ਮੋਦੀ ਤੇ ਮਨੋਹਰ ਸਰਕਾਰ ਦਾ ਟੀਚਾ ਸਰਕਾਰੀ ਯੋਜਨਾਵਾਂ ਨੂੰ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਉਣਾ: ਬੇਦੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਜਨਵਰੀ
ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਦੁਨੀਆਂ ਵਿਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੀ ਅਰਥ ਵਿਵਸਥਾ ਭਾਰਤ ਦੀ ਹੈ ਤੇ ਅੱਜ ਪੂਰੇ ਵਿਸ਼ਵ ਦਾ ਨਜ਼ਰੀਆ ਭਾਰਤ ਪ੍ਰਤੀ ਬਦਲ ਗਿਆ ਹੈ। ਕ੍ਰਿਸ਼ਨ ਬੇਦੀ ਵਿਕਸਤ ਭਾਰਤ ਸੰਕਲਪ ਯਾਤਰਾ ਦੇ ਪਿੰਡ ਘੁਰਾਲਾ ਪੁੱਜਣ ’ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਜਨ ਸੰਵਾਦ ਸੰਕਲਪ ਯਾਤਰਾ ਦੇ ਰਾਹੀਂ ਜ਼ਰੂਰਤਮੰਦ ਲੋਕਾਂ ਨੂੰ ਮੌਕੇ ’ਤੇ ਹੀ ਬੁਢਾਪਾ ਪੈਨਸ਼ਨ, ਬੀਪੀਐੱਲ ਕਾਰਡ, ਅੰਤੋਦਿਆ ਯੋਜਨਾ ਦਾ ਲਾਭ, ਪਰਿਵਾਰ ਪਹਿਚਾਣ ਪੱਤਰ ਵਿਚ ਸ਼ੁਧੀਕਰਨ ਸਣੇ ਹੋਰ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਕਾਸ ਤੇ ਜਨ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਅੰਤਿਮ ਪਿੰਡ ਤੇ ਅੰਤਿਮ ਵਿਅਕਤੀ ਤੱਕ ਪਹੁੰਚਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਮਾਜ ਦੇ ਪਛੜੇ ਵਿਅਕਤੀ ਦਾ ਵਿਕਾਸ ਹੀ ਰਾਸ਼ਟਰ ਦਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਪਿਛਲੇ ਨੌਂ ਸਾਲਾਂ ਤੋਂ ਗਰੀਬਾਂ ਦੇ ਹੱਕਾਂ ਲਈ ਨਿਰੰਤਰ ਸੰਘਰਸ਼ ਕਰ ਰਹੇ ਹਨ। ਅਜਿਹੀਆਂ ਯੋਜਨਾਵਾਂ ਲਾਗੂ ਵੀ ਕੀਤੀਆਂ ਹਨ, ਜਿਨਾਂ ਨੂੰ ਗਰੀਬ ਹਿੱਤਕਾਰੀ ਕਿਹਾ ਜਾ ਸਕਦਾ ਹੈ। ਸਰਕਾਰੀ ਯੋਜਨਾਵਾਂ ’ਤੇ ਪਹਿਲਾ ਹੱਕ ਗਰੀਬਾਂ ਦਾ ਹੈ। ਸਰਕਾਰ ਵੱਲੋਂ ਜਿੰਨੀਆਂ ਯੋਜਨਾਵਾਂ ਗਰੀਬਾਂ ਲਈ ਬਣਾਈਆਂ ਜਾਣਗੀਆਂ, ਸਮਾਜ ਉਨਾ ਹੀ ਸੁਖੀ ਹੋਵੇਗਾ। ਸਾਬਕਾ ਮੰਤਰੀ ਨੇ ਕਿਹਾ ਕਿ ਸਰਕਾਰ ਨਿੱਤ ਨਵੀ ਪਹਿਲ ਕਰ ਕੇ ਕਿਸਾਨਾਂ ਦੀ ਉਨਤੀ ਲਾਜ਼ਮੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖੁਦ ਇਕ ਕਿਸਾਨ ਪਰਿਵਾਰ ਵਿੱਚੋਂ ਹਨ ਤੇ ਉਹ ਕਿਸਾਨ ਦੇ ਸੰਘਰਸ਼ ਤੇ ਉਸ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਕਿਸੇ ਪਿੰਡ ਦਾ ਕੋਈ ਪਰਿਵਾਰ ਜੇਕਰ ਆਵਾਸ, ਪਖਾਨੇ, ਰਸੋਈ ਗੈਸ ਸਿਲੰਡਰ, ਮੁਫਤ ਰਾਸ਼ਨ, ਕਿਸਾਨ ਸਨਮਾਨ ਨਿਧੀ, ਆਯੂਸ਼ਮਾਨ ਬੀਮਾ ਜਿਹੀਆਂ ਯੋਜਨਾ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਵਿਕਸਤ ਭਾਰਤ ਸੰਕਲਪ ਯਾਤਰਾ ਦੀ ਵੈਨ ਰਾਹੀਂ ਉਕਤ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਸਿਹਤ ਵਿਭਾਗ ਵੱਲੋਂ ਟੀਬੀ, ਅਨੀਮੀਆ ਆਦਿ ਦੀ ਜਾਂਚ, ‘ਨਿਰੋਗੀ ਹਰਿਆਣਾ’ ਦੇ ਤਹਿਤ ਸਿਹਤ ਜਾਂਚ ਕੈਂਪ, ਕਾਮਨ ਸਰਵਿਸ ਸੈਂਟਰ ਦਾ ਸੰਚਾਲਨ, ਮੇਰਾ ਭਾਰਤ ਖੁਦ ਵਾਲੰਟੀਅਰ ਲਈ ਪੰਜੀਕਰਨ ਦਾ ਸਟਾਲ, ਲੋਨ ਲਈ ਹੈਲਪ ਡੈਸਕ ਲਾਏ ਗਏ ਹਨ।
ਵਿਕਸਤ ਭਾਰਤ ਸੰਕਲਪ ਯਾਤਰਾ ਜਨ ਸੰਵਾਦ ਪ੍ਰੋਗਰਾਮ ਦੌਰਾਨ ਨਾਗਰਿਕਾਂ ਨੂੰ ਪ੍ਰਚਾਰ ਸਮੱਗਰੀ ਵੀ ਵੰਡੀ ਜਾ ਰਹੀ ਹੈ। ਇਸ ਮੌਕੇ ਕਰਨ ਰਾਜ ਸਿੰਘ ਤੂਰ, ਮੁਲਖ ਰਾਜ ਗੁੰਬਰ, ਬਲਦੇਵ ਰਾਜ ਸੇਠੀ, ਸੁਲਤਾਨ ਮਿਰਜਾ, ਬੀਬੀ ਕਰਤਾਰ ਕੌਰ, ਬਲਦੇਵ ਰਾਜ ਚਾਵਲਾ ਆਦਿ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ।