For the best experience, open
https://m.punjabitribuneonline.com
on your mobile browser.
Advertisement

ਮਨੁੱਖੀ ਅਨੁਭਵ ਦੇ ਸੁਨਹਿਰੀ ਕਿਣਕੇ

11:34 AM Jul 23, 2023 IST
ਮਨੁੱਖੀ ਅਨੁਭਵ ਦੇ ਸੁਨਹਿਰੀ ਕਿਣਕੇ
Advertisement

ਯਾਦਾਂ ਮਨੁੱਖੀ ਅਨੁਭਵ ਦੇ ਸੁਨਹਿਰੀ ਕਿਣਕਿਆਂ ਵਾਂਗ ਹੁੰਦੀਆਂ ਹਨ ਜੋ ਸਾਰੀ ਉਮਰ ਮਨੋ-ਸਿਮਰਤੀ ਵਿੱਚ ਪੌਣਾਂ ਵਾਂਗ ਰੁਮਕਦੀਆਂ ਰਹਿੰਦੀਆਂ ਹਨ। ਲੇਖਕ ਕੋਲ ਜ਼ਿੰਦਗੀ ਨੂੰ ਦੇਖਣ/ਵਾਚਣ/ਸਮਝਣ ਦਾ ਆਪਣਾ ਸੱਚ ਹੁੰਦਾ ਹੈ। ਸੰਵੇਦਨਸ਼ੀਲ ਹੋਣ ਕਰਕੇ ਉਹਦੇ ਕੋਲ ਆਪਣਾ ਅਨੁਭਵ ਦੂਜਿਆਂ ਨਾਲ ਸਾਂਝਾ ਕਰਨ ਦੀ ਸ਼ਾਬਦਿਕ ਕਲਾ ਹੁੰਦੀ ਹੈ। ਉਹ ਇੱਕ ਇੱਕ ਸ਼ਬਦ ਰਾਹੀਂ ਜ਼ਿੰਦਗੀ ਦੇ ਰਾਜ਼ ਖੋਲ੍ਹ ਕੇ ਪਾਠਕਾਂ ਸਾਹਮਣੇ ਰੱਖ ਦਿੰਦਾ ਹੈ।
ਚੰਦਨ ਨੇਗੀ ਪੰਜਾਬੀ ਗਲਪ ਦੀ ਉੱਚ-ਦੁਮਾਲੜੇ ਵਾਲੀ ਲੇਖਿਕਾ ਹੈ। ਉਸ ਕੋਲ ਜ਼ਿੰਦਗੀ ਦੇ ਵਸੀਹ ਤਜਰਬੇ ਦੇ ਨਾਲ ਨਾਲ ਗਲਪੀ ਭਾਸ਼ਾ ਦਾ ਚੋਖਾ ਭੰਡਾਰ ਹੈ। ਉਸ ਦੇ ਨਾਵਲ, ਖ਼ਾਸਕਰ ਦੇਸ਼ਵੰਡ ’ਤੇ ਲਿਖੇ, ਇਸ ਪੱਖੋਂ ਬੜੇ ਪ੍ਰਭਾਵਸ਼ਾਲੀ ਹਨ। ਹੱਥਲੀ ਕਿਤਾਬ ‘ਚਿਤਵਣੀਆਂ’ (ਕੀਮਤ: 700 ਰੁਪਏ; ਆਰਸੀ ਪਬਲਿਸ਼ਰਜ, ਨਵੀਂ ਦਿੱਲੀ) ਵੀ ਉਹਦੀ ਜ਼ਿੰਦਗੀ ਦੀਆਂ ਯਾਦਾਂ ਦੇ ਗਲਪੀ ਪਾਠ ਹਨ। ਇਸ ਦੀ ਰਚਨਾ ਬਾਰੇ ਉਹਦਾ ਕਥਨ ਹੈ:
ਜੀਵਨ ਦੀ ਸੜਕ ਉੱਤੇ ਸਹਿਜੇ ਸਹਿਜੇ ਟੁਰਦੇ ਵੀ ਕੰਡੇ, ਰੋੜੇ, ਪੱਥਰ ਪੈਰਾਂ ਨਾਲ ਆ ਟਕਰਾਉਂਦੇ ਹਨ ਤੇ ਕਿਸੇ ਨਾ ਕਿਸੇ ਬਹਾਨੇ ਪੈਰ ਜ਼ਖਮੀ ਹੁੰਦੇ ਰਹਿੰਦੇ ਹਨ। ਇਨ੍ਹਾਂ ਜ਼ਖ਼ਮਾਂ ਦੀ ਖੁਰਚਣ ਤੇ ਨਿਸ਼ਾਨ ਸਾਰੀ ਹਯਾਤੀ ਚੋਟ ਲੱਗਣ ਦਾ ਦਰਦ ਚੇਤੇ ਕਰਾਉਂਦੇ ਰਹਿੰਦੇ ਹਨ। ਚਿੱਤ-ਚੇਤਿਆਂ ਦੀਆਂ ਕਿਤਾਬਾਂ ਬਣ ਜਾਂਦੀਆਂ ਹਨ। ਕਦੀ ਕਦੀ ਮੇਰਾ ਦਿਲ ਇਸ ਲੰਮੀ ਹਯਾਤੀ ਦੀ
ਕਿਤਾਬ ਨੂੰ ਚਿਤਵਦੇ ਉਕਤਾ ਜਾਂਦਾ ਹੈ। ਇਸ ਨੂੰ ਠੱਪ ਕੇ ਇੱਕ ਕੋਨੇ ਵਿੱਚ ਸੁੱਟਣ ’ਤੇ ਜੀਅ ਕਰਦਾ ਹੈ। ਜਿੰਨੀ ਪੜ੍ਹ ਲਈ ਏ ਕਾਫ਼ੀ, ਬਹੁਤ ਏ। ਨਾ ਇਹ ਕਿਤਾਬ ਬੰਦ ਕਰ ਸਕਦੀ ਹਾਂ... ਨਾ ਚਿਤਵਣੀਆਂ ਦੇ ਜੰਜਾਲ ’ਚੋਂ ਨਿਕਲ ਸਕਦੀ ਹਾਂ।’
ਬਚਪਨ ਬੜਾ ਮਾਸੂਮ ਹੁੰਦਾ ਹੈ। ਜਦੋਂ ਛੋਟੀ ਉਮਰੇ ਜੰਜਾਲ ਪੈ ਜਾਂਦੇ ਹਨ ਤਾਂ ਬਾਲ-ਮਨ ਨੂੰ ਸਮਝ ਨਹੀਂ ਆਉਂਦੀ ਕਿ ਇਹ ਮਾਜਰਾ ਕੀ ਏ। ਜਿਹੜੀ ਚੀਜ਼ ਦੀ ਉਨ੍ਹਾਂ ਨੂੰ ਸਭ ਤੋਂ ਵੱਧ ਅਭਿਲਾਸ਼ਾ ਹੈ, ਉਹ ਉਨ੍ਹਾਂ ਕੋਲੋਂ ਕੌਣ ਖੋਹ ਕੇ ਲੈ ਗਿਆ ਹੈ। ਬਚਪਨ ਵਿੱਚ ਲੇਖਿਕਾ ਦੀ ਮਾਂ ਉਹਨੂੰ ਤੇ ਉਹਦੇ ਭਰਾ ਜੀਤ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਲੇਖਿਕਾ ਨੂੰ ਜਦੋਂ ਉਹਦਾ ਮਾਮਾ ਪਿਆਰ ਨਾਲ ਸਮਝਾਉਂਦਾ ਹੈ ਕਿ ‘‘ਪੁੱਤਰ ਸਵੇਰੇ ਗੁਰਦੁਆਰੇ ਮੱਥਾ ਟੇਕੋ, ਜੋ ਮੰਗੋ ਬਾਬਾ ਜੀ ਦਿੰਦੇ ਨੇ, ਜੋ ਚਾਹੋ ਉਹ ਮਿਲਦੈ।’’
‘‘ਝਾਈ ਵੀ ਬਾਬਾ ਜੀ ਦੇ ਦੇਸਨ...?’’
‘‘ਪੁੱਤਰ ਝਾਈ ਤਾਂ ਬਾਬਾ ਜੀ ਕੋਲ ਚਲੀ ਗਈ ਏ।’’
‘‘ਤਾਂ ਦੇਂਦੇ ਕਿਉਂ ਨੀਗਾ? ਆਪਣੇ ਕੋਲ ਕਿਉਂ
ਰਖਵਾ ਨੇ?’’
