ਸਹਿਣਸ਼ੀਲਤਾ ਦੀ ਮਹਿਮਾ
ਕਮਲਜੀਤ ਕੌਰ ਗੁੰਮਟੀ
ਸਹਿਣਸ਼ੀਲਤਾ ਮਨੁੱਖੀ ਸਕੂਨ ਦਾ ਸਭ ਤੋਂ ਵੱਡਾ ਸਾਧਨ ਹੈ। ਜਿੰਨੀ ਅਸੀਂ ਸਹਿਣਸ਼ੀਲਤਾ ਰੱਖਾਂਗੇ ਓਨਾ ਹੀ ਬਿਹਤਰ ਮਹਿਸੂਸ ਕਰਾਂਗੇ। ਸਹਿਣਸ਼ੀਲਤਾ ਹਰ ਸਥਿਤੀ ਵਿੱਚ ਮਨੁੱਖ ਨੂੰ ਸਹਿਜ ਰੱਖਦੀ ਹੈ। ਸਫਲਤਾ ਦਾ ਸਭ ਤੋਂ ਵੱਡਾ ਮੰਤਰ ਸਹਿਣਸ਼ੀਲਤਾ ਹੀ ਹੈ। ਜੇਕਰ ਸਾਡੇ ਅੰਦਰ ਬਰਦਾਸ਼ਤ ਕਰਨ ਦੀ ਸਮਰੱਥਾ ਹੈ ਤਾਂ ਸਹਿਣਸ਼ੀਲਤਾ ਆਪਣੇ ਆਪ ਮਨ ਅੰਦਰ ਉਪਜਦੀ ਹੈ।
ਤੁਹਾਨੂੰ ਪਰੇਸ਼ਾਨ ਕਰਨ ਵਾਲੇ ਲੋਕ ਸਹਿਣਸ਼ੀਲਤਾ ਅਪਣਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ। ਉਹ ਸਾਡੀ ਅੰਦਰੂਨੀ ਸ਼ਕਤੀ ਦਾ ਇਮਤਿਹਾਨ ਲੈਂਦੇ ਹਨ। ਜਦੋਂ ਕੋਈ ਸਾਨੂੰ ਮੰਦੇ ਬੋਲ ਬੋਲਦਾ ਹੈ ਤਾਂ ਉਹ ਸਾਡੇ ਮਨ ਅੰਦਰ ਚੁੱਭ ਜਾਂਦੇ ਹਨ ਅਤੇ ਮਨ ਨੂੰ ਤਕਲੀਫ਼ ਦਿੰਦੇ ਹਨ। ਜੇਕਰ ਸਾਡੇ ਅੰਦਰ ਸਹਿਣਸ਼ੀਲਤਾ ਹੈ ਤਾਂ ਇਹ ਸ਼ਬਦ ਸਾਨੂੰ ਅਰਥਹੀਣ ਜਾਪਣਗੇ। ਅਸਲ ਵਿੱਚ ਸਹਿਣਸ਼ੀਲਤਾ ਹੀ ਹੈ ਜੋ ਸਾਨੂੰ ਨਿਰਉਤਸ਼ਾਹਿਤ ਹੋਣ ਤੋਂ ਬਚਾਉਂਦੀ ਹੈ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਸਾਵਾਂ ਰੱਖਣ ਲਈ ਸਹਿਣਸ਼ੀਲਤਾ ਦੀ ਬੜੀ ਅਹਿਮ ਭੂਮਿਕਾ ਹੈ। ਸ਼ਾਂਤ ਅਤੇ ਸੰਤੁਲਿਤ ਸੋਚ ਵਾਲਾ ਵਿਅਕਤੀ ਹੀ ਸਹਿਣਸ਼ੀਲ ਹੋ ਸਕਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿਅਕਤੀ ਦੇ ਆਲੇ ਦੁਆਲੇ ਬੇਚੈਨੀ ਦਾ ਪ੍ਰਭਾਵ ਸੀਮਤ ਪੈਂਦਾ ਹੈ। ਕੋਈ ਵੀ ਉੱਤਮ ਕੰਮ ਕਰਨ ਸਮੇਂ ਰੁਕਾਵਟਾਂ ਅਤੇ ਔਕੜਾਂ ਤੁਹਾਨੂੰ ਜ਼ਰੂਰ ਮਿਲਣਗੀਆਂ, ਪਰ ਅਹਿਮ ਗੱਲ ਇਹ ਹੈ ਕਿ ਸਹਿਣਸ਼ੀਲਤਾ ਨਾਲ ਅਸੀਂ ਭਲੀਭਾਂਤ ਆਪਣੇ ਨਿਸ਼ਾਨੇ ’ਤੇ ਪਹੁੰਚ ਜਾਵਾਂਗੇ। ਸਾਨੂੰ ਕੰਮ ਸਹਿਣਸ਼ੀਲਤਾ ਨਾਲ ਹੀ ਕਰਨਾ ਚਾਹੀਦਾ ਹੈ। ਉਸ ਦੀ ਸਫਲਤਾ ਲਈ ਹਰ ਸੰਭਵ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਅਸਫਲ ਵੀ ਹੋਏ ਤਾਂ ਸਹਿਣਸ਼ੀਲਤਾ ਨਾਲ ਫਿਰ ਤੋਂ ਕੋਸ਼ਿਸ਼ ਕਰਨੀ ਬਣਦੀ ਹੈ। ਜੋ ਚੀਜ਼ ਮਨੁੱਖ ਨੂੰ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ ਉਹ ਹੈ ਇੱਛਾਵਾਂ ਦੀ ਪੂਰਤੀ। ਬੇਚੈਨ ਰਹਿ ਕੇ ਅਸੀਂ ਇਨ੍ਹਾਂ ਦੀ ਪੂਰਤੀ ਨਹੀਂ ਕਰ ਸਕਦੇ, ਨਾ ਹੀ ਖ਼ੁਸ਼ੀ ਹਾਸਲ ਕਰ ਸਕਦੇ ਹਾਂ।
ਮਾਨਸਿਕ ਕਰੋਧ ਦੀ ਉਤਪਤੀ ਬੇਹੱਦ ਖ਼ਤਰਨਾਕ ਹੈ। ਜੇਕਰ ਅਸੀਂ ਸਹਿਣਸ਼ੀਲਤਾ ਰੱਖਾਂਗੇ ਤਾਂ ਅਸੀਂ ਆਪਣੇ ਅੰਦਰ ਪੈਦਾ ਹੋਣ ਵਾਲੇ ਕਰੋਧ ’ਤੇ ਕਾਬੂ ਪਾ ਸਕਦੇ ਹਾਂ। ਸਹਿਣਸ਼ੀਲਤਾ ਮਨੁੱਖੀ ਅਨੁਭਵ ਵਿੱਚੋਂ ਹੀ ਪੈਦਾ ਹੁੰਦੀ ਹੈ ਜਿਸ ਮਨੁੱਖ ਅੰਦਰ ਸਹਿਣਸ਼ੀਲਤਾ ਦਾ ਵਾਸ ਹੈ ਉਸ ਨੂੰ ਸਾਰੀ ਦੁਨੀਆ ਖੂਬਸੂਰਤ ਨਜ਼ਰ ਆਉਂਦੀ ਹੈ। ਅਸਹਿਣਸ਼ੀਲਤਾ ਅਜਿਹਾ ਬਾਲਣ ਹੈ ਜਿਸ ਨਾਲ ਮਨ ਅੰਦਰ ਕਰੋਧ ਦੀ ਅੱਗ ਤੇਜ਼ ਹੁੰਦੀ ਹੈ। ਅਜਿਹੀ ਸਥਿਤੀ ਬਹੁਤ ਵਿਸਫੋਟਕ ਹੁੰਦੀ ਹੈ। ਜੇਕਰ ਅਸੀਂ ਇਹ ਸਮਝ ਲਈਏ ਕਿ ਜੋ ਅਸੀਂ ਅਨੁਭਵ ਕਰਦੇ ਹਾਂ, ਉਸ ਦੇ ਪਿੱਛੇ ਕਾਰਨ ਅਤੇ ਸਥਿਤੀ ਕੀ ਹੈ? ਤਾਂ ਅਸੀਂ ਜੋ ਵਾਪਰੇਗਾ ਉਸ ਨੂੰ ਸਹਿਣ ਕਰਨ ਦੇ ਯੋਗ ਹੋ ਸਕਦੇ ਹਾਂ। ਮਨੁੱਖ ਅੰਦਰ ਆਪਾਰ ਸਮਰੱਥਾ ਹੈ। ਇਸ ਦਾ ਲਾਭ ਉਸ ਨੇ ਖ਼ੁਦ ਉਠਾਉਣਾ ਹੈ। ਇਸ ਜਨਮ ਨੂੰ ਅਸਹਿਣਸ਼ੀਲਤਾ ਦਾ ਝੋਰਾ ਲਾ ਕੇ ਅਜਾਈਂ ਗਵਾ ਦੇਣ ਨਾਲੋਂ ਸਹਿਣਸ਼ੀਲ ਹੋਣਾ ਕਿਧਰੇ ਬਿਹਤਰ ਹੈ।
ਅਜੋਕਾ ਮਨੁੱਖ ਝਗੜਿਆਂ ਵਿੱਚ ਇਸ ਹੱਦ ਤੱਕ ਉਲਝ ਗਿਆ ਹੈ ਕਿ ਅਸਹਿਣਸ਼ੀਲਤਾ ਕਰਕੇ ਉਹ ਆਪਣੇ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਭੰਗ ਕਰ ਚੁੱਕਿਆ ਹੈ। ਬਹੁਤ ਘੱਟ ਅਜਿਹੇ ਬੁੱਧੀਮਾਨ ਲੋਕ ਹਨ ਜੋ ਸਹਿਣਸ਼ੀਲਤਾ ਦਾ ਚਿੰਤਨ ਕਰਦੇ ਹਨ ਅਤੇ ਖ਼ੁਸ਼ੀਆਂ ਲੱਭਦੇ ਹਨ। ਜਿਵੇਂ-ਜਿਵੇਂ ਮਨੁੱਖ ਜਾਤੀ ਪਦਾਰਥਕ ਵਸਤੂਆਂ ਦੀ ਭਾਲ ਵਿੱਚ ਨਿਕਲੇਗੀ ਤਿਉਂ-ਤਿਉਂ ਸਹਿਣਸ਼ੀਲਤਾ ਵਿੱਚ ਕਮੀ ਆਵੇਗੀ। ਮਨੁੱਖ ਨੂੰ ਆਪਣੇ ਅੰਦਰ ਧੀਰਜ ਪੈਦਾ ਕਰਨਾ ਪਵੇਗਾ ਅਤੇ ਜੀਵਨ ਨੂੰ ਸਾਦਾ ਰੱਖਣਾ ਹੋਵੇਗਾ। ਇਹ ਮਨ ਵਿੱਚ ਸਹਿਣਸ਼ੀਲਤਾ ਪੈਦਾ ਕਰਨ ਵਿੱਚ ਸਹਾਈ ਹੋਵੇਗਾ।
ਧਰਮ ਮਨੁੱਖ ਨੂੰ ਸਬਰ ਸੰਤੋਖ ਸਿਖਾਉਂਦਾ ਹੈ ਅਤੇ ਮਨੁੱਖ ਨੂੰ ਪ੍ਰਫੁੱਲਿਤ ਅਤੇ ਮਜ਼ਬੂਤ ਬਣਾਉਂਦਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿੱਚ ਸਾਡੇ ਗਿਆਨ ਵਿੱਚ ਅਪਾਰ ਵਾਧਾ ਹੋਇਆ ਹੈ, ਪਰ ਸਾਡੇ ਅੰਦਰ ਸਹਿਣਸ਼ੀਲਤਾ ਦੀ ਕਮੀ ਆਈ ਹੈ। ਮਨੁੱਖ ਭਾਵੇਂ ਕਿੰਨਾ ਵੀ ਖ਼ੂਬਸੂਰਤ ਕਿਉਂ ਨਾ ਹੋਵੇ ਜਦ ਉਹ ਅਸਹਿਣਸ਼ੀਲਤਾ ਦੇ ਭਾਵ ਮਨ ਵਿੱਚ ਪ੍ਰਗਟ ਕਰਦਾ ਹੈ, ਕਰੋਧ ਕਰਦਾ ਹੈ ਤਾਂ ਉਸ ਦਾ ਚਿਹਰਾ ਬਦਸੂਰਤ ਦਿਖਾਈ ਦਿੰਦਾ ਹੈ। ਸਹਿਣਸ਼ੀਲਤਾ ਮਨ ਦੀ ਇੱਕ ਅਵਸਥਾ ਹੈ। ਜਦ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਅਸੀਂ ਸਹਿਣ ਨਹੀਂ ਕਰਦੇ। ਇਸ ਦਾ ਦੋਸ਼ ਦੂਜਿਆਂ ਸਿਰ ਜਾਂ ਰੱਬ ਦੇ ਸਿਰ ਮੜ੍ਹਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਦੇ ਹਾਂ। ਜੇਕਰ ਜ਼ਿੰਦਗੀ ਵਿੱਚ ਦੁੱਖ ਤੇ ਪੀੜਾ ਦੇ ਪਲ ਆਉਂਦੇ ਵੀ ਹਨ ਤਾਂ ਉਹ ਸਥਿਰ ਨਹੀਂ ਰਹਿੰਦੇ। ਉਹ ਸਮੇਂ ਦੇ ਵਹਾਅ ਵਿੱਚ ਬਹਿ ਜਾਂਦੇ ਹਨ।
ਅੱਜਕੱਲ੍ਹ ਸਹਿਣਸ਼ੀਲਤਾ ਦੀ ਘਾਟ ਕਰਕੇ ਹੀ ਅਪਰਾਧ ਅਤੇ ਨਸ਼ਾ ਵਧ ਰਿਹਾ ਹੈ। ਮਾਪਿਆਂ ਅਤੇ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਘਾਟ ਦਿਖਾਈ ਦਿੰਦੀ ਹੈ। ਕੋਈ ਸਮਾਂ ਸੀ ਜਦ ਮਾਂ-ਬਾਪ ਦੀ ਕਹੀ ਗੱਲ ਬੱਚੇ ਖਿੜੇ ਮੱਥੇ ਪ੍ਰਵਾਨ ਕਰਦੇ ਸਨ। ਉਨ੍ਹਾਂ ਦੀ ਘੂਰ ਅਤੇ ਕੁੱਟ ਵੀ ਝੱਲਦੇ ਸਨ ਕਿਉਂਕਿ ਮਾਂ-ਬਾਪ ਉਨ੍ਹਾਂ ਦੇ ਭਲੇ ਲਈ ਹੀ ਸਭ ਕੁਝ ਕਰਦੇ ਹਨ। ਸਹਿਣਸ਼ੀਲਤਾ ਦੀ ਘਾਟ ਕਾਰਨ ਹੀ ਬੱਚੇ ਮਾਪਿਆਂ ’ਤੇ ਹੱਥ ਚੁੱਕਦੇ ਹਨ। ਕਈ ਵਾਰ ਗੱਲ ਇੰਨੀ ਅੱਗੇ ਵਧ ਜਾਂਦੀ ਹੈ ਕਿ ਉਹ ਮਾਂ-ਬਾਪ ਦੀ ਜਾਨ ਵੀ ਲੈ ਲੈਂਦੇ ਹਨ। ਕਈ ਵਾਰ ਮਾਪੇ ਬੱਚਿਆਂ ਨਾਲ ਸਹਿਣਸ਼ੀਲਤਾ ਨਾਲ ਗੱਲ ਕਰਨ ਦੀ ਬਜਾਏ ਬੱਚਿਆਂ ’ਤੇ ਕਰੋਧ ਕਰਦੇ ਹਨ। ਇਸ ਕਰੋਧ ਦੇ ਨਤੀਜੇ ਬੜੇ ਭਿਆਨਕ ਨਿਕਲਦੇ ਹਨ। ਇਹੀ ਬੱਚੇ ਜਦ ਵਿਦਿਆਰਥੀ ਰੂਪ ਵਿੱਚ ਅਧਿਆਪਕਾਂ ਦੇ ਨਾਲ ਵਿਚਰਦੇ ਹਨ, ਉੱਥੇ ਸਹਿਣਸ਼ੀਲਤਾ ਦੀ ਕਮੀ ਪਾਈ ਜਾਂਦੀ ਹੈ। ਅਜੋਕੇ ਅਧਿਆਪਕ ਨੂੰ ਇਹ ਹੱਕ ਨਹੀਂ ਕਿ ਉਹ ਬੱਚੇ ਨੂੰ ਡਾਂਟ ਸਕੇ ਜਾਂ ਗ਼ਲਤੀ ’ਤੇ ਮਰਿਆਦਾ ਵਿੱਚ ਰਹਿ ਕੇ ਹਲਕੀ ਫੁਲਕੀ ਸਜ਼ਾ ਦੇ ਸਕੇ। ਅਜਿਹਾ ਕਿਉਂ? ਕਿਉਂਕਿ ਮਾਪਿਆਂ ਅਤੇ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਘਾਟ ਪੈਦਾ ਹੋ ਗਈ ਹੈ। ਕਿਤੇ ਨਾ ਕਿਤੇ ਬੱਚਿਆਂ ਦੇ ਕੁਰਾਹੇ ਪੈਣ ਦੇ ਵੱਡੇ ਕਾਰਨ ਇਹ ਵੀ ਬਣਦੇ ਹਨ।
ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਜੰਗ ਉਹ ਹੀ ਲੜ ਸਕਦਾ ਹੈ ਜਿਸ ਦੀ ਸਹਿਣਸ਼ਕਤੀ ਮਜ਼ਬੂਤ ਹੋਵੇ। ਜਿਸ ਵਿਅਕਤੀ ਵਿੱਚ ਔਖੇ ਤੋਂ ਔਖੇ ਵੇਲੇ ਨੂੰ ਬਰਦਾਸ਼ਤ ਕਰਨ ਦੀ ਹਿੰਮਤ ਹੁੰਦੀ ਹੈ, ਉਹ ਇਨਸਾਨ ਹਮੇਸ਼ਾਂ ਜ਼ਿੰਦਗੀ ਵਿੱਚ ਫਤਿਹ ਹਾਸਲ ਕਰਦਾ ਹੈ। ਸਹਿਣਸ਼ੀਲਤਾ ਕੋਈ ਕਮਜ਼ੋਰੀ ਨਹੀਂ ਸਗੋਂ ਮਨੁੱਖ ਦੀ ਅੰਦਰੂਨੀ ਸ਼ਕਤੀ ਹੈ। ਇਹ ਚੰਗੀ ਸ਼ਖ਼ਸੀਅਤ ਦਾ ਪ੍ਰਤੀਕ ਹੈ। ਸਿਆਣੇ ਕਹਿੰਦੇ ਹਨ ‘ਜਿਸ ਨੇ ਸਹਿਣਾ ਸਿੱਖ ਲਿਆ, ਉਸ ਨੇ ਰਹਿਣਾ ਸਿੱਖ ਲਿਆ।’ ਇਸ ਵਿਅਰਥ ਦੀ ਦੌੜ ਵਿੱਚ ਮਸ਼ਰੂਫ਼ ਹੋ ਕੇ ਅਸੀਂ ਆਪਣਾ ਅੰਦਰੂਨੀ ਸਕੂਨ ਗਵਾ ਚੁੱਕੇ ਹਾਂ। ਅਸਹਿਣਸ਼ੀਲਤਾ ਕਰਕੇ ਮਨੁੱਖਤਾ ਮਾਰੂ ਹਥਿਆਰਾਂ ਦੇ ਡਰ ਅਤੇ ਸਹਿਮ ਹੇਠਾਂ ਜਿਉਂ ਰਹੀ ਹੈ। ਜੇਕਰ ਸਾਡੇ ਅੰਦਰ ਸਹਿਣਸ਼ੀਲਤਾ ਹੋਵੇਗੀ ਤਾਂ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਦਾ ਸਬੱਬ ਬਣੇਗਾ ਅਤੇ ਜ਼ਿੰਦਗੀ ਖ਼ੂਬਸੂਰਤ ਹੋਵੇਗੀ।
ਸੰਪਰਕ: 98769-26873