼ਨ ਸਿੰਘ ਗੁਲਾਹੜ੍ਹ , ਰਮਨ ਸਿੰਘ, ਮਨਧੀਰ ਸਿੰਘ, ਗੁਲਾਬ ਸਿੰਘ, ਲਖਵਿੰਦਰ ਸਿੰਘ, ਜਗਵਿੰਦਰ ਸਿੰਘ, ਵਿੱਕੀ ਢਿੱਲੋ, ਬੂਟਾ ਸਿੰਘ ਸ਼ੁਤਰਾਣਾ, ਇੰਦਰਜੀਤ ਸਿੰਘ ਧਾਲੀਵਾਲ, ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਘੱਗਰ ਪਾਰ ਦੇ ਪਿੰਡਾਂ ਵਾਲੇ ਪਾਸੇ ਦਾ ਬੰਨ੍ਹ ਮਨਰੇਗਾ ਵਰਕਰਾਂ ਰਾਹੀਂ ਮਜ਼ਬੂਤ ਕੀਤਾ ਜਾ ਰਿਹਾ ਹੈ ਜਦੋਂ ਕਿ ਰਸੋਲੀ ਤੋਂ ਖਨੌਰੀ ਤੱਕ ਦੇ ਦਰਜਨਾਂ ਪਾੜਾਂ ਨੂੰ ਬੰਦ ਕਰਨ ਦਾ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪਿੰਡਾਂ ਦੇ ਕਿਸਾਨਾਂ ਵੱਲੋਂ 200 ਰੁਪਏ ਪ੍ਰਤੀ ਏਕੜ ਉਗਰਾਹੀ ਕਰ ਕੇ ਆਪਣੇ ਪੱਧਰ ’ਤੇ ਲੱਖਾਂ ਰੁਪਏ ਖਰਚ ਕਰ ਕੇ 20 ਦਿਨਾਂ ਤੋਂ ਡੇਢ ਦਰਜਨ ਦੇ ਕਰੀਬ ਟਰੈਕਟਰਾਂ ਅਤੇ ਚਾਰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ।

Advertisement

ਬੰਨ੍ਹ ਮਜ਼ਬੂਤ ਕਰਨ ਦਾ ਕੰਮ ਆਪਣੇ ਹੱਥਾਂ ਵਿੱਚ ਲਵੇ ਸਰਕਾਰ: ਕੁੱਲ ਹਿੰਦ ਕਿਸਾਨ ਸਭਾ

ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਕੰਮ ਲੋਕਾਂ ਨੂੰ ਕਰਨੇ ਪੈ ਰਹੇ ਹਨ। ਜਦੋਂਕਿ ਵੋਟਾਂ ਵਕਤ ਘੱਗਰ ਦਰਿਆ ਦਾ ਪੱਕਾ ਹੱਲ ਕਰਨ ਦੇ ਹਰ ਵਾਰ ਵਾਅਦੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦਿਨੀ ਘੱਗਰ ਦਰਿਆ ਦਾ ਦੌਰਾ ਕਰਕੇ ਹੜ੍ਹਾਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦੀ ਗੱਲ ਕੀਤੀ ਹੈ। ਅਸਲੀਅਤ ਵਿੱਚ ਸਭ ਕੁਝ ਕਾਗਜ਼ੀ ਪੱਤਰੀ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਆਪਣੇ ਹੱਥਾਂ ਵਿੱਚ ਲਵੇ।

Advertisement

Advertisement
Author Image

Advertisement