ਸਰਦੂਲਗੜ੍ਹ ’ਚ ਗੋਦਾਮ ਤੇ ਅਨਾਜ ਮੰਡੀ ਪਾਣੀ ਦੀ ਮਾਰ ਹੇਠ ਆਏ
ਬਲਜੀਤ ਸਿੰਘ
ਸਰਦੂਲਗੜ੍ਹ, 19 ਜੁਲਾਈ
ਇੱਥੇ ਫੂਸ ਮੰਡੀ ਅਤੇ ਸਾਧੂਵਾਲਾ ਤੋਂ ਬਾਅਦ ਸ਼ਹਨਿਾਈ ਪੈਲੇਸ, ਐੱਫਸੀਆਈ ਦੇ ਗੋਦਾਮ, ਡੀਐੱਸਪੀ ਦਫਤਰ, ਅਨਾਜ ਮੰਡੀ ਤੋਂ ਇਲਾਵਾ ਵਾਰਡ ਨੰਬਰ-ਦੋ ਅਤੇ ਤਿੰਨ ਵਿੱਚ ਵੀ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਚੜ੍ਹਦੇ ਪਾਸੇ ਘੱਗਰ ਦਾ ਪਾਣੀ ਦਾਖਲ ਹੋਣ ਮਗਰੋਂ ਹੁਣ ਸਿਰਸਾ-ਸਰਦੂਲਗੜ੍ਹ ਕੌਮੀ ਮਾਰਗ ’ਤੇ ਬੰਨ੍ਹ ਮਾਰ ਕੇ ਲਹਿੰਦੇ ਪਾਸੇ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਣੀ ’ਚ ਘਿਰੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਲੋੜੀਂਦੇ ਸਾਮਾਨ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਐੱਫਸੀਆਈ ਦੇ ਮੈਨੇਜਰ ਪਵਨ ਸ਼ਰਮਾ ਨੇ ਦੱਸਿਆ ਕਿ ਗੋਦਾਮ ’ਚ ਕਣਕ ਅਤੇ ਚੌਲ ਦੇ ਪੌਣੇ ਦੋ ਲੱਖ ਦੇ ਕਰੀਬ ਗੱਟੇ ਸਟੋਰ ਕੀਤੇ ਹੋਏ ਸਨ। ਗੋਦਾਮ ’ਚ ਪਾਣੀ ਆਉਣ ਕਰਕੇ ਅਨਾਜ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਣ ਦਾ ਖਦਸ਼ਾ ਹੈ। ਉਧਰ ਵਾਰਡ ਨੰਬਰ-2 ਅਤੇ 3 ’ਚ ਰਹਿੰਦੇ ਪਰਿਵਾਰਾਂ ਨੇ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਮਦਦ ਨਾ ਕਰਨ ਦਾ ਦੋਸ਼ ਲਾਇਆ ਹੈ। ਜ਼ਿਕਰਯੋਗ ਹੈ ਕਿ ਜੇ ਮੁੜ ਮੀਂਹ ਪੈਂਦਾ ਹੈ ਤਾਂ ਸ਼ਹਿਰ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ ਕਿਉਂਕਿ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਸਰਦੂਲਗੜ੍ਹ ਨੇੜਲੇ ਪਿੰਡ ਫੂਸ ਮੰਡੀ ਕੋਲ ਘੱਗਰ ਵਿੱਚ ਪਏ ਪਾੜ ਲਈ ਡਰੇਨੇਜ ਵਿਭਾਗ ਨੇ ਦੋ ਜਣਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖਿਲਾਫ਼ ਕੇਸ ਦਰਜ ਕਰਵਾਇਆ ਹੈ।
ਪਾਣੀ ਦੀ ਮਾਰ ਦੇ ਡਰੋਂ ਝੁਨੀਰ ਨੇੜਲੇ ਪਿੰਡ ਖਾਲੀ ਹੋਣ ਲੱਗੇ
ਝੁਨੀਰ (ਪੱਤਰ ਪ੍ਰੇਰਕ): ਚਾਂਦਪੁਰ ਬੰਨ੍ਹ ਟੁੱਟਣ ਕਾਰਨ ਘੱਗਰ ਦਰਿਆ ਦਾ ਪਾਣੀ ਝੁਨੀਰ ਦੇ ਪਿੰਡਾਂ ਵੱਲ ਵਧਦਾ ਜਾ ਰਿਹਾ ਹੈ। ਇਸ ਖੇਤਰ ਦੀ ਹੱਦ ’ਤੇ ਪੈਂਦੇ ਹਰਿਆਣਾ ਦੇ ਪਿੰਡ ਸਰਦਾਰੇਵਾਲਾ ਅਤੇ ਲੱਦੂਵਾਸ ’ਚ ਪਾਣੀ ਪਹੁੰਚਣ ਮਗਰੋਂ ਪਿੰਡ ਮੋਫਰ, ਦਾਨੇਵਾਲਾ, ਦਲੇਲਵਾਲਾ ਅਤੇ ਫਤਿਹਪੁਰ ਦੇ ਨਜ਼ਦੀਕੀ ਪਿੰਡਾਂ ਦੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ 1993 ’ਚ ਵੀ ਹੜ੍ਹਾਂ ਦੀ ਮਾਰ ਝੱਲੀ ਸੀ। ਕਿਸਾਨ ਆਗੂ ਮਲਕੀਤ ਸਿੰਘ ਕੋਟਧਰਮੂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।