For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਜ਼ਿਲ੍ਹੇ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ

10:07 AM May 01, 2024 IST
ਮੁਹਾਲੀ ਜ਼ਿਲ੍ਹੇ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ
ਮੁਹਾਲੀ ਜ਼ਿਲ੍ਹੇ ’ਚੋਂ ਅੱਵਲ ਆਈ ਵਿਦਿਆਰਥਣ ਆਸਥਾ ਖੁਸ਼ੀ ਜ਼ਾਹਿਰ ਕਰਦੀ ਹੋਈ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਅਪਰੈਲ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵੱਲੋਂ ਅੱਜ ਸ਼ਾਮ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਬੋਰਡ ਵੱਲੋਂ ਜਾਰੀ 320 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਮੁਹਾਲੀ ਦੀਆਂ ਕੁੜੀਆਂ ਨੇ ਬਾਜ਼ੀ ਮਾਰੀ। ਮੁਹਾਲੀ ਜ਼ਿਲ੍ਹੇ ਦੇ 13 ਵਿਦਿਆਰਥੀ ਪੰਜਾਬ ਦੀ ਮੈਰਿਟ ਵਿੱਚ ਆਏ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੇ ਵਿਦਿਆਰਥੀ ਹਨ। ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਆਸਥਾ ਨੇ 500 ’ਚੋਂ 495 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 99 ਫੀਸਦੀ ਹੈ। ਪੰਜਾਬ ਵਿੱਚ ਉਹ 14ਵੇਂ ਸਥਾਨ ’ਤੇ ਹੈ। ਸ਼ਹੀਦ ਲਾਂਸ ਨਾਇਕ ਰਣਜੋਧ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤਿਊੜ ਦੀ ਮਹਿਕ ਨੇ 500 ਅੰਕਾਂ ’ਚੋਂ 494 ਅੰਕ ਲੈ ਕੇ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਮੱਲਿਆ ਹੈ। ਪੰਜਾਬ ਪੱਧਰ ’ਤੇ ਉਹ 28ਵੇਂ ਸਥਾਨ ’ਤੇ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 98.80 ਫੀਸਦੀ ਬਣਦੀ ਹੈ।
ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੇ ਹਿਮਾਂਸ਼ੂ ਨੇ 493 ਅੰਕ (98.60 ਫੀਸਦੀ) ਲੈ ਕੇ ਮੁਹਾਲੀ ਜ਼ਿਲ੍ਹੇ ’ਚੋਂ ਤੀਜਾ ਅਤੇ ਪੰਜਾਬ ਵਿੱਚ 49ਵਾਂ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਆਂਚਲ ਨੇ 490 ਅੰਕ ਲੈ ਕੇ ਪੰਜਾਬ ਵਿੱਚ 117ਵਾਂ ਅਤੇ ਜ਼ਿਲ੍ਹੇ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਸ ਦੀ ਪਾਸ ਪ੍ਰਤੀਸ਼ਤਤਾ 98 ਫੀਸਦੀ ਹੈ। ਇਸੇ ਸਕੂਲ ਦੇ ਨਵਦੀਪ ਸਹਿਗਲ ਨੇ 490 ਅੰਕ (98 ਫੀਸਦੀ) ਨਾਲ ਮੁਹਾਲੀ ਜ਼ਿਲ੍ਹੇ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ’ਚ ਉਹ 119ਵੇਂ ਸਥਾਨ ’ਤੇ ਹੈ। ਇਸੇ ਸਕੂਲ ਦੀ ਹਰਪ੍ਰੀਤ ਕੌਰ ਨੇ 489 ਅੰਕ (97.60 ਫੀਸਦੀ) ਲੈ ਕੇ ਜ਼ਿਲ੍ਹੇ ਵਿੱਚ ਸੱਤਵਾਂ ਅਤੇ ਪੰਜਾਬ ਦੀ ਮੈਰਿਟ ਵਿੱਚ 171 ਸਥਾਨ ਹਾਸਲ ਕੀਤਾ ਹੈ। ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ-70 ਦੀ ਜਸਪ੍ਰੀਤ ਕੌਰ ਨੇ 487 (97.40 ਫੀਸਦੀ) ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ 9ਵਾਂ ਸਥਾਨ ਹਾਸਲ ਕੀਤਾ ਹੈ। ਪੰਜਾਬ ਵਿੱਚ ਉਹ 244ਵੇਂ ਸਥਾਨ ’ਤੇ ਹੈ। ਇਸੇ ਸਕੂਲ ਦੀ ਰੁਪਿੰਦਰ ਕੌਰ, ਮਾਨਸੀ, ਅਰਦਸ਼ਦੀਪ ਕੌਰ ਪੁੱਤਰੀ ਦਰਸ਼ਨ ਸਿੰਘ ਅਤੇ ਅਰਸ਼ਦੀਪ ਕੌਰ ਪੁੱਤਰੀ ਸਤਨਾਮ ਸਿੰਘ ਨੇ 487-487 ਅੰਕ ਲੈ ਕੇ ਕ੍ਰਮਵਾਰ ਮੁਹਾਲੀ ਜ਼ਿਲ੍ਹੇ ਵਿੱਚ 10ਵਾਂ, 11ਵਾਂ, 12ਵਾਂ ਅਤੇ 13ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਸਾਰਿਆਂ ਦੀ ਪਾਸ ਪ੍ਰਤੀਸ਼ਤਤਾ (97.40 ਫੀਸਦੀ) ਹੈ।
ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

