For the best experience, open
https://m.punjabitribuneonline.com
on your mobile browser.
Advertisement

ਸੋਨਾ ਫੁੰਡਣ ਵਾਲੇ ਪੈਰਾ-ਅਥਲੀਟ ਨੇ ਡੀਸੀ ਦਫ਼ਤਰ ਅੱਗੇ ਬੂਟ ਪਾਲਿਸ਼ ਕੀਤੇ

07:18 AM Jul 25, 2024 IST
ਸੋਨਾ ਫੁੰਡਣ ਵਾਲੇ ਪੈਰਾ ਅਥਲੀਟ ਨੇ ਡੀਸੀ ਦਫ਼ਤਰ ਅੱਗੇ ਬੂਟ ਪਾਲਿਸ਼ ਕੀਤੇ
ਪੈਰਾ-ਅਥਲੀਟ ਤਰੁਣ ਸ਼ਰਮਾ ਬੂਟ ਪਾਲਿਸ਼ ਕਰਦੇ ਹੋਏ। -ਫੋਟੋ: ਅਸ਼ਵਨੀ ਧੀਮਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੁਲਾਈ
ਅਧਰੰਗ ਹੋਣ ਦੇ ਬਾਵਜੂਦ ਪੈਰਾ-ਕਰਾਟੇ ’ਚ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਤੇ ਅੰਤਰਰਾਸ਼ਟਰੀ ਪੱਧਰ ’ਤੇ 18 ਸੋਨ ਤਗ਼ਮੇ ਤੇ ਹੋਰ ਤਗ਼ਮੇ ਜਿੱਤਣ ਵਾਲਾ ਖੰਨਾ ਦੇ ਰਹਿਣ ਵਾਲੇ ਖਿਡਾਰੀ ਤਰੁਣ ਸ਼ਰਮਾ ਨੇ ਅੱਜ ਡੀਸੀ ਦਫ਼ਤਰ ਦੇ ਬਾਹਰ ਬੂਟ ਪਾਲਿਸ਼ ਕਰ ਕੇ ਰੋਸ ਜ਼ਾਹਰ ਕੀਤਾ। ਤਰੁਣ ਨੇ ਦੱਸਿਆ ਕਿ ਉਸ ਨੂੰ ਸਰਕਾਰੀ ਵਿਭਾਗ ’ਚ ਨੌਕਰੀ ਦੀ ਆਫਰ ਮਿਲਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ। ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਨ ਤੋਂ ਬਾਅਦ ਵੀ ਤਰੁਣ ਘਰ ਦਾ ਖਰਚਾ ਚਲਾਉਣ ਲਈ ਸਬਜ਼ੀ ਵੇਚ ਰਿਹਾ ਹੈ। ਖੇਡਾਂ ਲਈ ਵਿਭਾਗ ਨੇ ਪੈਸੇ ਨਹੀਂ ਦਿੱਤੇ ਤਾਂ ਆਪਣੇ ਵੱਲੋਂ ਕਰਜ਼ਾ ਚੁੱਕ ਕੇ ਉਹ ਵਿਦੇਸ਼ਾਂ ’ਚ ਖੇਡਣ ਗਿਆ, ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਹ ਕਰਜ਼ਾਈ ਹੋ ਗਿਆ। ਇਸ ਦੌਰਾਨ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਸਰਕਾਰਾਂ ਨੇ ਪੈਸੇ ਨਹੀਂ ਦਿੱਤੇ, ਪਰ ਪੰਜਾਬੀ ਗਾਇਕ ਕਰਨ ਔਜਲਾ ਨੇ ਚਾਰ ਦਿਨ ਪਹਿਲਾਂ ਤਰੁਣ ਸ਼ਰਮਾ ਬਾਰੇ ਪੜ੍ਹ ਕੇ ਉਸ ਨਾਲ ਸੰਪਰਕ ਕੀਤਾ ਤੇ ਉਸਦਾ 9 ਲੱਖ ਰੁਪਏ ਦਾ ਕਰਜ਼ਾ ਅਦਾ ਕੀਤਾ ਤਾਂ ਕਿ ਉਹ ਅੱਗੇ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ। ਸੋਸ਼ਲ ਵਰਕਰ ਕੁਮਾਰ ਗੌਰਵ ਸੱਚਾ ਯਾਦਵ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਵੀ ਅੱਜ ਡੀਸੀ ਦਫ਼ਤਰ ਦੇ ਬਾਹਰ ਇਸ ਚੰਗੇ ਖਿਡਾਰੀ ਨੂੰ ਲੈ ਕੇ ਪੁੱਜ ਗਏ ਤੇ ਪ੍ਰਦਰਸ਼ਨ ਕਰਨ ਮਗਰੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਤਾਂ ਕਿ ਉਸਦੀ ਬਣਦੀ ਨੌਕਰੀ ਉਸਨੂੰ ਮਿਲ ਸਕੇ। ਤਰੁਣ ਸ਼ਰਮਾ ਨੇ ਦੱਸਿਆ ਕਿ ਉਹ 6 ਸਾਲ ਦਾ ਸੀ, ਜਦੋਂ ਉਸਨੂੰ ਬੁਖਾਰ ਚੜ੍ਹ ਗਿਆ ਸੀ ਤੇ ਬੁਖਾਰ ਦਿਮਾਗ ’ਤੇ ਚੜ੍ਹ ਜਾਣ ਕਾਰਨ ਉਸਦੇ ਸਰੀਰ ਦਾ ਅੱਧਾ ਹਿੱਸਾ ਕੰਮ ਕਰਨਾ ਬੰਦ ਕਰ ਗਿਆ। ਪਿਤਾ ਰਾਮ ਮੂਰਤੀ ਸ਼ਰਮਾ ਨੇ ਉਸ ਨੂੰ ਪੈਰਾ-ਕਰਾਟੇ ਦੀ ਖੇਡ ’ਚ ਪਾ ਦਿੱਤਾ। ਖੇਡ ਕਾਫ਼ੀ ਚੰਗੀ ਖੇਡਿਆ ਤੇ ਸਰੀਰ ਦਾ ਰੁਕਿਆ ਹਿੱਸਾ ਵੀ 50 ਫੀਸਦੀ ਚੱਲ ਪਿਆ। ਤਰੁਣ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਦਾ ਇੱਕਲੌਤਾ ਪੈਰਾ-ਕਰਾਟੇ ਖਿਡਾਰੀ ਹੈ। ਉਸਨੇ ਵਿਦੇਸ਼ਾਂ ’ਚ ਜਾ ਕੇ 18 ਸੋਨ ਤਗ਼ਮਿਆਂ ਦੇ ਨਾਲ-ਨਾਲ ਹੋਰ ਕਈ ਤਗ਼ਮੇ ਵੀ ਜਿੱਤੇ ਹਨ। ਜਦੋਂ ਵਿਭਾਗ ਵੱਲੋਂ ਜਾਂ ਫਿਰ ਉਸ ਕੋਲ ਪੈਸੇ ਨਾ ਹੁੰਦੇ ਤਾਂ ਉਸ ਦੇ ਪਿਤਾ ਕਰਜ਼ਾ ਚੁੱਕ ਕੇ ਵੀ ਉਸਨੂੰ ਵਿਦੇਸ਼ ’ਚ ਖੇਡਾਂ ਲਈ ਭੇਜਦੇ ਤਾਂ ਕਿ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕੇ। ਉਸ ਨੇ ਆਪਣੀ ਮਿਹਨਤ ਨਾਲ ਪਿਤਾ ਦਾ ਸੁਪਨਾ ਪੂਰਾ ਵੀ ਕੀਤਾ, ਪਰ ਇਸ ਦੌਰਾਨ ਉਸਦੇ ਸਿਰ ’ਤੇ 12 ਲੱਖ ਦਾ ਕਰਜ਼ਾ ਚੜ੍ਹ ਗਿਆ। ਪਿਛਲੀਆਂ ਸਰਕਾਰਾਂ ਦੇ ਵੱਲੋਂ ਉਸਨੂੰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਗਿਆ, ਪਰ ਨੌਕਰੀ ਨਹੀਂ ਮਿਲੀ।
ਉਸ ਸਮੇਂ ਸਾਬਕਾ ਮੰਤਰੀ ਮੀਤ ਹੇਅਰ ਵਿਧਾਇਕ ਸਨ ਤੇ ਉਨ੍ਹਾਂ 18 ਖਿਡਾਰੀਆਂ ਦੇ ਨਾਲ ਪ੍ਰਦਰਸ਼ਨ ਕੀਤਾ ਸੀ ਤੇ ਸਰਕਾਰੀ ਨੌਕਰੀ ਮੰਗੀ ਸੀ। ਪ੍ਰਦਰਸ਼ਨ ਦੌਰਾਨ ਉਨ੍ਹਾਂ ’ਤੇ ਲਾਠੀਚਾਰਜ ਵੀ ਹੋਇਆ ਸੀ, ਪਰ ਨੌਕਰੀ ਫਿਰ ਵੀ ਨਹੀਂ ਮਿਲੀ। ਉਸ ਨੇ ਕਿਹਾ ਕਿ ਸਾਬਕਾ ਮੰਤਰੀ ਮੀਤ ਹੇਅਰ ਨੇ ਵਾਅਦਾ ਕੀਤਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਨੂੰ ਜ਼ਰੂਰ ਨੌਕਰੀ ਦਿੱਤੀ ਜਾਵੇਗੀ, ਪਰ ਹੁਣ ਸਰਕਾਰ ਬਣੇ ਨੂੰ ਵੀ ਢਾਈ ਸਾਲ ਬੀਤ ਚੁੱਕੇ ਹਨ, ਪਰ ਕੁਝ ਨਹੀਂ ਹੋਇਆ। ਮੌਜੂਦਾ ਸਰਕਾਰ ਨੇ ਦੋ ਵਾਰ ਸਰਕਾਰੀ ਸਪੋਰਟਸ ਵਿਭਾਗ ’ਚ ਨੌਕਰੀ ਦੀ ਆਫ਼ਰ ਭੇਜੀ, ਪਰ ਨੌਕਰੀ ਜੁਆਇਨ ਨਹੀਂ ਕਰਵਾਈ। ਹੁਣ ਉਹ ਸਰਕਾਰ ਤੋਂ ਇਹੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਲਾਅਰੇ ’ਚ ਨਾ ਰੱਖਿਆ ਜਾਵੇ ਤੇ ਉਸ ਦਾ ਬਣਦਾ ਸਨਮਾਨ ਤੇ ਨੌਕਰੀ ਦਿੱਤੀ ਜਾਵੇ। ਤਰੁਣ ਨੇ ਕਿਹਾ ਕਿ ਉਹ ਸਰਕਾਰ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਉਸਦਾ ਅਤੇ ਉਸਦੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ।

Advertisement

Advertisement
Author Image

Advertisement
Advertisement
×