ਘਰ ’ਚ ਕੰਮ ਕਰ ਰਹੀ ਲੜਕੀ ਨੂੰ ਸੱਪ ਨੇ ਡੱਸਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਇੱਥੇ ਭਾਮੀਆਂ ਕਲਾਂ ਇਲਾਕੇ ਵਿੱਚ ਆਪਣੇ ਘਰ ਵਿੱਚ ਕੰਮ ਕਰ ਰਹੀ ਇੱਕ ਲੜਕੀ ਨੂੰ ਸੱਪ ਨੇ ਡੱਸ ਲਿਆ ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ (26) ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਹਾਲਾਂਕਿ ਕੁਝ ਸਮੇਂ ’ਚ ਸੱਪ ਦੇ ਡੱਸਣ ਤੋਂ ਬਚਣ ਦਾ ਦਾਅਵਾ ਕਰਨ ਵਾਲੇ ਇੱਕ ਨੌਜਵਾਨ ਤੋਂ ਵੀ ਕੋਈ ਹੱਲ ਨਹੀਂ ਨਿਕਲ ਸਕਿਆ। ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ ਦਾ ਤਿੰਨ ਮਹੀਨੇ ਬਾਅਦ ਨਵੰਬਰ ’ਚ ਵਿਆਹ ਸੀ। ਪਰਿਵਾਰਕ ਮੈਂਬਰ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਮਨਪ੍ਰੀਤ ਘਰ ’ਚ ਆਪਣੇ ਭਰਾ ਦੇ ਬੱਚਿਆਂ ਨਾਲ ਸੀ ਅਤੇ ਘਰ ਵਿੱਚ ਮਿਸਤਰੀ ਲੱਗੇ ਹੋਏ ਸਨ। ਇਸ ਦੌਰਾਨ ਉਸ ਨੂੰ ਸੱਪ ਨੇ ਡੱਸ ਲਿਆ। ਮਨਪ੍ਰੀਤ ਨੇ ਉਸ ਸਮੇਂ ਧਿਆਨ ਨਹੀਂ ਦਿੱਤਾ ਪਰ ਕੁਝ ਸਮੇਂ ਬਾਅਦ ਉਸ ਦੀ ਸਿਹਤ ਵਿਗੜ ਗਈ। ਇਸ ਦੌਰਾਨ ਤਾਜਪੁਰ ਰੋਡ ’ਤੇ ਲੋਕਾਂ ਨੂੰ ਸੱਪ ਦੇ ਡੱਸਣ ਤੋਂ ਬਚਾਉਣ ਦਾ ਦਾਅਵਾ ਕਰਨ ਵਾਲੇ ਭਰਤ ਨਾਂ ਦੇ ਵਿਅਕਤੀ ਨੂੰ ਬੁਲਾਇਆ ਗਿਆ। ਪਰਿਵਾਰ ਵਾਲੇ ਮਨਪ੍ਰੀਤ ਨੂੰ ਹਸਪਤਾਲ ਲੈ ਗਏ ਜਿੱਥੇ ਕੁਝ ਸਮੇਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਤਿੰਨ ਮਹੀਨੇ ਬਾਅਦ ਹੋਣਾ ਸੀ ਅਤੇ ਪਰਿਵਾਰ ਤਿਆਰੀਆਂ ’ਚ ਰੁੱਝਿਆ ਹੋਇਆ ਸੀ।