ਰੱਬ ਨੂੰ ਨੀ ਪਤਾ ਝਾਈ ਦੇ ਦੋ ਛੋਟੇ ਬਾਲ ਰੋਂਦੇ ਹੋਸਨ- ‘‘ਕੌਣ ਖਿਆਲ ਰਖਸੀ ਉਨ੍ਹਾਂ ਦਾ? ਕੌਣ ਰੋਟੀ ਦੇਸੀ? ਭਾਪਾ ਜੀ ਤਾਂ ਦਫ਼ਤਰ ਚਲੇ ਜਾਂਦੇਨ...।’’
ਅਜਿਹੇ ਬਾਲ-ਸਵਾਲ ਤੇ ਮਾਸੂਮੀਅਤ ਪਾਠਕ ਨੂੰ ਭਾਵੁਕ ਕਰ ਦਿੰਦੀ ਹੈ। ਬਚਪਨ ਦੀ ਇਸ ਇਕੱਲਤਾ ਤੇ ਘੋਖ ਨੇ ਲੇਖਕ ਬਣਨ ਦੀ ਭੂਮੀ ਤਿਆਰ ਕੀਤੀ। ਇਸ ਮਾਸੂਮੀਅਤ ਵਿੱਚੋਂ ਹੀ ਉਨ੍ਹਾਂ ਨੂੰ ਨਵੀਂ ਮਾਂ ਮਿਲਦੀ ਹੈ। ਇਸ ਪਾਠ ਵਿੱਚ ਬਚਪਨ ਦੀ ਮਾਸੂਮੀਅਤ ਹੋਰ ਉੱਭਰਦੀ ਹੈ ਜਦੋਂ ਉਨ੍ਹਾਂ ਦੀ ਨਵੀਂ ਮਾਂ ਆਉਂਦੀ ਹੈ:
ਜਦੋਂ ਵਾਪਸ ਪਿਸ਼ਾਵਰ ਆਏ, ਮੈਂ ਤੇ ਜੀਤ ਬੜਾ ਆਕੜ ਕੇ ਤੁਰ ਰਹੇ ਸਾਂ, ਬੇਹੱਦ ਖ਼ੁਸ਼ ਸਾਂ। ਭਾਪਾ ਜੀ ਦੇ ਪਿੱਛੇ ਲੰਮੀ ਪਤਲੀ ਕੁੜੀ, ਲੰਮੇ ਘੁੰਡ ਨਾਲ ਮੂੰਹ ਕੱਜਿਆ ਤੁਰ ਰਹੀ ਸੀ। ਗਲੀ ਦੀਆਂ ਔਰਤਾਂ, ਹੱਥਲੇ ਕੰਮ ਛੱਡ ਕੇ ਆਪਣੇ ਬੂਹਿਆਂ-ਬਾਰੀਆਂ ਵਿੱਚੋਂ ਝਾਤੀਆਂ ਮਾਰਨ ਲੱਗੀਆਂ। ਸਾਡੀਆਂ ਸਹੇਲੀਆਂ, ਦੋਸਤ ਸਾਰੇ ਬੱਚੇ ਸਾਡੇ ਨਾਲ ਨਾਲ ਝੁੰਡ ਬਣਾ ਕੇ ਤੁਰਨ ਲੱਗੇ। ‘‘ਚੰਦਨ ਦੀ ਨਵੀਂ ਝਾਈ।’’ ਸਾਡੀ ਆਕੜ ਤੇ ਖ਼ੁਸ਼ੀ ਨਹੀਂ ਸੀ ਮਿਟਦੀ। ਸਾਡੀ ਵੀ ਝਾਈ ਜੀ ਆ ਗਈ ਸੀ।’’
‘ਨਿੰਮੋਲੀਆਂ’ ਦਾ ਮੈਟਾਫਰ ਲੇਖਿਕਾ ਦਾ ਮਨਭਾਉਂਦਾ ਹੈ। ਉਹਦੀ ਸਾਹਿਤਕ ਸਵੈਜੀਵਨੀ ਦਾ ਨਾਂ ਵੀ ‘ਨਿੰਮੋਲੀਆਂ ਦੇ ਹਾਰ’ ਹੈ। ਇਸ ਕਿਤਾਬ ਵਿੱਚ ਵੀ ਇੱਕ ਪਾਠ ਦਾ ਨਾਂ ‘ਸੁਨਹਿਰੀ ਨਿੰਮੋਲੀਆਂ’ ਹੈ। ਇਸ ਵਿੱਚ ਸਕੂਲ ਦੀ ਇੱਕ ਯਾਦ ਸਾਂਝੀ ਕਰਦਿਆਂ ਲੇਖਿਕਾ ਲਿਖਦੀ ਹੈ:
ਸਕੂਲ ਵਿੱਚ ਬੜੀ ਸ਼ਾਬਾਸ਼ ਮਿਲਦੀ ਸੀ। ਮੈਡਮਾਂ ਆਪਸ ਵਿੱਚ ਗੱਲਾਂ ਕਰਦੀਆਂ ‘‘ਚੰਦਨ ਬੜੀ ਸ਼ੁੱਧ ਬਾਣੀ ਪੜ੍ਹਦੀ ਹੈ।’’ ਸਕੂਲ ਦਸਵੀਂ ਤੱਕ ਸੀ। ਵੱਡੀਆਂ ਕੁੜੀਆਂ ਸਵੇਰੇ ਅਰਦਾਸ ਕਰਨ, ਵਾਕ ਲੈਣ ਤੋਂ ਕਤਰਾਉਂਦੀਆਂ ਸਨ। ਗੰਗਾ ਭੈਣ ਜੀ ਆਵਾਜ਼ ਮਾਰਦੇ- ‘‘ਆ ਚੰਦਨ, ਇਨ੍ਹਾਂ ਵੱਡੀਆਂ ਨੂੰ ਸ਼ਰਮ ਨਹੀਂ ਆਉਂਦੀ ਹਿੜ ਹਿੜ ਕਰਾ ਲਓ ਜਿੰਨੀ ਮਰਜ਼ੀ...’’ ਤੇ ਉਹ ਪਲ ਜਦੋਂ ਮੈਂ ਹਾਲ ਵਿੱਚ ਛੋਟੀ ਕਲਾਸ ਵਿੱਚ ਸਭ ਤੋਂ ਪਿੱਛੇ ਬੈਠੀ ਮੁਸਕ੍ਰਾਉਂਦੀ ਕੀਰਤਨ ਕਰਨ ਵਾਲੀਆਂ ਬੀਬੀਆਂ ਕੁੜੀਆਂ ਕੋਲੋਂ ਲੰਘ ਕੇ ਬਾਬਾ ਜੀ ਦੇ ਪ੍ਰਕਾਸ਼ ਸਥਾਨ ਉੱਤੇ ਪਹੁੰਚ ਕੇ ਵਾਕ ਸਾਹਿਬ ਲੈਣਾ ਸ਼ੁਰੂ ਕਰਦੀ ਸਾਂ। ਇਸ ਪਲ ਦੀ ਚਿਤਵਣੀ ਸਦਾ ਮੇਰੇ ਅੰਗ-ਸੰਗ ਰਹੀ ਹੈ।
ਇਸ ਵਿੱਚ ਉਸ ਸੰਪਰਦਾਇਕਤਾ ਦਾ ਵਰਣਨ ਵੀ ਮਿਲਦਾ ਹੈ ਜੋ ਅੰਗਰੇਜ਼ੀ ਰਾਜ ਆਉਣ ਕਰਕੇ ਪੈਦਾ ਹੁੰਦੀ ਹੈ। ਲੇਖਿਕਾ ਨੂੰ ਇਹ ਸਮਝ ਨਹੀਂ ਆਉਂਦੀ ਕਿ ਰੋਟੀ ਤਾਂ ਸਾਰੇ ਇੱਕੋ ਜਿਹੀ ਖਾਂਦੇ ਹਨ ਫਿਰ ਹਿੰਦੂ ਤੇ ਮੁਸਲਮਾਨ ਰੋਟੀ ਵੱਖਰੀ ਕਿਵੇਂ ਹੁੰਦੀ ਹੈ? ਖਾਣ ਵਾਲੀ ਰੋਟੀ ਨਾਲ ਇੱਜ਼ਤ ਦਾ ਕੀ ਮਤਲਬ? ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਕਥਾ ਸੁਣ ਕੇ ਪਤਾ ਲੱਗਿਆ ਕਿ ਮੁਸਲਮਾਨ ਬਾਦਸ਼ਾਹਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਸੀ। ਬੜੇ ਜ਼ੁਲਮ ਕੀਤੇ ਸਨ, ਪਰ ਰੋਟੀ ਦੇ ਮੁਸਲਮਾਨ ਹੋਣ ਦੀ ਲੇਖਿਕਾ ਨੂੰ ਸਮਝ ਨਹੀਂ ਪੈਂਦੀ। ਇਹ ਅਸਲ ਵਿੱਚ ਬਸਤੀਵਾਦੀ ਹਾਕਮਾਂ ਦਾ ਪਾੜੋ ਤੇ ਰਾਜ ਕਰੋ ਦਾ ਪੈਂਤੜਾ ਸੀ ਜਿਸ ਲਈ ਉਨ੍ਹਾਂ ਨੇ ਇਤਿਹਾਸ ਦੀ ਦੁਰਵਰਤੋਂ ਕਰਕੇ ਫ਼ਿਰਕਿਆਂ ਵਿੱਚ ਵੰਡੀਆਂ ਪਾ ਦਿੱਤੀਆਂ।