Advertisement

ਕੁਰਾਲੀ ਦੀ ਲਵਦੀਪ ਕੌਰ ਤੇ ਸੰਜਨਾ ਮੈਰਿਟ ਵਿੱਚ ਆਈ

ਲਵਦੀਪ ਕੌਰ ਅਤੇ ਸੰਜਨਾ।

ਕੁਰਾਲੀ (ਮਿਹਰ ਸਿੰਘ): ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਜ਼ਿਲ੍ਹਾ ਮੁਹਾਲੀ ਵਿਚੋਂ ਕੁਰਾਲੀ ਤੇ ਮਾਜਰੀ ਬਲਾਕ ਦੇ ਸਰਕਾਰੀ ਸਕੂਲਾਂ ਦੀ ਝੰਡੀ ਰਹੀ। ਕੁਰਾਲੀ ਬਲਾਕ ਦੇ ਤਿਊੜ ਸਕੂਲ ਦੀ ਵਿਦਿਆਰਥਣ ਮਹਿਕ, ਕੁਰਾਲੀ ਦੇ ਕੰਨਿਆ ਸਕੂਲ ਦੀ ਵਿਦਿਆਰਥਣ ਲਵਦੀਪ ਕੌਰ ਅਤੇ ਬਲਾਕ ਮਾਜਰੀ ਦੇ ਸਿਆਲਬਾ ਸਕੂਲ ਦੀ ਸੰਜਨਾ ਨੇ ਮੈਰਿਟ ਵਿੱਚ ਥਾਂ ਬਣਾਈ ਹੈ। ਸੀਨੀਅਰ ਸੈਕੰਡਰੀ ਸਕੂਲ ਤਿਊੜ ਦੀ ਮਹਿਕ ਪੁੱਤਰੀ ਸਲੀਮ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ। ਮਹਿਕ ਨੇ ਵੋਕੇਸ਼ਨਲ ਸ਼੍ਰੋਣੀ ਵਿਚੋਂ 494/500 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ 7ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਹਰਭੁਪਿੰਦਰ ਕੌਰ ਨੇ ਮਹਿਕ ਦੇ ਘਰ ਜਾ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਬਲਾਕ ਮਾਜਰੀ ਦੇ ਸਿਆਲਬਾ ਸਕੂਲ ਦੀ ਕਾਮਰਸ ਦੀ ਵਿਦਿਆਰਕਣ ਸੰਜਨਾ ਪੁੱਤਰੀ ਸੋਹਣ ਲਾਲ ਨੇ 491/500 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ 10ਵਾਂ ਰੈਂਕ ਹਾਸਲ ਕੀਤਾ ਹੈ। ਪ੍ਰਿੰਸੀਪਲ ਆਤਮਵੀਰ ਸਿੰਘ ਨੇ ਸੰਜਨਾ ਨੂੰ ਵਧਾਈ ਦਿੰਦਿਆਂ ਉਸ ਵਲੋਂ ਕੀਤੀ ਮਿਹਨਤ ਤੇ ਅਧਿਆਪਕਾਂ ਵਲੋਂ ਦਿੱਤੀ ਅਗਵਾਈ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਕੁਰਾਲੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਲਵਦੀਪ ਕੌਰ ਪੁੱਤਰੀ ਹਰਮਿੰਦਰ ਸਿੰਘ ਨੇ ਸਾਇੰਸ ਦੇ ਮੈਡੀਕਲ ਸਟਰੀਮ ਵਿੱਚ 488/500 ਅੰਕ ਹਾਸਲ ਕਰਕੇ ਪੰਜਾਬ ਵਿਚੋਂ 13ਵਾਂ ਰੈਂਕ ਹਾਸਲ ਕਰਦਿਆਂ ਮੈਰਿਟ ਵਿੱਚ ਥਾਂ ਬਣਾਈ ਹੈ।

