For the best experience, open
https://m.punjabitribuneonline.com
on your mobile browser.
Advertisement

ਰੂਹਦਾਰ ਗਾਇਕੀ ਦੀ ਸ਼ਾਨ ਸ਼ੌਕਤ ਅਲੀ

09:09 AM Sep 28, 2024 IST
ਰੂਹਦਾਰ ਗਾਇਕੀ ਦੀ ਸ਼ਾਨ ਸ਼ੌਕਤ ਅਲੀ
Advertisement

ਅੰਗਰੇਜ ਸਿੰਘ ਵਿਰਦੀ
ਲੰਬੀ ਹੇਕ ਲਾ ਕੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਛੋਂਹਦਾ, ਹੇਕ ਲਾਉਂਦਾ ਤੇ ਆਪਣੀ ਕਲਮ ਨਾਲ ਖ਼ੂਬਸੂਰਤ ਗੀਤ ਸਿਰਜਦਾ ਲੋਕ ਫ਼ਨਕਾਰ ਸ਼ੌਕਤ ਅਲੀ ਜਦੋਂ ਗਾਉਂਦਾ ਸੀ ਤਾਂ ਸਮਾਂ ਜਿਵੇ ਠਹਿਰ ਜਾਂਦਾ ਸੀ। ਸਰੋਤੇ ਸ਼ੌਕਤ ਅਲੀ ਦੇ ਗੀਤਾਂ ਨਾਲ ਮਸਤੀ ਵਿੱਚ ਝੂਮਦੇ ਵੀ ਸਨ, ਬਿਰਹਾ ਵਿੱਚ ਅੱਥਰੂ ਵੀ ਕੇਰਦੇ ਸਨ ਤੇ ਸੋਹਣੇ ਰੱਬ ਦੇ ਨਾਲ ਸੁਰਤੀ ਵੀ ਜੋੜਦੇ ਸਨ। ਰੂਹ ਨਾਲ ਗਾਉਣ ਵਾਲਾ ਦਰਵੇਸ਼ ਗਾਇਕ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਸਾਂਝਾ ਫ਼ਨਕਾਰ ਅਤੇ ਲੰਬਾ ਸਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਪੰਜਾਬੀਅਤ ਦਾ ਅਲੰਬਰਦਾਰ ਸ਼ੌਕਤ ਅਲੀ ਜਦੋਂ ਆਪਣਾ ਜਗਤ ਪ੍ਰਸਿੱਧ ਅਤੇ ਸਦਾਬਹਾਰ ਸੈਫ਼ ਉਲ ਮਲੂਕ ਦਾ ਕਲਾਮ ਰਾਗ ਭੈਰਵੀ ਵਿੱਚ ਛੇੜਦਾ ਤੇ ਪਹਿਲਾ ਸ਼ਿਅਰ ਇਹ ਪੜ੍ਹਦਾ;
ਓ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ,
ਓ ਸੱਜਣਾ ਵੀ ਮਰ ਜਾਣਾ।
ਓ ਡੀਗਰ ਦੇ ਦਿਨ ਹੋਇਆ ਮੁਹੰਮਦ
ਤੇ ਓੜਕ ਨੂੰ ਡੁੱਬ ਜਾਣਾ।
ਮਾਲੀ ਦਾ ਕੰਮ ਪਾਣੀ ਦੇਣਾ
ਭਰ ਭਰ ਮਸ਼ਕਾਂ ਪਾਵੇ।
ਮਾਲਿਕ ਦਾ ਕੰਮ ਫਲ ਫੁੱਲ ਲਾਉਣਾ
ਲਾਵੇ ਯਾ ਨਾ ਲਾਵੇ।
ਤਾਂ ਸਰੋਤਿਆਂ ਦੇ ਦਿਲ ਧੂਹ ਜਿਹੀ ਪੈਣ ਲੱਗਦੀ ਤੇ ਫਿਰ ਉਹ ਸ਼ੌਕਤ ਅਲੀ ਦੀ ਗਾਇਕੀ ਨਾਲ ਰੂਹ ਤੋਂ ਜੁੜ ਜਾਂਦੇ। ਬੁਲੰਦ ਆਵਾਜ਼ ਦਾ ਧਨੀ ਅਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਸੁਰੀਲਾ ਲੋਕ ਗਾਇਕ ਸ਼ੌਕਤ ਅਲੀ ਪੰਜਾਬੀ ਲੋਕ ਗਾਇਕੀ ਦਾ ਉਹ ਮਾਣ ਮੱਤਾ ਫ਼ਨਕਾਰ ਸੀ ਜਿਸ ਨੇ ਆਪਣੇ ਗੀਤਾਂ ਰਾਹੀਂ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕੀਤਾ। ਉਸ ਨੇ ਪੰਜਾਬੀ ਲੋਕ ਗਾਇਕੀ ਵਿੱਚ ਉੱਚਾ ਮੁਕਾਮ ਹਾਸਿਲ ਕੀਤਾ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸੰਗੀਤ ਪ੍ਰੇਮੀਆਂ ਵਿੱਚ ਆਪਣੇ ਫ਼ਨ ਜ਼ਰੀਏ ਵਿਲੱਖਣ ਪਹਿਚਾਣ ਬਣਾਉਣ ਵਾਲੇ ਸ਼ੌਕਤ ਅਲੀ ਨੂੰ ਲੋਕ ਪਿਆਰ ਨਾਲ ਪੰਜਾਬੀ ਲੋਕ ਗਾਇਕੀ ਦਾ ਰਾਂਝਾ ਵੀ ਆਖਦੇ ਸਨ। ਰੂਹ ਦੀ ਗਹਿਰਾਈ ਤੋਂ ਗਾਉਣ ਵਾਲਾ ਉਹ ਹਕੀਕੀ ਲੋਕ ਫ਼ਨਕਾਰ ਸੀ ਜਿਸ ਨੇ ਆਪਣੇ ਗੀਤ ‘ਕਾਵਾਂ ਉੱਡ ਕਾਵਾਂ’, ‘ਮਾਂ ਜੰਨਤ ਦਾ ਪਰਛਾਵਾਂ’, ‘ਵਾਰਿਸ ਦੀ ਹੀਰ’ ਤੇ ਮੀਆਂ ਮੁਹੰਮਦ ਬਖ਼ਸ਼ ਦਾ ਕਲਾਮ ਸੈਫ਼ ਉਲ ਮਲੂਕ ਨੂੰ ਇੰਨੀ ਸ਼ਿੱਦਤ ਅਤੇ ਰੂਹਦਾਰੀ ਨਾਲ ਗਾਇਆ ਜਿਸ ਨੂੰ ਸੁਣ ਕੇ ਹਰ ਸ਼ਖ਼ਸ ਦੇ ਬਿਰਹਾ ਵੱਸ ਆਪ ਮੁਹਾਰੇ ਹੰਝੂ ਵਹਿ ਤੁਰਦੇ। ਆਪਣੀ ਧਰਤੀ, ਆਪਣੀ ਮਿੱਟੀ, ਆਪਣੀ ਬੋਲੀ ਅਤੇ ਲੋਕ ਗਾਇਕੀ ਨਾਲ ਅਥਾਹ ਮੁਹੱਬਤ ਕਰਨ ਵਾਲੇ ਸ਼ੌਕਤ ਅਲੀ ਕੋਲ ਪੰਜਾਬ ਦੀਆਂ ਲੋਕ ਦਾਸਤਾਨਾਂ ਨੂੰ ਆਪਣੀ ਉੱਚੀ ਅਤੇ ਮਿੱਠੀ ਆਵਾਜ਼ ਵਿੱਚ ਗਾਉਣ ਦਾ ਐਸਾ ਫ਼ਨ ਸੀ ਜੋ ਹੋਰ ਕਿਸੇ ਕੋਲ ਨਹੀਂ ਹੋਇਆ।
ਉਸ ਦਾ ਜਨਮ 3 ਮਈ 1944 ਨੂੰ ਭਾਟੀ ਗੇਟ ਲਹੌਰ ਵਿਖੇ ਪਿਤਾ ਮੀਆਂ ਫ਼ਕੀਰ ਬਖ਼ਸ਼ ਦੇ ਘਰ ਹੋਇਆ। ਉਹ ਅਜੇ ਡੇਢ ਕੁ ਸਾਲ ਦਾ ਹੀ ਸੀ ਜਦੋਂ ਉਸ ਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਸਦਾ ਲਈ ਉੱਠ ਗਿਆ। ਕਿੱਤੇ ਵਜੋਂ ਉਸ ਦਾ ਪਿਤਾ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਪਹਿਲਵਾਨੀ ਦਾ ਵੀ ਸ਼ੌਕ ਰੱਖਦਾ ਸੀ। ਪਿਤਾ ਦੇ ਜਾਣ ਤੋਂ ਬਾਅਦ ਘਰ ਦੀ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਸ਼ੌਕਤ ਅਲੀ ਦੀ ਮਾਂ ਦੇ ਸਿਰ ਆਣ ਪਈ। ਉਸ ਵਕਤ ਸ਼ੌਕਤ ਦੀ ਮਾਂ ਦੀ ਉਮਰ 23 ਸਾਲ ਅਤੇ 7 ਭੈਣ ਭਰਾਵਾਂ ਵਿੱਚੋਂ ਸੱਭ ਤੋਂ ਵੱਡੇ ਭਰਾ ਦੀ ਉਮਰ 9 ਸਾਲ ਸੀ। ਘਰ ਦੀ ਮਾਲੀ ਹਾਲਤ ਖ਼ਰਾਬ ਹੋਣ ਕਾਰਨ ਉਸ ਦੀ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਲਾਹੌਰ ਤੋਂ ਸ਼ਹਿਰ ਮਲਕਵਾਲ ਜ਼ਿਲ੍ਹਾ ਗੁਜਰਾਤ ਵਿੱਚ ਰਹਿੰਦੇ ਆਪਣੇ ਬੱਚਿਆਂ ਦੇ ਦਾਦੇ ਕੋਲ ਚਲੀ ਗਈ। ਮਲਕਵਾਲ ਰਹਿੰਦਿਆਂ ਹੀ ਸ਼ੌਕਤ ਨੇ ਉੱਥੋਂ ਦੇ ਐੱਮ.ਬੀ. ਹਾਈ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਹਾਸਿਲ ਕੀਤੀ। ਸ਼ੌਕਤ ਨੇ ਸਕੂਲ ਵਿੱਚ ਹੋਣ ਵਾਲੀ ਸਵੇਰ ਦੀ ਸਭਾ ਵਿੱਚ ਅੱਗੇ ਹੋ ਕੇ ਸੁਬ੍ਹ ਦੀ ਦੁਆ ਅਤੇ ਦੇਸ਼ ਦਾ ਕੌਮੀ ਤਰਾਨਾ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਨਾਨਕਿਆਂ ਵੱਲ ਦੀਆਂ ਪਿਛਲੀਆਂ ਛੇ ਸੱਤ ਪੁਸ਼ਤਾਂ ਸੰਗੀਤ ਨਾਲ ਜੁੜੀਆਂ ਹੋਈਆਂ ਸਨ ਅਤੇ ਉਨ੍ਹਾਂ ਦਾ ਸਬੰਧ ਗਾਇਕੀ ਦੇ ਪ੍ਰਸਿੱਧ ਘਰਾਣੇ ਨਾਲ ਸੀ, ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਗਾਉਣਾ ਉਸ ਦੇ ਖੂਨ ਵਿੱਚ ਹੀ ਸੀ। ਉਸ ਨੇ ਸੰਗੀਤ ਦੀ ਬਾਕਾਇਦਾ ਤਾਲੀਮ ਆਪਣੇ ਵੱਡੇ ਭਰਾ ਇਨਾਇਤ ਅਲੀ ਤੋਂ ਹਾਸਿਲ ਕੀਤੀ ਜੋ ਖ਼ੁਦ ਬਹੁਤ ਵਧੀਆ ਗਾਇਕ ਅਤੇ ਬੰਸਰੀ ਵਾਦਕ ਸੀ। ਲੋਕ ਗੀਤ ‘ਛੱਲਾ’ ਸਭ ਤੋਂ ਪਹਿਲਾਂ ਜਿਸ ਗਾਇਕ ਨੂੰ ਗਾਉਣ ਦਾ ਐਜ਼ਾਜ਼ ਹਾਸਿਲ ਹੈ ਉਹ ਵੀ ਇਨਾਇਤ ਅਲੀ ਹੀ ਸੀ।
ਸ਼ੌਕਤ ਅਲੀ ਛੋਟੀ ਉਮਰੇ ਹੀ ਵਧੀਆ ਗਾਉਣ ਲੱਗ ਪਿਆ ਸੀ। ਉਨ੍ਹੀਂ ਦਿਨੀਂ ਹੀ ਉਸ ਨੂੰ ਇੱਕ ਸਟੇਜ ਡਰਾਮੇ ਵਿੱਚ ਛੋਟੇ ਬੱਚੇ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਬੰਬਈ ਤੋਂ ਮਲਕਵਾਲ ਗਏ ਇੱਕ ਡਰਾਮਾ ਨਿਰਦੇਸ਼ਕ ਨੇ ਸ਼ੌਕਤ ਨੂੰ ਆਪਣੇ ਡਰਾਮੇ ਵਿੱਚ ਬਤੌਰ ਬਾਲ ਕਲਾਕਾਰ ਕਾਸਟ ਕੀਤਾ। ਆਗਾ ਹਸ਼ਰ ਕਸ਼ਮੀਰੀ ਦੇ ਲਿਖੇ ਉਸ ਡਰਾਮੇ ਵਿੱਚ ਸ਼ੌਕਤ ਨੂੰ ਅਦਾਕਾਰੀ ਦੇ ਨਾਲ ਗੀਤ ਗਾਉਣ ਦਾ ਵੀ ਮੌਕਾ ਮਿਲਿਆ। ਉਸ ਵੇਲੇ ਉਹ ਤੀਸਰੀ ਜਮਾਤ ਦਾ ਵਿਦਿਆਰਥੀ ਸੀ। ਉਸ ਨਾਟਕ ਵਿੱਚ ਸ਼ੌਕਤ ਨੇ ਆਪਣੇ ਫ਼ਨ ਦਾ ਭਰਭੂਰ ਮੁਜ਼ਾਹਰਾ ਕੀਤਾ ਤੇ ਇੰਝ ਉਸ ਦੇ ਫ਼ਨੀ ਜੀਵਨ ਦਾ ਆਗਾਜ਼ ਹੋਇਆ। ਸਕੂਲ ਪੜ੍ਹਦਿਆਂ ਉਹ ਕਈ ਨਾਮੀ ਗਾਇਕਾਂ ਦੇ ਗੀਤ ਗਾ ਕੇ ਆਪਣੇ ਦੋਸਤਾਂ ਦਾ ਮਨੋਰੰਜਨ ਕਰਦਾ ਸੀ। ਛੋਟੀ ਉਮਰੇ ਹੀ ਉਸ ਨੇ ਕਲਾਸੀਕਲ, ਨੀਮ ਕਲਾਸੀਕਲ, ਗਜ਼ਲ ਅਤੇ ਪੰਜਾਬੀ ਲੋਕ ਸੰਗੀਤ ਵਿੱਚ ਪੂਰਨ ਮੁਹਾਰਿਤ ਹਾਸਿਲ ਕਰ ਲਈ। ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਹ ਪਰਿਵਾਰ ਸਮੇਤ ਮਲਕਵਾਲ ਛੱਡ ਵਾਪਸ ਲਾਹੌਰ ਆ ਗਏ। 1960 ਵਿੱਚ ਸ਼ੌਕਤ ਅਲੀ ਅਗਲੇਰੀ ਪੜ੍ਹਾਈ ਲਈ ਗੌਰਮਿੰਟ ਕਾਲਜ ਲਾਹੌਰ ਵਿੱਚ ਦਾਖਲ ਹੋ ਗਿਆ। ਕਾਲਜ ਵਿੱਚ ਪੜ੍ਹਦਿਆਂ ਹੀ ਉਸ ਦੀ ਗਾਇਕੀ ਦਾ ਆਗਾਜ਼ ਹੋਇਆ। ਉਸ ਨੇ ਕਾਲਜ ਦੇ ਸਮਾਗਮਾਂ ਅਤੇ ਹੋਰ ਸੰਗੀਤਕ ਪ੍ਰੋਗਰਾਮਾਂ ਵਿੱਚ ਸਟੇਜਾਂ ’ਤੇ ਗਾਉਣਾ ਸ਼ੁਰੂ ਕਰ ਦਿੱਤਾ। 1961 ਵਿੱਚ ਉਸ ਨੇ ਰੇਡੀਓ ’ਤੇ ਗਾਉਣ ਲਈ ਆਪਣਾ ਆਡੀਸ਼ਨ ਦਿੱਤਾ, ਪਰ ਰੇਡੀਓ ਵਾਲਿਆਂ ਨੇ ਉਸ ਵੱਲ ਜ਼ਿਆਦਾ ਤਵੱਜੋ ਨਾ ਦਿੱਤੀ। ਉਸ ਨੂੰ ਲੱਗਾ ਕਿ ਅਜੇ ਉਸ ਦੀ ਗਾਇਕੀ ਵਿੱਚ ਕੁਝ ਕਮੀ ਹੈ ਤਾਂ ਹੀ ਰੇਡੀਓ ਵਾਲਿਆਂ ਨੇ ਇੰਝ ਬੇਰੁਖੀ ਦਿਖਾਈ। ਉਸ ਨੇ ਆਪਣੇ ਆਪ ਨੂੰ ਸੰਗੀਤ ਵਿੱਚ ਹੋਰ ਪਰਿਪੱਕ ਬਣਾਉਣ ਲਈ ਰਾਵੀ ਕਿਨਾਰੇ ਬੈਠ ਸਖ਼ਤ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਸੰਗੀਤ ਵਿੱਚ ਪਰਿਪੱਕ ਕਰ ਕੇ ਹੀ ਦਮ ਲਿਆ।
ੋਸਾਲ 1963 ਵਿੱਚ ਜਦੋਂ ਸ਼ੌਕਤ ਅਜੇ ਕਾਲਜ ਪੜ੍ਹ ਰਿਹਾ ਸੀ ਅਤੇ ਆਪਣੇ ਗਾਇਕੀ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੀ ਸੀ ਤਾਂ ਉਸ ਦੌਰਾਨ ਹੀ ਉਸ ਨੂੰ ਇੱਕ ਪੰਜਾਬੀ ਫਿਲਮ ਵਿੱਚ ਗਾਉਣ ਦਾ ਨਿਓਤਾ ਮਿਲਿਆ। ਫਿਲਮ ‘ਤੀਸ ਮਾਰ ਖਾਂ’ ਲਈ ਉਸ ਨੇ ਆਪਣਾ ਪਹਿਲਾ ਫਿਲਮੀਂ ਗੀਤ ਰਿਕਾਰਡ ਕਰਵਾਇਆ। ਗਾਇਕਾ ਨਜ਼ੀਰ ਬੇਗ਼ਮ ਨਾਲ ਇਸ ਦੋਗਾਣੇ ਦਾ ਸੰਗੀਤ ਤਿਆਰ ਕੀਤਾ ਸੀ ਮੰਜੂਰ ਅਸ਼ਰਫ਼ ਅਤੇ ਗੀਤ ਦੇ ਬੋਲ ਲਿਖੇ ਸਨ ਬਾਬਾ ਆਲਮ ਸ਼ਿਆਪੋਸ਼ ਨੇ। ਅਦਾਕਾਰ ਅਲਾਓਦੀਨ ਅਤੇ ਅਦਾਕਾਰਾ ਸ਼ਿਰੀਨ ’ਤੇ ਫਿਲਮਾਇਆ ਇਹ ਗੀਤ ਸੁਪਰਹਿੱਟ ਤਾਂ ਹੋਇਆ, ਪਰ ਇਸ ਗੀਤ ਨਾਲ ਇੱਕ ਵਿਵਾਦ ਵੀ ਜੁੜ ਗਿਆ। ਰੇਡੀਓ ਪਾਕਿਸਤਾਨ ਨੇ ਇਸ ਗੀਤ ਨੂੰ ਰੇਡੀਓ ’ਤੇ ਬੈਨ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਇਸ ਗੀਤ ਵਿੱਚ ਗਾਏ ਕੁਝ ਬੋਲਾਂ ਤੋਂ ਇਤਰਾਜ਼ ਸੀ। ਗੀਤ ਸੀ ‘ਪੱਗੜੀ ਉਤਾਰ ਚੋਰਾ ਪੱਗੜੀ ਉਤਾਰ ਉਏ, ਪੱਗੜੀ ਉਹ ਬੰਨ੍ਹੇ ਜਿਹੜਾ ਇਹਦਾ ਹੱਕਦਾਰ ਏ’ ਅਤੇ ਜਿਨ੍ਹਾਂ ਬੋਲਾਂ ’ਤੇ ਇਤਰਾਜ਼ ਸੀ ਉਹ ਸੀ ‘ਚੋਰਾਂ ਦੀ ਪੱਗ ਸਾਧਾਂ ਲਾ ਲਈ, ਚਾਰ ਚੁਫ਼ੇਰੇ ਪੈ ਗਿਆ ਸ਼ੋਰ, ਇੱਥੇ ਐਸੀ ਅੰਨ੍ਹੀ ਪੈ ਗਈ, ਚੋਰ ਵੀ ਕਹਿੰਦੇ ਚੋਰ ਓ ਚੋਰ।’ 30 ਅਗਸਤ 1963 ਨੂੰ ਰਿਲੀਜ਼ ਹੋਈ ਇਹ ਫਿਲਮ ਬੇਸ਼ੱਕ ਸੁਪਰਹਿੱਟ ਸਾਬਤ ਹੋਈ, ਪਰ ਰੇਡੀਓ ’ਤੇ ਬੈਨ ਹੋਣ ਕਾਰਨ ਸ਼ੌਕਤ ਨੂੰ ਇਸ ਦਾ ਨੁਕਸਾਨ ਉਠਾਉਣਾ ਪਿਆ। ਫਿਲਮ ਸੰਗੀਤਕਾਰਾਂ ਨੇ ਸ਼ੌਕਤ ਤੋਂ ਹੋਰ ਫਿਲਮੀਂ ਗੀਤ ਨਾ ਗਵਾਉਣ ਦਾ ਫ਼ੈਸਲਾ ਕੀਤਾ। ਇਸ ਫਿਲਮ ਤੋਂ ਪਹਿਲਾਂ 15 ਮਾਰਚ 1963 ਨੂੰ ਰਿਲੀਜ਼ ਹੋਈ ਸੁਪਰਹਿੱਟ ਫਿਲਮ ‘ਮਾਂ ਕੇ ਆਂਸੂ’ ਵਿੱਚ ਵੀ ਸ਼ੌਕਤ ਨੇ ਇੱਕ ਥੀਮ ਸੌਂਗ ‘ਨਾ ਰਹਾ ਕੋਈ ਸਹਾਰਾ ਨਾ ਰਹਾ ਕੋਈ ਠਿਕਾਨਾ’ ਗਾਇਆ ਸੀ ਜੋ ਬੇਹੱਦ ਪਸੰਦ ਕੀਤਾ ਗਿਆ ਸੀ। ਇਹ ਫਿਲਮ ‘ਤੀਸ ਮਾਰ ਖਾਂ’ ਫਿਲਮ ਨਾਲੋਂ ਪਹਿਲਾਂ ਰਿਲੀਜ਼ ਹੋ ਗਈ ਸੀ।

Advertisement


ਜਦੋਂ ਸ਼ੌਕਤ ਨੇ ਦੇਖਿਆ ਕਿ ਫਿਲਮਾਂ ਵਿੱਚ ਹੁਣ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲ ਰਹੀ ਤਾਂ ਉਸ ਦਾ ਝੁਕਾਅ ਗ਼ਜ਼ਲ ਗਾਇਕੀ ਵੱਲ ਹੋਇਆ। ਆਪਣੀ ਉਰਦੂ ਨੂੰ ਸੰਵਾਰਨ ਲਈ ਉਸ ਨੇ ਕਰਾਚੀ ਦਾ ਰੁਖ਼ ਕੀਤਾ ਅਤੇ ਉੱਥੇ ਉਰਦੂ ਕਾਲਜ ਵਿੱਚ ਦਾਖਲਾ ਲੈ ਲਿਆ। ਆਪਣੀ ਪਹਿਲੀ ਗ਼ਜ਼ਲ ਵੀ ਉਸ ਨੇ ਕਰਾਚੀ ਵਿੱਚ ਹੀ ਰਿਕਾਰਡ ਕਰਵਾਈ। ਸਿਰਾਜ ਔਰੰਗਾਬਾਦੀ ਦੀ ਲਿਖੀ ਇਸ ਗ਼ਜ਼ਲ ਦੇ ਬੋਲ ਸਨ ‘ਖ਼ਬਰੇ ਤਹੱਈਅਰ-ਏ- ਇਸ਼ਕ ਸੁਣ ਨਾ ਜਨੂੰਨ ਰਹਾ ਨਾ ਪਰੀ ਰਹੀ।’ ਉਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਮਸ਼ਹੂਰ ਸ਼ਾਇਰਾਂ ਜਿਨ੍ਹਾਂ ਵਿੱਚ ਮੀਰ ਤਕੀ ਮੀਰ, ਗਾਲ਼ਿਬ, ਅਲਾਮਾ ਇਕਬਾਲ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀਆਂ ਕਈ ਹਿੱਟ ਗ਼ਜ਼ਲਾਂ ਗਾਈਆਂ। ਸ਼ੌਕਤ ਦੀਆਂ ਕੁਝ ਮਸ਼ਹੂਰ ਗ਼ਜ਼ਲਾਂ ਜਿਨ੍ਹਾਂ ਵਿੱਚ ‘ਜਬ ਬਹਾਰ ਆਈ ਤੋ ਸਹਿਰਾ ਕੀ ਤਰਫ਼ ਚਲ ਨਿਕਲਾ’, ‘ਤੇਰੇ ਗ਼ਮ ਕੋ ਜਾਨ ਕੀ ਤਲਾਸ਼ ਥੀ’, ‘ਇਕ ਬੁੱਤ ਮੁਝੇ ਕਾਅਬਾ-ਏ-ਦਿਲ ਮੇਂ ਪੜਾ ਮਿਲਾ’ ਬੇਹੱਦ ਮਕਬੂਲ ਹੋਈਆਂ।
ਸਾਲ 1964-65 ਦੇ ਦੌਰਾਨ ਸ਼ੌਕਤ ਅਲੀ ਸਟੇਜ ’ਤੇ ਤਾਂ ਗਾਉਂਦਾ ਹੀ ਸੀ, ਨਾਲ ਹੀ ਉਹ ਰੇਡੀਓ ਪਾਕਿਸਤਾਨ ਲਈ ਵੀ ਗਾਉਣ ਲੱਗਾ। ਪਾਕਿਸਤਾਨ ਟੈਲੀਵਿਜ਼ਨ ਦਾ ਆਗਾਜ਼ ਹੋਣ ’ਤੇ ਸ਼ੌਕਤ ਟੀ.ਵੀ. ’ਤੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਨਜ਼ਰ ਆਉਣ ਲੱਗਾ। ਉਨ੍ਹਾਂ ਦਿਨਾਂ ਵਿੱਚ ਜਦੋਂ ਰੇਡੀਓ ਅਤੇ ਟੀ.ਵੀ. ’ਤੇ ਲਾਈਵ ਗੀਤ ਗਾਉਣ ਦਾ ਹੀ ਚਲਨ ਸੀ ਅਤੇ ਪ੍ਰੋਗਰਾਮ ਲਾਈਵ ਹੀ ਪੇਸ਼ ਕੀਤੇ ਜਾਂਦੇ ਸਨ, ਉਦੋਂ ਸ਼ੌਕਤ ਅਲੀ ਨੇ ਆਪਣੀਆਂ ਬਣਾਈਆਂ ਧੁਨਾਂ ’ਤੇ ਅਣਗਿਣਤ ਹਿੱਟ ਗੀਤ ਗਾਏ। ਜਿਨ੍ਹਾਂ ਵਿੱਚ ਪੰਜਾਬੀ ਲੋਕ ਗੀਤ, ਗ਼ਜ਼ਲ, ਕਾਫ਼ੀਆਂ, ਦੇਸ਼ ਭਗਤੀ ਦੇ ਗੀਤ ਅਤੇ ਸੂਫ਼ੀਆਨਾ ਕਲਾਮ ਸ਼ਾਮਿਲ ਹਨ।
ਬੇਸ਼ੱਕ ਸ਼ੌਕਤ ਅਲੀ ਨੇ ਉਰਦੂ ਗ਼ਜ਼ਲ ਅਤੇ ਗੀਤ ਵੀ ਗਾਏ, ਪਰ ਫਿਰ ਵੀ ਜੋ ਸਕੂਨ ਉਸ ਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗਾ ਕੇ ਮਿਲਦਾ ਸੀ ਉਹ ਹੋਰ ਕਿਤੇ ਨਹੀਂ ਮਿਲਦਾ ਸੀ। ਭਾਵੇਂ ਉਸ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ ਸੀ ਤੇ ਉਹ ਉਰਦੂ ਅੰਗਰੇਜ਼ੀ ਵਧੀਆ ਬੋਲ ਲੈਂਦਾ ਸੀ, ਪਰ ਉਸ ਨੇ ਹਮੇਸ਼ਾ ਆਪਣਾ ਪਹਿਰਾਵਾ ਤੇ ਬੋਲੀ ਸ਼ੁੱਧ ਪੰਜਾਬੀ ਰੱਖੀ। ਜਿਸ ਕਲਾਮ ਨੇ ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ਦਿਲਵਾਈ ਉਹ ਸੀ ਮੀਆਂ ਮੁਹੰਮਦ ਬਖ਼ਸ਼ ਦਾ ਕਲਾਮ ਸੈਫ਼ ਉਲ ਮਲੂਕ। ਆਮ ਤੌਰ ’ਤੇ ਸ਼ੌਕਤ ਤੋਂ ਪਹਿਲਾਂ ਜਿੰਨੇ ਵੀ ਲੋਕ ਫ਼ਨਕਾਰਾਂ ਨੇ ਸੈਫ਼ ਉਲ ਮਲੂਕ ਗਾਇਆ ਉਸ ਨੂੰ ਰਾਗ ਪਹਾੜੀ ਵਿੱਚ ਗਾਇਆ, ਪਰ ਸ਼ੌਕਤ ਨੇ ਇਸ ਨੂੰ ਪਹਿਲੀ ਵਾਰ ਬਿਰਹਾ ਦੇ ਰਾਗ ਭੈਰਵੀ ਵਿੱਚ ਗਾ ਕੇ ਅਮਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੰਜਾਬੀ ਲੋਕ ਗੀਤਾਂ ਦੀ ਹਰ ਵੰਨਗੀ ਗਾਈ, ਚਾਹੇ ਉਹ ਛੱਲਾ ਹੋਵੇ, ਜੱਗਾ, ਹੀਰ, ਸੋਹਣੀ, ਮਿਰਜ਼ਾ, ਸੱਸੀ ਪੁੰਨੂ ਤੇ ਹੋਰ ਜਿੰਨੀਆਂ ਵੀ ਪੰਜਾਬ ਦੀਆਂ ਲੋਕ ਦਾਸਤਾਨਾਂ ਹਨ, ਸਭ ਨੂੰ ਸ਼ੌਕਤ ਅਲੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗਾ ਕੇ ਪੰਜਾਬੀ ਲੋਕ ਗਾਇਕੀ ਦਾ ਦਾਇਰਾ ਹੋਰ ਵੀ ਵਿਸ਼ਾਲ ਕਰ ਦਿੱਤਾ। ਉਹ ਇੰਨਾ ਵੱਡਾ ਫ਼ਨਕਾਰ ਸੀ ਕਿ ਉਸ ਦਾ ਖ਼ੁਦ ਦਾ ਗਾਇਆ ਹਿੱਟ ਗੀਤ ‘ਕਦੀ ਤਾਂ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ’ ਨੂੰ ਅਣਗਿਣਤ ਪੰਜਾਬੀ ਗਾਇਕਾਂ ਨੇ ਦੁਬਾਰਾ ਗਾਇਆ ਤੇ ਬੌਲੀਵੁੱਡ ਨੇ ਵੀ ਉਸ ਨੂੰ ਕਾਪੀ ਕੀਤਾ।
ਉਸ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਗੀਤ ਗਾਏ। ਜਿਨ੍ਹਾਂ ਵਿੱਚ ਪੌਲੀਵੁੱਡ ਦੀ ਹਰਭਜਨ ਮਾਨ ਅਭਿਨੀਤ ਫਿਲਮ ‘ਹੀਰ ਰਾਂਝਾ’ ਵਿੱਚ ਵਾਰਿਸ ਦੀ ਹੀਰ ਦਾ ਕਲਾਮ ਅਤੇ ਹਰਭਜਨ ਮਾਨ ਦੀ ਹੀ ਫਿਲਮ ‘ਹਾਣੀ’ ਵਿਚਲਾ ਗੀਤ ‘ਤਾਂਘ ਸੱਜਣਾਂ ਦੀ’ ਗਾਏ। ਪਾਕਿਸਤਾਨੀ ਪੰਜਾਬੀ ਫਿਲਮਾਂ ਵਿੱਚ ਉਸ ਨੇ ਅਣਗਿਣਤ ਗੀਤ ਗਾਏ ਜਿਨ੍ਹਾਂ ਵਿੱਚ ਫਿਲਮ ‘ਇਕ ਡੋਲੀ ਦੋ ਕਹਾਰ’ ਵਿੱਚ ਗੀਤ ‘ਕਿਉਂ ਦੂਰ ਦੂਰ ਰਹਿੰਦੇ’, ਫਿਲਮ ‘ਮੌਲਾ ਜੱਟ’ ਵਿੱਚ ਗੀਤ ‘ਇਹ ਤੇ ਵੇਲਾ ਆਪ ਦੱਸੇਗਾ’, ‘ਭਰਜਾਈ’ ਵਿੱਚ ਗੀਤ ‘ਅਲੀ ਦਮ ਮਸਤ ਕਲੰਦਰ’, ਫਿਲਮ ‘ਸ਼ਰੀਫ਼ ਬਦਮਾਸ਼’ ਵਿੱਚ ਗੀਤ ‘ਯੋਗੀ ਆਇਆ ਦਵਾਰੇ ਤੇਰੇ’ ਅਤੇ ਹੋਰ ਫਿਲਮਾਂ ‘ਮੇਰਾ ਵੈਰ’, ‘ਅੱਥਰਾ ਪੁੱਤਰ’, ‘ਖੋਟੇ ਸਿੱਕੇ’, ‘ਕਫ਼ਾਰਾ’, ‘ਮੇਮ ਸਾਬ੍ਹ’, ‘ਠਾਹ’, ‘ਮਿਸਟਰ ਅੱਲਾ ਦਿੱਤਾ’, ‘ਅਕਬਰਾ’ ਅਤੇ ‘ਦੋਸਤਾਨਾ’ ਪ੍ਰਮੁੱਖ ਹਨ।