ਆਪਣੇ ਵਡੇਰਿਆਂ ਦਾ ਜ਼ਿਕਰ ਵੀ ਲੇਖਿਕਾ ਨੇ ਬੜੀ ਹੁੱਬ ਨਾਲ ਕੀਤਾ ਹੈ। ਉਹਦੇ ਪਰਿਵਾਰ ਨੇ ਅਕਾਲੀ ਮੋਰਚਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਉਹਦੇ ਦਾਦਕੇ ਅਫ਼ਗਾਨ ਸਨ। ਦਾਦਾ ਜੀ ਸ. ਰਾਮ ਸਿੰਘ ਚੋਪੜਾ ਕਾਬਲ ਦੇ ਸ਼ਹਿਰ ਕੱਜਾ ਦੇ ਵਸਨੀਕ ਸਨ। ਸੁੱਕੇ ਮੇਵਿਆਂ ਦੇ ਵਪਾਰੀ ਸਨ। ਜਦੋਂ ਇਸ ਵਪਾਰ ਵਿੱਚ ਘਾਟੇ ਪੈ ਗਏ ਤਾਂ ਜਲਾਲਾਬਾਦ ਛੱਡ ਪਿਸ਼ਾਵਰ ਆ ਗਏ। ਇੱਥੇ ਆ ਕੇ ਸੁੱਕੇ ਮੇਵਿਆਂ ਦਾ ਦੁਬਾਰਾ ਵਪਾਰ ਸ਼ੁਰੂ ਕੀਤਾ। ਦਾਦਾ ਜੀ ਅਕਾਲੀ ਲਹਿਰ ਦੇ ਮੋਰਚਿਆਂ ਦੇ ਸਿਰਕੱਢ ਮੈਂਬਰ ਸਨ। ਗੁਰੂ ਕੇ ਬਾਗ ਦੇ ਮੋਰਚੇ ਵੇਲੇ ਉਹਦੇ ਦੋ ਤਾਏ, ਇੱਕ ਫੁੱਫੜ ਤੇ ਦਾਦਾ ਜੀ ਸਮੇਤ ਕਈ ਜਣੇ ਪਿਸ਼ਾਵਰ ਤੋਂ ਜਥਾ ਲੈ ਕੇ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੂੰ ਦੋ ਦੋ ਸਾਲ ਦੀ ਕੈਦ ਹੋ ਗਈ ਜੋ ਉਨ੍ਹਾਂ ਨੇ ਮੁਲਤਾਨ ਜੇਲ੍ਹ ਵਿੱਚ ਕੱਟੀ ਤੇ ਉਹ ਸਾਰੇ ਤਸੀਹੇ ਝੱਲੇ ਜੋ ਉਸ ਵੇਲੇ ਦੀ ਅੰਗਰੇਜ਼ੀ ਸਰਕਾਰ ਦਿੰਦੀ ਸੀ। ਮੁਲਤਾਨ ਜੇਲ੍ਹ ਵਿੱਚ ਉਨ੍ਹਾਂ ਨਾਲ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ, ਬਾਬਾ ਖੜਕ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਤੇ ਪ੍ਰੋਫੈਸਰ ਨਰਿੰਜਣ ਸਿੰਘ ਵੀ ਸਨ।
