ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਯੋਜਨਾ ਉਲੀਕੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਘਰ ਤੋਂ ਕੰਮ ਕਰਨ ਅਤੇ ਜਾਗਰੂਕਤਾ ਮੁਹਿੰਮਾਂ ਲਈ ਨੀਤੀਆਂ ਦਿੱਲੀ ਸਰਕਾਰ ਦੀ ਸਰਦ ਰੁੱਤ ਕਾਰਜ ਯੋਜਨਾ ਦਾ ਹਿੱਸਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਵਾਤਾਵਰਨ ਮਾਹਿਰਾਂ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਰਾਏ ਲੈਣ ਲਈ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਤੋਂ ਰਾਏ ਲਈ ਗਈ ਤੇ ਜੋਂ ਸੁਝਾਅ ਸਾਹਮਣੇ ਆਏ, ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੀ ਕਵਾਇਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਟਰੈਫਿਕ ਲਾਈਟਾਂ ’ਤੇ ਇੰਜਣ ਬੰਦ ਕਰਨ ਵਰਗੇ ਛੋਟੇ ਉਪਾਅ ਕਰਕੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਯੋਗਦਾਨ ਪਾ ਸਕਦਾ ਹੈ। ਬੀਤੇ ਸਾਲਾਂ ਦੌਰਾਨ ਚਲਾਈ ਗਈ ਮੁਹਿੰਮ ‘ਰੈੱਡ ਲਾਈਟ ਆਨ, ਗੱਡੀ ਆਫ’ ਦੇ ਹਵਾਲੇ ਨਾਲ ਉਨ੍ਹਾਂ ਲੋਕਾਂ ਤੋਂ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਲੋਕ ਲਾਲ ਬੱਤੀਆਂ ਉਪਰ ਆਪਣੀ ਗੱਡੀਆਂ ਬੰਦ ਕਰਨ ਪਰ ਅਜਿਹਾ ਨਾ ਕਰਕੇ ਉਹ ਪ੍ਰਦੂਸ਼ਣ ਵਿੱਚ ਵਾਧਾ ਹੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਉਦੋਂ ਸਰਕਾਰੀ ਦਫਤਰਾਂ ਵਿੱਚ ਘਰ ਤੋਂ ਕੰਮ ਕਰਨ ਦੇ ਉਪਾਅ ਲਾਗੂ ਕੀਤੇ ਜਾਂਦੇ ਸਨ ਜਦੋਂ ਏਅਰ ਕੁਆਲਿਟੀ ਇੰਡੈਕਸ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਜਾਂਦਾ ਸੀ। ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਪ੍ਰਾਈਵੇਟ ਸੰਸਥਾਵਾਂ ਵੀ ਉਸੇ ਪ੍ਰਥਾ ਦਾ ਪਾਲਣ ਕਰਨ। ਰਾਏ ਨੇ ਪਿਛਲੇ ਸਾਲਾਂ ਦੌਰਾਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਠੰਢ ਦੌਰਾਨ ਬੀਤੇ ਸਾਲਾਂ ਦੌਰਾਨ ਪੁੱਟੇ ਗਏ ਕਦਮਾਂ ਵਿਚੋਂ ਇਸ ਸਾਲ ਵੀ ਅਪਨਾਉਣ ਦਾ ਸੰਕੇਤ ਦਿੱਤਾ। ਜ਼ਿਕਰਯੋਗ ਹੈ ਕਿ ਅਕਤੂਬਰ ਅੱਧ ਮਗਰੋਂ ਦਿੱਲੀ ਦੇ ਅਸਮਾਨ ਵਿੱਚ ਧੁਆਂਖੀ ਹਵਾ ਤੇ ਧੁੰਦ ਡੇਰਾ ਪਾ ਲੈਂਦੀ ਹੈ।