For the best experience, open
https://m.punjabitribuneonline.com
on your mobile browser.
Advertisement

ਸਰਕਾਰ ਨੇ ਜਮਹੂਰੀਅਤ ਦਾ ਗ਼ਲ ਘੁੱਟਿਆ: ਸੋਨੀਆ ਗਾਂਧੀ

07:30 AM Dec 21, 2023 IST
ਸਰਕਾਰ ਨੇ ਜਮਹੂਰੀਅਤ ਦਾ ਗ਼ਲ ਘੁੱਟਿਆ  ਸੋਨੀਆ ਗਾਂਧੀ
ਮੁਅੱਤਲ ਮੈਂਬਰਾਂ ਦੇ ਹੱਕ ’ਚ ਰੋਸ ਮਾਰਚ ਕੱਢਦੇ ਹੋਏ ਸੋਨੀਆ ਗਾਂਧੀ ਤੇ ਹੋਰ ਸੰਸਦ ਮੈਂਬਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 20 ਦਸੰਬਰ
ਸੋਨੀਆ ਗਾਂਧੀ ਨੇ 140 ਤੋਂ ਵੱਧ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਹਵਾਲੇ ਨਾਲ ਅੱਜ ਦੋਸ਼ ਲਾਇਆ ਕਿ ਸਰਕਾਰ ਜਾਇਜ਼ ਮੰਗ ਦੇ ਬਾਵਜੂਦ ਵਿਰੋਧੀ ਧਿਰਾਂ ਦੇ ਐੱਮਪੀਜ਼ ਨੂੰ ਸਦਨ ਵਿਚੋਂ ਮੁਅੱਤਲ ਕਰਕੇ ‘ਜਮਹੂਰੀਅਤ ਦਾ ਗ਼ਲ ਘੁੱਟ’ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਪਾਰਟੀ ਤੇ ‘ਇੰਡੀਆ’ ਗੱਠਜੋੜ ਦੇ ਮੈਂਬਰ ਵਜੋਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਆਪਣੀ ਜ਼ਿੰਮੇਵਾਰੀਆਂ ਨਿਰਧਾਰਿਤ ਕਰ ਲਈਆਂ ਹਨ। ਗਾਂਧੀ, ਜੋ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਵੀ ਹਨ, ਨੇ ਪਾਰਟੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਹਾਲੀਆ ਅਸੈਂਬਲੀ ਚੋਣਾਂ ਦੇ ਨਤੀਜਿਆਂ ਦੀ ਆਪਣੀ ਨਿਰਾਸ਼ਾ ਨੂੰ ਸਕਾਰਾਤਮਕਤਾ ਵਿੱਚ ਤਬਦੀਲ ਕਰਕੇ ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗਣ।
ਸੰਸਦ ਦੇ ਕੇਂਦਰੀ ਹਾਲ ਵਿੱਚ ਕਾਂਗਰਸ ਸੰਸਦੀ ਦਲ ਦੀ ਬੈਠਕ ਵਿੱਚ ਪਾਰਟੀ ਦੇ ਐੱਮਪੀ’ਜ਼ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ, ‘‘ਇਹ ਕਹਿਣਾ ਕਿ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸੈਂਬਲੀ ਚੋਣਾਂ ਦੇ ਨਤੀਜੇ ਸਾਡੀ ਪਾਰਟੀ ਲਈ ਬਹੁਤ ਨਿਰਾਸ਼ਾਜਨਕ ਹਨ, ਇਸ ਦੀ ਮਹੱਤਤਾ ਘਟਾਉਣ ਵਾਂਗ ਹੈ।’’ ਉਨ੍ਹਾਂ ਕਿਹਾ, ‘‘ਕਾਂਗਰਸ ਪ੍ਰਧਾਨ (ਅਸੈਂਬਲੀ ਚੋਣਾਂ ਵਿੱਚ) ਸਾਡੀ ਮਾੜੀ ਕਾਰਗੁਜ਼ਾਰੀ ਦੇ ਕਾਰਨਾਂ ਨੂੰ ਸਮਝਣ ਤੇ ਇਨ੍ਹਾਂ ਦੀ ਸਮੀਖਿਆ ਅਤੇ ਜਥੇਬੰਦੀ ਲਈ ਲੋੜੀਂਦੇ ਸਬਕਾਂ ਦਾ ਖਾਕਾ ਤਿਆਰ ਕਰਨ ਲਈ ਪਹਿਲੇ ਗੇੜ ਦੀ ਨਜ਼ਰਸਾਨੀ ਪਹਿਲਾਂ ਹੀ ਕਰ ਚੁੱਕੇ ਹਨ।’’ ਗਾਂਧੀ ਨੇ ਕਿਹਾ, ‘‘ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਹਨ। ਇਸ ਦੇ ਬਾਵਜੂਦ, ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਹਿੰਮਤ ਤੇ ਮੁੜ ਉਭਰਨ ਦੀ ਸ਼ਕਤੀ ਮੁਸ਼ਕਲ ਘੜੀ ’ਚੋਂ ਪਾਰ ਲੰਘਾਏਗੀ।
ਇਸ ਮੁਸ਼ਕਲ ਸਮੇਂ ’ਚ ਸਾਡੀ ਵਿਚਾਰਧਾਰਾ ਤੇ ਸਾਡੀਆਂ ਕਦਰਾਂ-ਕੀਮਤਾਂ ਸਾਡਾ ਚਾਨਣਮੁਨਾਰਾ ਹਨ।’’ ਉਨ੍ਹਾਂ ਐੱਮਪੀ’ਜ਼ ਨੂੰ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ ਤੇ ‘ਇਕ ਪਾਰਟੀ ਤੇ ਇੰਡੀਆ ਗੱਠਜੋੜ ਦੇ ਮੈਂਬਰ ਵਜੋਂ ਸਾਡੇ ਕੰਮ ਨਿਰਧਾਰਿਤ ਹੋ ਗਏ ਹਨ।’
ਪਿਛਲੇ ਦਿਨਾਂ ਵਿੱਚ ਸੰਸਦ ਵਿਚੋਂ ਵਿਰੋਧੀ ਧਿਰਾਂ ਦੇ 140 ਤੋਂ ਵੱਧ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਗਾਂਧੀ ਨੇ ਕਿਹਾ ਕਿ ਪਹਿਲਾਂ ਕਦੇ ਵੀ ਵਿਰੋਧੀ ਧਿਰਾਂ ਦੇ ਇੰਨੇ ਐੱਮਪੀਜ਼ ਨੂੰ ਮੁਅੱਤਲ ਨਹੀਂ ਕੀਤਾ ਗਿਆ ਤੇ ਉਹ ਵੀ ‘ਪੂਰੀ ਤਰ੍ਹਾਂ ਤਰਕਸੰਗਤ ਤੇ ਜਾਇਜ਼’ ਮੰਗ ਲਈ। ਉਨ੍ਹਾਂ ਕਿਹਾ, ‘‘13 ਦਸੰਬਰ ਨੂੰ ਸੰਸਦ ਵਿੱਚ ਜੋ ਕੁਝ ਹੋਇਆ ਉਸ ਲਈ ਕੋਈ ਬਹਾਨਾ ਨਹੀਂ ਚੱਲ ਸਕਦਾ ਤੇ ਨਾ ਹੀ ਇਸ ਨੂੰ ਉਚਿਤ ਠਹਿਰਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੂੰ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਆਪਣੇ ਵਿਚਾਰ ਰੱਖਣ ਤੇ ਰਾਸ਼ਟਰ ਨੂੰ ਸੰਬੋਧਨ ਕਰਨ ਵਿੱਚ ਚਾਰ ਦਿਨ ਲੱਗੇ ਤੇ ਉਹ ਵੀ ਉਨ੍ਹਾਂ ਸੰਸਦ ਦੇ ਬਾਹਰ ਕੀਤਾ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਅਜਿਹਾ ਕਰਕੇ ਸਦਨ ਦੇ ਗੌਰਵ ਪ੍ਰਤੀ ਆਪਣੀ ਨਫ਼ਰਤ ਤੇ ਦੇਸ਼ ਦੇ ਲੋਕਾਂ ਲਈ ਆਪਣੇ ਅਨਾਦਰ ਨੂੰ ਦਰਸਾਇਆ ਹੈ। ਭਾਜਪਾ ਜੇਕਰ ਅੱਜ ਵਿਰੋਧੀ ਧਿਰ ਵਿੱਚ ਹੁੰਦੀ ਤਾਂ ਉਹ ਕਿਸ ਤਰ੍ਹਾਂ ਪ੍ਰਤੀਕਿਰਿਆ ਵਿਖਾਉਂਦੇ, ਇਸ ਦੀ ਕਲਪਨਾ ਕਰਨੀ ਮੈਂ ਤੁਹਾਡੇ ’ਤੇ ਛੱਡਦੀ ਹਾਂ।’’ ਸਾਬਕਾ ਕਾਂਗਰਸ ਪ੍ਰਧਾਨ ਨੇ ਅਸਮਾਨੀ ਪੁੱਜੀ ਮਹਿੰਗਾਈ ਲਈ ਵੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘‘ਆਰਥਿਕ ਵਿਕਾਸ ਨੂੰ ਲੈ ਕੇ ਪ੍ਰਧਾਨ ਮੰਤਰੀ ਦੀਆਂ ਡੀਂਗਾਂ ਤੇ ਜ਼ਮੀਨੀ ਹਕੀਕਤ ਵਿੱਚ ਵੱਡਾ ਫ਼ਰਕ ਹੈ।’’ ਗਾਂਧੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਦਾ ਸੰਸਦ ਵਿੱਚ ਪਾਸ ਹੋਣਾ ਮਹਿਲਾਵਾਂ ਨੂੰ ਗੁੰਮਰਾਹ ਕਰਨ ਤੇ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਮਹਿਜ਼ ਢਕੌਸਲਾ ਸੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਪਾਰਟੀ ਦਾ ਸਟੈਂਡ ਸਪਸ਼ਟ ਹੈ। ਰਾਜ ਦਾ ਦਰਜਾ ਫੌਰੀ ਬਹਾਲ ਕੀਤਾ ਜਾਵੇ ਤੇ ਛੇਤੀ ਚੋਣਾਂ ਕਰਵਾਈਆਂ ਜਾਣ। ਪਾਰਟੀ ਨੇ ‘ਡੋਨੇਟ ਫਾਰ ਫੇਸ਼’ ਕੰਪੇਨ ਸ਼ੁਰੂ ਕੀਤੀ ਹੈ ਤੇ ਇਸ ਨਾਲ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਲਈ ਵਸੀਲੇ ਇਕੱਤਰ ਹੋਣਗੇ। ਕੋਈ ਵੀ ਭਾਰਤੀ ਜਿਸ ਦੀ ਉਮਰ 18 ਸਾਲ ਹੋਵੇ ਘੱਟੋ-ਘੱਟ 138 ਰੁਪਏ ਜਾਂ 138 ਦੇ ਮਲਟੀਪਲਜ਼ ਵਿੱਚ ਜਿਵੇਂ 1380 ਰੁਪਏ, 13800 ਰੁਪਏ...ਦਾਨ ਕਰ ਸਕਦਾ ਹੈ।’’
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸੰਸਦੀ ਕੰਪਲੈਕਸ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ। -ਪੀਟੀਆਈ