ਇਹ ਯਾਦਾਂ ਜਿਊਂਦਾ ਇਤਿਹਾਸ ਵੀ ਹਨ। ਬਹੁਤ ਸਾਰੀਆਂ ਇਤਿਹਾਸਕ ਸ਼ਖ਼ਸੀਅਤਾਂ ਦਾ ਇਸ ਵਿੱਚ ਜ਼ਿਕਰ ਮਿਲਦਾ ਹੈ ਜਿਵੇਂ ਮਹਾਤਮਾ ਗਾਂਧੀ, ਖਾਨ ਅਬਦੁਲ ਗਫ਼ਾਰ ਖਾਨ, ਲਾਰਡ ਵੇਵਲ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ, ਜਨਰਲ ਕਰਿਅੱਪਾ, ਲੇਖਕਾਂ ਵਿੱਚ ਪ੍ਰੋਫੈਸਰ ਉੱਜਲ ਸਿੰਘ ਬਾਹਰੀ ਜੋ ਲੇਖਿਕਾ ਦੇ ਮਾਮਾ ਜੀ ਸਨ, ਰਜਿੰਦਰ ਸਿੰਘ ਬੇਦੀ, ਪ੍ਰਿੰਸੀਪਲ ਤੇਜਾ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ, ਵਣਜਾਰਾ ਬੇਦੀ, ਜਸਵੰਤ ਸਿੰਘ ਕੰਵਲ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ, ਭੂਪਿੰਦਰ ਸੂਦਨ, ਮਹਿੰਦਰ ਕਪੂਰ ਤੇ ਜੱਗਾ ਡਾਕੂ ਆਦਿ। ਇਹ ਯਾਦਾਂ ਅਥਵਾ ਚਿਤਵਣੀਆਂ ਲੋਕ ਧਾਰਾ, ਮਿੱਥਾਂ, ਸਾਂਝਾਂ, ਇਤਿਹਾਸ, ਸੱਭਿਆਚਾਰ, ਰਾਜਨੀਤੀ, ਧਰਮ, ਭਾਸ਼ਾ, ਸਿੱਖਿਆ ਤੇ ਹੋਰ ਕਈ ਮਸਲਿਆਂ ਨਾਲ ਓਤਪੋਤ ਹਨ। ਇਨ੍ਹਾਂ ਵਿਚਲਾ ਤਜਰਬਾ ਤੇ ਸਚਾਈਆਂ ਸਾਹਿਤ ਦੇ ਕੀਮਤੀ ਪੱਖ ਹਨ। ਇਨ੍ਹਾਂ ਤੋਂ ਇਲਾਵਾ ਲੇਖਿਕਾ ਨੇ ਆਪਣੀ ਸਿਰਜਣਾ, ਪਾਤਰ ਤੇ ਕਲਾ ਕੌਸ਼ਲਤਾ ਨਾਲ ਜੁੜੇ ਪੱਖ ਵੀ ਸਾਂਝੇ ਕੀਤੇ ਹਨ। ਉਹਦੇ ਕੋਲ ਗਲਪੀ ਰਸ ਵਾਲੀ ਭਾਸ਼ਾ ਹੈ। ਉਹਦੀ ਮਾਂ ਬੋਲੀ ਹਿੰਦਕੋ ਹੈ ਜੋ ਅੱਜਕੱਲ੍ਹ ਪਾਕਿਸਤਾਨ ਵਿਚ ਬੋਲੀ ਜਾਂਦੀ ਹੈ। ਇਸ ਬੋਲੀ ਦੀ ਮਿਠਾਸ ਨਾਲ ਉਹ ਸ਼ਬਦਾਂ ਨੂੰ ਨਰਮ, ਕੋਮਲ ਤੇ ਸੰਵੇਦਨਾਮਈ ਬਣਾ ਕੇ ਪਾਠਕਾਂ ਨੂੰ ਕੀਲ ਲੈਂਦੀ ਹੈ। ਇਸ ਕਿਤਾਬ ਵਿੱਚ ਬਹੁਤ ਕੁਝ ਸਮਝਣ/ਸਿੱਖਣ/ਮਾਣਨ ਵਾਲਾ ਹੈ।
ਸੰਪਰਕ: 94173-58120

Advertisement

Advertisement
Advertisement
Author Image

sukhwinder singh

View all posts

Advertisement