ਚਾਰ ਨੌਜਵਾਨਾਂ ਨੇ ਲੜਕੀ ਦੀ ਕੀਤੀ ਕੁੱਟਮਾਰ
ਬੇਅੰਤ ਸਿੰਘ ਸੰਧੂ
ਪੱਟੀ, 27 ਜੁਲਾਈ
ਸਿਵਲ ਹਸਪਤਾਲ ਕੈਰੋਂ ’ਚ ਪਿਤਾ ਦਾ ਇਲਾਜ ਕਰਵਾਉਣ ਆਈ ਮੁਟਿਆਰ ਦੀ ਚਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਸਿਵਲ ਹਸਪਤਾਲ ਕੈਰੋਂ ਅੰਦਰ ਜ਼ੇਰੇ ਇਲਾਜ ਸੁਰਜੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਢੋਟੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਪਿੰਡ ਦੇ ਕੁਝ ਵਿਅਕਤੀਆਂ ਨੇ ਰੰਜਿਸ਼ ਤਹਿਤ ਕੁੱਟਮਾਰ ਕੀਤੀ ਸੀ ਜਿਸ ਨੂੰ ਇਲਾਜ ਲਈ ਕੈਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
ਊਸ ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਸਿਵਲ ਹਸਪਤਾਲ ਕੈਰੋਂ ਵਿੱਚ ਇਲਾਜ ਅਧੀਨ ਦਾਖਲ ਆਪਣੇ ਪਿਤਾ ਵਾਸਤੇ ਕੁਝ ਲੈਣ ਲਈ ਹਸਪਤਾਲ ਦੇ ਗੇਟ ਨੇੜੇ ਪਹੁੰਚੀ ਤਾਂ ਪਿੰਡ ਢੋਟੀਆਂ ਦੇ ਦੋ ਨੌਜਵਾਨ ਸਣੇ ਚਾਰ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਚਾਰ-ਪੰਜ ਦੰਦ ਟੁੱਟ ਗਏ ਅਤੇ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ’ਤੇ ਜ਼ਖ਼ਮ ਹੋ ਗਏ। ਪੀੜਤ ਲੜਕੀ ਨੇ ਦੱਸਿਆ ਕਿ ਉਸ ਵੱਲੋਂ ਪੁਲੀਸ ਚੌਕੀ ਕੈਰੋਂ ਅੰਦਰ ਦਰਖਾਸਤ ਦਿੱਤੀ ਗਈ, ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਲੜਕੀ ਨੇ ਜ਼ਿਲ੍ਹਾ ਤਰਨ ਤਾਰਨ ਦੇ ਐੱਸਐੱਸਪੀ ਅਤੇ ਮਹਿਲਾ ਕਮਿਸ਼ਨ ਪੰਜਾਬ ਕੋਲ ਇਨਸਾਫ ਦੀ ਅਪੀਲ ਕਰਦਿਆਂ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਇਸ ਸਬੰਧੀ ਚੌਕੀ ਇੰਚਾਰਜ ਕੈਰੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਥਾਣਾ ਸਰਹਾਲੀ ਦੇ ਇੰਸਪੈਕਟਰ ਚੰਦਰ ਭੂਸ਼ਣ ਕਰ ਰਹੇ ਹਨ, ਜਦੋਂ ਮਾਮਲਾ ਚੌਕੀ ਇੰਚਾਰਜ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਾਮਲਾ ਪੁਲੀਸ ਚੌਕੀ ਕੈਰੋਂ ਅਧੀਨ ਆਉਂਦਾ ਹੈ ਤਾਂ ਚੌਕੀ ਇੰਚਾਰਜ ਨੇ ਪੈਤੜਾਂ ਬਦਲਦਿਆਂ ਕਿਹਾ,‘ਸਾਡੇ ਕੋਲ ਕੋਈ ਮੈਡੀਕਲ ਰਿਪੋਰਟ ਨਹੀਂ ਆਈ।’