For the best experience, open
https://m.punjabitribuneonline.com
on your mobile browser.
Advertisement

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਸ਼ੁਰੂ

08:58 AM Mar 29, 2024 IST
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਸ਼ੁਰੂ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਕਰਦੇ ਹੋਏ ਯੂਕੇ ਦੀ ਜਥੇਬੰਦੀ ਦੇ ਮੈਂਬਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਮਾਰਚ
ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਹੋ ਗਈ ਹੈ ਜੋ 10 ਤੋਂ 15 ਦਿਨ ਚੱਲੇਗੀ। ਇੱਥੇ ਲੱਗੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਹਰ ਸਾਲ ਹੀ ਕੀਤੀ ਜਾਂਦੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਇਹ ਸੇਵਾ ਯੂਕੇ ਦੀ ਜਥੇਬੰਦੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ ਜੋ ਹਰ ਸਾਲ ਕੁਦਰਤੀ ਢੰਗ ਨਾਲ ਹਰਿਮੰਦਰ ਸਾਹਿਬ ’ਤੇ ਲੱਗੇ ਸਮੁੱਚੇ ਸੋਨੇ ਦੀ ਧੁਆਈ ਦੀ ਸੇਵਾ ਕਰਦੇ ਹਨ। ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਭਲਕੇ ਅਰਦਾਸ ਤੋਂ ਬਾਅਦ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕੀਤੀ ਗਈ ਜੋ 10 ਤੋਂ 15 ਦਿਨ ਚੱਲੇਗੀ। ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੀ ਸੰਗਤ ਵੱਲੋਂ ਕੀਤੀ ਜਾ ਰਹੀ ਹੈ।
ਜਥੇਬੰਦੀ ਦੇ ਮੁਖੀ ਭਾਈ ਮਹਿੰਦਰ ਸਿੰਘ ਯੂਕੇ ਦੀ ਨਿਗਰਾਨੀ ਹੇਠ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੀ ਧੁਆਈ ਲਈ ਰੀਠੇ ਦੇ ਪਾਣੀ ਦੀ ਵਰਤੋਂ ਕਰਦਿਆਂ ਪੱਤਰਿਆਂ ’ਤੇ ਜੰਮੀ ਮੈਲ ਨੂੰ ਉਤਾਰਿਆ ਜਾਂਦਾ ਹੈ ਅਤੇ ਮੁੜ ਸੋਨੇ ਨੂੰ ਚਮਕਾਇਆ ਜਾਂਦਾ ਹੈ। ਰੀਠੇ ਦੇ ਪਾਣੀ ਦੀ ਵਰਤੋਂ ਨਾਲ ਸੋਨੇ ਦੇ ਪੱਤਰਿਆਂ ’ਤੇ ਕੋਈ ਮਾੜਾ ਅਸਰ ਨਹੀਂ ਹੁੰਦਾ। ਦੱਸਣਯੋਗ ਹੈ ਕਿ ਪ੍ਰਦੂਸ਼ਣ ਕਾਰਨ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੇ ਪੱਤਰਿਆਂ ਦਾ ਰੰਗ ਬਦਲਣ ਲੱਗ ਪਿਆ ਸੀ ਜਿਸ ਤੋਂ ਬਾਅਦ ਹਰ ਸਾਲ ਹੀ ਇਨ੍ਹਾਂ ਪੱਤਰਿਆਂ ਦੀ ਧੁਆਈ ਕੀਤੀ ਜਾਂਦੀ ਹੈ। ਇਹ ਸੇਵਾ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰਲੀ ਮੰਜ਼ਿਲ ’ਤੇ ਬਣੇ ਗੁੰਬਦਾਂ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਹੇਠਾਂ ਕੰਧਾਂ ’ਤੇ ਲੱਗੇ ਪੱਤਰੇ ਆਦਿ ਵੀ ਧੋਤੇ ਜਾਣਗੇ। ਇਸ ਸੇਵਾ ਲਈ ਯੂਕੇ ਤੋਂ ਜਥੇਬੰਦੀ ਦੇ 50 ਤੋਂ ਵਧੇਰੇ ਮੈਂਬਰ ਆਏ ਹੋਏ ਹਨ।

Advertisement

ਸ਼੍ਰੋਮਣੀ ਕਮੇਟੀ ਦਾ ਪ੍ਰਸਤਾਵਿਤ ਬਜਟ ਅੱਜ

ਸ਼੍ਰੋਮਣੀ ਕਮੇਟੀ ਵਿੱਤੀ ਸਾਲ 2024-2025 ਲਈ ਆਪਣਾ ਸਾਲਾਨਾ ਪ੍ਰਸਤਾਵਿਤ ਬਜਟ ਭਲਕੇ 29 ਮਾਰਚ ਨੂੰ ਪੇਸ਼ ਕਰੇਗੀ ਜਿਸ ਲਈ ਸਿੱਖ ਸੰਸਥਾ ਨੇ ਪੂਰੀ ਤਿਆਰੀ ਕਰ ਲਈ ਹੈ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਸੱਦਿਆ ਗਿਆ ਹੈ ਜੋ ਕਿ ਦੁਪਹਿਰ ਲਗਪਗ ਇਕ ਵਜੇ ਆਰੰਭ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਲਈ ਬਜਟ ਲਗਪਗ 10 ਫ਼ੀਸਦੀ ਵਾਧੇ ਦੇ ਨਾਲ ਪੇਸ਼ ਹੋ ਸਕਦਾ ਹੈ। ਬਜਟ ਸਬੰਧੀ ਜਨਰਲ ਹਾਊਸ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਵੱਲੋਂ ਸਮੂਹ ਮੈਂਬਰਾਂ ਦੇ ਸਾਹਮਣੇ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਬਜਟ ਵਿਚ ਧਰਮ ਪ੍ਰਚਾਰ, ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦਾ ਮਿਆਰ ਉੱਚਾ ਚੁੱਕਣ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਤੰਬਰ ਮਹੀਨੇ ਵਿੱਚ ਆਉਣ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਪ੍ਰਕਾਸ਼ ਪੁਰਬ ਲਈ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ 2023-2024 ਵਿਚ ਸਿੱਖ ਸੰਸਥਾ ਦਾ ਸਾਲਾਨਾ ਬਜਟ 1138.14 ਕਰੋੜ ਰੁਪਏ ਸੀ, ਜੋ ਇਸ ਤੋਂ ਪਿਛਲੇ ਸਾਲ (2022-2023) ਨਾਲੋਂ 17 ਪ੍ਰਤੀਸ਼ਤ ਦਾ ਵੱਧ ਸੀ। ਮਿਲੇ ਵੇਰਵਿਆਂ ਮੁਤਾਬਕ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵੱਖਰੀ ਗੁਰਦੁਆਰਾ ਕਮੇਟੀ ਬਣ ਜਾਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਰੱਖਿਆ ਜਾਂਦਾ ਬਜਟ ਹੁਣ ਮੁੱਖ ਬਜਟ ਵਿੱਚ ਨਹੀਂ ਹੋਵੇਗਾ।

Advertisement
Author Image

sukhwinder singh

View all posts

Advertisement
Advertisement
×