ਘਨੌਲੀ ਦੀ ਹਰਲੀਨ ਨੂੰ ਸੂਬੇ ’ਚੋਂ 10ਵਾਂ ਸਥਾਨ

ਘਨੌਲੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਦੌਰਾਨ ਜ਼ਿਲ੍ਹੇ ਵਿੱਚੋਂ ਸੱਤਵਾਂ ਅਤੇ ਸੂਬੇ ਵਿੱਚੋਂ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਘਨੌਲੀ ਦੇ ਵਸਨੀਕ ਮਨਜੀਤ ਸਿੰਘ ਅਤੇ ਗੁਰਜੀਤ ਕੌਰ ਦੀ ਪੁੱਤਰੀ ਹਰਲੀਨ ਕੌਰ ਦੇ ਚਚੇਰੇ ਭਰਾ ਮਨਮੀਤ ਸਿੰਘ ਨੇ ਪਿਛਲੇ ਸਾਲ ਅੱਠਵੀਂ ਵਿੱਚੋਂ ਜ਼ਿਲੇ ’ਚੋਂ ਪਹਿਲਾ ਅਤੇ ਸੂਬੇ ਵਿੱਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ ਸੀ। ਅੱਜ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਲੀ ਦੀਆਂ ਅਧਿਆਪਕਾਵਾਂ ਹਰਕੀਰਤ ਕੌਰ ਪੰਜਾਬੀ ਲੈਕਚਰਾਰ, ਮੰਜੁਲਾ ਕਾਲੀਆ ਸਾਇੰਸ ਅਧਿਆਪਕਾ, ਮਨਜੀਤ ਕੌਰ ਹਿਸਾਬ ਅਧਿਆਪਕਾ ਤੇ ਪ੍ਰਿਅੰਕਾ ਯਾਦਵ ਹਿੰਦੀ ਅਧਿਆਪਕਾ ਨੇ ਵਿਦਿਆਰਥਣ ਹਰਲੀਨ ਕੌਰ ਦੇ ਘਰ ਪੁੱਜ ਕੇ ਖੁਸ਼ੀ ਸਾਂਝੀ ਕਰਦੇ ਹੋਏ ਮੂੰਹ ਮਿੱਠਾ ਕਰਵਾਇਆ।

Advertisement
Author Image

Advertisement
Advertisement
×