Advertisement

ਪ੍ਰਧਾਨ ਮੰਤਰੀ ਅਤੇ ਭਾਜਪਾ ਦੇਸ਼ ’ਚ ਇਕ ਪਾਰਟੀ ਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ: ਖੜਗੇ

ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਸੰਸਦੀ ਕੰਪਲੈਕਸ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਤੇ ਹੋਰ ਨੇਤਾ। -ਫੋਟੋ: ਪੀਟੀਆਈ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਦੇਸ਼ ’ਚ ਇਕ ਪਾਰਟੀ ਦਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਅਤੇ ਸੰਸਦ ’ਚੋਂ ਸੰਸਦ ਮੈਂਬਰਾਂ ਦੀ ਮੁਅੱਤਲੀ ਇਸੇ ਗੱਲ ਵੱਲ ਇਸ਼ਾਰਾ ਕਰਦੀ ਹੈ। ਖੜਗੇ ਨੇ ਕਿਹਾ ਕਿ ਉਹ ‘ਏਕ ਅਕੇਲਾ’ ਦੀ ਗੱਲ ਕਰਦੇ ਹਨ ਜੋ ਲੋਕਤੰਤਰ ਤਬਾਹ ਕਰਨ ਦੇ ਤੁੱਲ ਹੈ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁਅੱਤਲ ਕਰਕੇ ਉਨ੍ਹਾਂ ਇਹ ਸਾਬਿਤ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸ਼ਰਮਨਾਕ ਸੁਰੱਖਿਆ ਕੋਤਾਹੀ ਲਈ ਉਪਰਲੇ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰ ਸੰਸਦ ਮੈਂਬਰਾਂ ਦੇ ਲੋਕਤੰਤਰੀ ਹੱਕਾਂ ਨੂੰ ਖੋਹ ਰਹੀ ਹੈ ਅਤੇ ਆਪਣੀ ਜਵਾਬਦੇਹੀ ਤੋਂ ਭੱਜ ਰਹੀ ਹੈ। ਕਾਂਗਰਸ ਆਗੂ ਨੇ ਕਿਹਾ ਕਿ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਹ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਗ੍ਰਹਿ ਮੰਤਰੀ ਦਾ ਬਿਆਨ ਚਾਹੁੰਦੇ ਸਨ ਜਦਕਿ ਘੁਸਪੈਠੀਆਂ ਨੂੰ ਦਾਖ਼ਲੇ ਲਈ ਪਾਸ ਦੇਣ ਵਾਲੇ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਅਜੇ ਤੱਕ ਪੁੱਛ-ਪੜਤਾਲ ਸ਼ੁਰੂ ਨਹੀਂ ਹੋਈ ਹੈ ਅਤੇ ਉਹ ਖੁੱਲ੍ਹਾ ਘੁੰਮ ਰਿਹਾ ਹੈ। ਉਨ੍ਹਾਂ ‘ਐਕਸ’ ’ਤੇ ਬਿਆਨ ਪੋਸਟ ਕਰਦਿਆਂ ਕਿਹਾ,‘‘ਇਹ ਕਿਸ ਕਿਸਮ ਦੀ ਜਾਂਚ ਹੈ। ਸੰਸਦੀ ਸੁਰੱਖਿਆ ਲਈ ਜ਼ਿੰਮੇਵਾਰ ਸੀਨੀਅਰ ਅਧਿਕਾਰੀਆਂ ਨੂੰ ਜਵਾਬਦੇਹ ਕਿਉਂ ਨਹੀਂ ਬਣਾਇਆ ਗਿਆ? ਹੁਣ ਤੱਕ ਕਈ ਤਬਾਦਲੇ ਹੋ ਜਾਣੇ ਚਾਹੀਦੇ ਸਨ।’’ ਖੜਗੇ ਨੇ ਕਿਹਾ ਕਿ ਘੁਸਪੈਠੀਏ ਕਈ ਮਹੀਨਿਆਂ ਤੋਂ ਸੰਸਦ ਅੰਦਰ ਦਾਖ਼ਲ ਹੋਣ ਦੀ ਯੋਜਨਾ ਬਣਾ ਰਹੇ ਸਨ ਤਾਂ ਫਿਰ ਇੰਨੀ ਵੱਡੀ ਖ਼ੁਫ਼ੀਆ ਨਾਕਾਮੀ ਲਈ ਕੌਣ ਜ਼ਿੰਮੇਵਾਰ ਹੈ। -ਪੀਟੀਆਈ

Advertisement

Advertisement
Author Image

Advertisement