ਦੁਬਈ ਤੋਂ ਪਰਤੀ ਲੜਕੀ ਨੇ ਸੁਣਾਈ ਦੁੱਖਾਂ ਦੀ ਦਾਸਤਾਂ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 3 ਜੂਨ
ਦੁਬਈ ਦੀ ਧਰਤੀ ‘ਤੇ ਇੱਕ ਪੰਜਾਬੀ ਕੁੜੀ ਤੋਂ ਜਿਸਮ ਫਿਰੋੋੋਸ਼ੀ ਦਾ ਧੰਦਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਨੇ ਜਦ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਭੁੱਖਾ-ਪਿਆਸਾ ਰੱਖਿਆ ਗਿਆ ਤੇ ਪਾਰਕਾਂ ਵਿਚ ਸੌਂਣ ਲਈ ਮਜਬੂਰ ਕੀਤਾ ਗਿਆ। ਇਹਨਾਂ ਦਾ ਗੱਲ ਦਾ ਖੁਲਾਸਾ ਦੁਬਈ ਤੋਂ ਵਾਪਸ ਪਰਤੀ ਕੋਟਕਪੂਰੇ ਦੀ ਨੌਜਵਾਨ ਲੜਕੀ ਨੇ ਕੀਤਾ ਜੋ ਟਰੈਵਲ ਏਜੰਟ ਦੀ ਧੋਖਾ ਦਾ ਸ਼ਿਕਾਰ ਹੋਈ ਹੈ। ਇਥੋਂ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਉਹ ਬਾਰ੍ਹਵੀਂ ਪਾਸ ਹੈ ਤੇ ਬੇਰੁਜ਼ਗਾਰ ਹੋਣ ਕਰਕੇ ਉਹ ਆਪਣੇ ਰਿਸ਼ਤੇਦਾਰ ਦੇ ਕਹਿਣ ‘ਤੇ ਦੁਬਈ ਗਈ ਸੀ। ਉਸ ਨੂੰ ਕਿਹਾ ਗਿਆ ਸੀ ਕਿ ਆਬੂਧਾਬੀ ਵਿਖੇ ਉਸ ਬਿਊਟੀ ਪਾਰਲਰ ਦਾ ਕੰਮ ਦਿੱਤਾ ਜਾਵੇਗਾ। ਇਸ ਲਈ ਉਸ ਨੇ 3 ਲੱਖ ਰੁਪਏ ਦੀ ਮੰਗ ਕੀਤੀ। ਪੀੜਤ ਪਰਿਵਾਰ ਨੇ ਆਪਣਾ ਮਕਾਨ ਗਹਿਣੇ ਰੱਖ ਕੇ ਏਜੰਟ ਨੂੰ ਫੀਸ ਦਿੱਤੀ। ਦੁਬਈ ਵਿਚ 3 ਮਹੀਨੇ ਉਸ ਕੋਲੋਂ ਘਰੇਲੂ ਕੰਮ ਕਾਰ ਕਰਵਾਇਆ, ਰੋਜ਼ਾਨਾ ਉਸ ਨੂੰ ਘਰੋਂ ਹੋਰ ਪੈਸੇ ਮੰਗਵਾਉਣ ਲਈ ਮਜਬੂਰ ਕੀਤਾ ਗਿਆ, ਰੋਜ਼ਾਨਾ ਬਿਊਟੀ ਪਾਰਲਰ ਦਾ ਰੁਜ਼ਗਾਰ ਦਿਵਾਉਣ ਦਾ ਲਾਰਾ ਲਾਇਆ ਜਾਂਦਾ, ਅਕਸਰ ਉਸਨੂੰ ਦੇਹ ਵਪਾਰ ਦੇ ਧੰਦੇ ਲਈ ਡਰਾਵਾ ਦਿੱਤਾ ਜਾਂਦਾ ਤੇ ਫਿਰ ਤਿੰਨ ਮਹੀਨੇ ਬਾਅਦ ਉਸ ਨੂੰ ਰੱਬ ਆਸਰੇ ਘਰੋਂ ਕੱਢ ਦਿੱਤਾ। ਉਪਰੰਤ ਉਸ ਨੂੰ ਖੁੱਲ੍ਹੇ ਆਸਮਾਨ ਹੇਠ ਰਹਿਣਾ ਪਿਆ। ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੀਆਂ ਪੰਜਾਬ, ਪਾਕਿਸਤਾਨ ਜਾਂ ਹੋਰ ਦੇਸ਼ਾਂ ਦੀਆਂ ਲੜਕੀਆਂ ਤੇ ਔਰਤਾਂ ਉਸ ਨੂੰ ਕੁਝ ਖਾਣ ਜਾਂ ਪੀਣ ਲਈ ਦੇ ਦਿੰਦੀਆਂ ਤਾਂ ਉਹ ਲੈ ਲੈਂਦੀ, ਨਹੀਂ ਤਾਂ 12-24 ਜਾਂ 36-36 ਘੰਟੇ ਤੱਕ ਵੀ ਉਸ ਨੂੰ ਭੁੱਖੇ ਰਹਿਣ ਲਈ ਮਜਬੂਰ ਹੋਣਾ ਪਿਆ।