ਰੇਲਵੇ ਸਟੇਸ਼ਨ ਨੇੜਿਓਂ ਮਿਲੀ ਬੱਚੀ ਬਾਲ ਘਰ ਭੇਜੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਜੁਲਾਈ
ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਦੇਖ-ਰੇਖ ਹੇਠ ਧਾਮ ਤਲਵੰਡੀ ਖੁਰਦ ਵਿਖੇ ਚੱਲਦੇ ਲਾਵਾਰਸ ਮਿਲਣ ਵਾਲੇ ਬੱਚਿਆਂ ਦੀ ਸਾਂਭ-ਸੰਭਾਲ ਵਾਲੇ ਐੱਸਜੀਬੀ ਬਾਲ ਘਰ ’ਚ ਇਕ ਹੋਰ ਚਾਰ ਸਾਲਾ ਬੱਚੀ ਭੇਜੀ ਗਈ ਹੈ। ਐੱਸਜੀਬੀ ਫਾਊਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਆੜ੍ਹਤੀ ਸੇਵਾ ਸਿੰਘ ਖੇਲਾ ਨੇ ਇਹ ਬੱਚੀ ਹਾਸਲ ਕਰਨ ਮੌਕੇ ਦੱਸਿਆ ਕਿ ਲੁਧਿਆਣਾ ਦੇ ਢੰਡਾਰੀ ਖੁਰਦ ਰੇਲਵੇ ਲਾਈਨਾਂ ਨਜ਼ਦੀਕ ਸਬਜ਼ੀ ਮੰਡੀ ’ਚ ਕਰੀਬ ਚਾਰ ਸਾਲਾ ਦੀ ਲਾਵਾਰਸ ਹਾਲਤ ’ਚ ਇਕ ਲੜਕੀ ਮਿਲੀ ਜਿਸ ਆਪਣਾ ਨਾਮ ਚਾਂਦਨੀ ਦੱਸਿਆ। ਲੜਕੀ ਦਾ ਕਹਿਣਾ ਸੀ ਕਿ ਉਸ ਦੀ ਮਾਂ ਹੀ ਉਸ ਨੂੰ ਉਥੇ ਛੱਡ ਕੇ ਚਲੀ ਗਈ ਜਦਕਿ ਉਹ ਆਪਣੇ ਪਿਤਾ ਦਾ ਨਾਮ ਨਹੀਂ ਦੱਸ ਸਕੀ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਚੌਕੀ ਢੰਡਾਰੀ ਦੇ ਥਾਣੇਦਾਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਰਿਪੋਰਟ ਦਰਜ ਕਰਨ ਉਪਰੰਤ ਜ਼ਿਲ੍ਹਾ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਆਦੇਸ਼ਾਂ ਅਨੁਸਾਰ ਲੜਕੀ ਦੇ ਸੁਰੱਖਿਅਤ ਭਵਿੱਖ ਲਈ ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਸਥਾਪਤ ਸਰਕਾਰ ਤੋਂ ਮਾਨਤਾ ਪ੍ਰਾਪਤ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਲੁਧਿਆਣਾ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਵੱਖਰੇ ਤੌਰ ’ਤੇ ਅਮਲ ’ਚ ਲਿਆਂਦੀ ਜਾਵੇਗੀ।
ਲਾਪਤਾ ਬੱਚੀ ਮਾਪਿਆਂ ਹਵਾਲੇ ਕੀਤੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਦੋਰਾਹਾ ਤੋਂ ਲਾਪਤਾ ਹੋਈ ਪੰਜ ਸਾਲਾਂ ਬੱਚੀ ਖੰਨਾ ਤੋਂ ਮਿਲੀ ਹੈ। ਬੱਚੀ ਨੂੰ ਖੰਨਾ ਸ਼ਹਿਰ ਦੇ ਪ੍ਰੇਮ ਢਾਬੇ ਦੇ ਮਾਲਕ ਨਰੇਸ਼ ਪਾਠਕ ਨੇ ਉਸ ਦੇ ਪਰਿਵਾਰਕ ਮੈਬਰਾਂ ਨਾਲ ਮਿਲਾਇਆ। ਜਾਣਕਾਰੀ ਅਨੁਸਾਰ ਖੰਨਾ ’ਚ ਪੰਜ ਸਾਲ ਦੀ ਬੱਚੀ ਰੌਂਦੀ ਹੋਈ ਆਪਣੇ ਮਾਪਿਆਂ ਨੂੰ ਮਿਲਣ ਲਈ ਕਹਿ ਰਹੀ ਸੀ। ਢਾਬਾ ਮਾਲਕ ਲੜਕੀ ਨੂੰ ਢਾਬੇ ’ਤੇ ਲੈ ਆਇਆ ਅਤੇ ਉਸ ਦੇ ਮਾਪਿਆਂ ਬਾਰੇ ਪੁੱਛਿਆ ਪਰ ਉਸ ਕੁਝ ਵੀ ਦੱਸਣ ਤੋਂ ਅਸਮਰਥ ਸੀ। ਪੁਲੀਸ ਨੇ ਇਸ ਦੀ ਸੂਚਨਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਨੂੰ ਕੰਟਰੋਲ ਰੂਮ ’ਚ ਭੇਜੀ, ਜਿਸ ਉਪਰੰਤ ਪਤਾ ਲੱਗਿਆ ਕਿ ਬੱਚੀ ਦੋਰਾਹਾ ਦੀ ਰਹਿਣ ਵਾਲੀ ਹੈ ਤਾਂ ਇਸ ਦੀ ਸੂਚਨਾ ਮਾਪਿਆਂ ਨੂੰ ਦਿੱਤੀ ਗਈ।