ਸ਼ੌਕਤ ਅਲੀ ਦੀ ਪਰਿਵਾਰਕ ਜ਼ਿੰਦਗੀ ਬਹੁਤ ਵਧੀਆ ਗੁਜ਼ਰੀ। ਉਸ ਦਾ ਵਿਆਹ ਹੋਇਆ ਤੇ ਘਰ ਪੰਜ ਬੱਚਿਆਂ ਨੇ ਜਨਮ ਲਿਆ-ਤਿੰਨ ਲੜਕੇ ਅਤੇ ਦੋ ਲੜਕੀਆਂ। ਉਸ ਦੇ ਤਿੰਨੇ ਲੜਕੇ ਇਮਰਾਨ ਸ਼ੌਕਤ ਅਲੀ, ਮੋਹਸਿਨ ਸ਼ੌਕਤ ਅਲੀ ਅਤੇ ਆਮਿਰ ਸ਼ੌਕਤ ਅਲੀ ਆਪਣੇ ਪਿਤਾ ਦੀ ਗਾਇਕੀ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।
ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਅਨੇਕਾਂ ਮਾਣ ਸਨਮਾਨ ਸ਼ੌਕਤ ਅਲੀ ਦੀ ਝੋਲੀ ਪਾਏ। ਪਾਕਿਸਤਾਨ ਸਰਕਾਰ ਨੇ 1990 ਵਿੱਚ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਬਦਲੇ ਸਭ ਤੋਂ ਵੱਡੇ ਐਵਾਰਡ ਪ੍ਰਾਈਡ ਆਫ ਪ੍ਰਫਾਰਮੈਂਸ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਵੀ ਉਸ ਨੂੰ ਪ੍ਰਾਈਡ ਆਫ ਪੰਜਾਬ ਐਵਾਰਡ ਨਾਲ ਸਨਮਾਨਿਤ ਕੀਤਾ। ਸ਼ੌਕਤ ਅਲੀ ਨੇ ਜਿੱਥੇ ਗਾਇਕੀ ਵਿੱਚ ਆਪਣੇ ਫ਼ਨ ਦਾ ਭਰਭੂਰ ਮੁਜ਼ਾਹਰਾ ਕੀਤਾ, ਉੱਥੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਉਸ ਦੀਆਂ ਸ਼ਾਇਰੀ ਦੀਆਂ ਦੋ ਕਿਤਾਬਾਂ ‘ਹੰਝੂਆਂ ਦੇ ਆਲ੍ਹਣੇ’ (2005) ਅਤੇ ‘ਟਕੋਰਾਂ’ (2006) ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਲਗਭਗ ਛੇ ਦਹਾਕਿਆ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਸ਼ੌਕਤ ਅਲੀ 2 ਅਪਰੈਲ 2021 ਨੂੰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਪੰਜਾਬੀ ਗਾਇਕੀ ਵਿੱਚ ਸ਼ੌਕਤ ਅਲੀ ਦਾ ਨਾਂ ਹਮੇਸ਼ਾ ਗੂੰਜਦਾ ਰਹੇਗਾ।
ਸੰਪਰਕ: 94646-28857

Advertisement

Advertisement
Author Image

Advertisement