ਸਰਕਾਰ ਨੇ ਤਹਿਰੀਕ-ਏ-ਹੁਰੀਅਤ ’ਤੇ ਪਾਬੰਦੀ ਲਾਈ
ਨਵੀਂ ਦਿੱਲੀ, 31 ਦਸੰਬਰ
ਕੇਂਦਰ ਸਰਕਾਰ ਨੇ ਪਾਕਿਸਤਾਨ ਸਮਰਥਕ ਵੱਖਵਾਦੀ ਜਥੇਬੰਦੀ ਤਹਿਰੀਕ-ਏ-ਹੁਰੀਅਤ (ਟੀਈਐੱਚ) ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਸਰਗਰਮੀਆਂ ਫੈਲਾਉਣ ਅਤੇ ਭਾਰਤ ਵਿਰੋਧੀ ਕੂੜ-ਪ੍ਰਚਾਰ ਕਰਨ ਕਾਰਨ ਅੱਜ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਪੰਜ ਸਾਲ ਰਹੇਗੀ। ਪਾਕਿਸਤਾਨ ਪੱਖੀ ਇਸ ਗਰੁੱਪ ਦੀ ਅਗਵਾਈ ਪਹਿਲਾਂ ਮਰਹੂਮ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਹੱਥਾਂ ਵਿੱਚ ਸੀ। ਇਸ ਮਗਰੋਂ ਇਸ ਦੀ ਅਗਵਾਈ ਮਸੱਰਤ ਆਲਮ ਭੱਟ ਕੋਲ ਆ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਜਥੇਬੰਦੀ ’ਤੇ ਪਾਬੰਦੀ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਸਰਗਰਮੀਆਂ ਫੈਲਾਉਣ ਅਤੇ ਭਾਰਤ ਵਿਰੋਧੀ ਕੂੜ-ਪ੍ਰਚਾਰ ਵਿੱਚ ਸ਼ਮੂਲੀਅਤ ਕਾਰਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹਰ ਵਿਅਕਤੀ ਜਾਂ ਜਥੇਬੰਦੀ ਦੀ ਸਾਜ਼ਿਸ਼ ਨੂੰ ‘ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ’ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਤਹਿਤ ਨਾਕਾਮ ਕਰ ਦਿੱਤਾ ਜਾਵੇਗਾ। ਸ਼ਾਹ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਲਿਖਿਆ, ‘‘ਤਹਿਰੀਕ-ਏ-ਹੁਰੀਅਤ, ਜੰਮੂ ਕਸ਼ਮੀਰ (ਟੀਈਐੱਚ) ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਇੱਕ ‘ਗ਼ੈਰਕਾਨੂੰਨੀ ਜਥੇਬੰਦੀ’ ਐਲਾਨਿਆ ਗਿਆ ਹੈ। ਇਹ ਜਥੇਬੰਦੀ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਅਤੇ ਇਸਲਾਮਿਕ ਸ਼ਾਸਨ ਸਥਾਪਤ ਕਰਨ ਵਾਲੀਆਂ ਵਰਜਿਤ ਸਰਗਰਮੀਆਂ ਵਿੱਚ ਸ਼ਾਮਲ ਹੈ।’’ ਜ਼ਿਕਰਯੋਗ ਹੈ ਕਿ ਮਸੱਰਤ ਆਲਮ ਭੱਟ ਨੂੰ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਏਜੰਡਾ ਚਲਾਉਣ ਲਈ ਜਾਣਿਆ ਜਾਂਦਾ ਹੈ। ਭੱਟ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੀ ਪਾਰਟੀ ‘ਮੁਸਲਿਮ ਲੀਗ ਆਫ ਜੰਮੂ ਕਸ਼ਮੀਰ’ ਨੂੰ 27 ਦਸੰਬਰ ਨੂੰ ਪਾਬੰਦੀਸ਼ੁਦਾ ਜਥੇਬੰਦੀ ਐਲਾਨਿਆ ਗਿਆ ਸੀ। ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਉਦਾਰਵਾਦੀ ਹੁਰੀਅਤ ਧੜੇ ਤੋਂ ਬਾਹਰ ਨਿਕਲਣ ਮਗਰੋਂ ਸਾਲ 2004 ਵਿੱਚ ਗਿਲਾਨੀ ਵੱਲੋਂ ਤਹਿਰੀਕ-ਏ-ਹੁਰੀਅਤ ਬਣਾਈ ਗਈ ਸੀ। -ਪੀਟੀਆਈ