ਘਨੌਰ ਕਲਾਂ-ਕਲੇਰਾਂ ਸੜਕ ਦਾ ਕੰਮ ਅੱਧ-ਵਿਚਾਲੇ ਛੱਡਿਆ
ਬੀਰਬਲ ਰਿਸ਼ੀ
ਸ਼ੇਰਪੁਰ, 8 ਜੂਨ
ਘਨੌਰ ਕਲਾਂ-ਕਲੇਰਾਂ ਲਿੰਕ ਸੜਕ ਦੇ ਰਹਿੰਦੇ ਡੇਢ ਕੁ ਕਿਲੋਮੀਟਰ ਦੇ ਟੋਟੇ ‘ਤੇ ਵਿਭਾਗ ਵੱਲੋਂ ਕਈ ਮਹੀਨਿਆਂ ਤੋਂ ਪ੍ਰੀਮਿਕਸ ਨਾ ਪਾਉਣ ਖ਼ਿਲਾਫ਼ ਦੋ ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਰਾਜ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਉਠਾਈ। ਜ਼ਿਕਰਯੋਗ ਹੈ ਕਿ ਸੜਕ ਦਾ ਕਲੇਰਾਂ ਵਾਲੇ ਪਾਸਿਓਂ ਇੱਕ ਟੋਟਾ ਤਕਰੀਬਨ ਸੱਤ-ਅੱਠ ਮਹੀਨੇ ਪਹਿਲਾਂ ਹੀ ਬਣਿਆ ਸੀ, ਜਿਸ ਦੇ ਮਟੁੱਟ ਜਾਣ ਕਾਰਨ ਵਿਭਾਗ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਲੋਕਾਂ ਨੇ ਦੱਸਿਆ ਭਾਵੇਂ ਉਸ ਸਮੇਂ ਅੱਧੀ ਸੜਕ ‘ਤੇ ਪ੍ਰੀਮਿਕਸ ਪਾ ਕੇ ਬਾਕੀ ਸੜਕ ਉੱਤੇ ਕੁਦਰਤੀ ਪਾਣੀ ਦੇ ਵਹਾਅ ਲਈ ਪੁਲੀਆ ਲਗਾਉਣ ਦੇ ਕੰਮ ਵਿੱਚ ਹੋਈ ਦੇਰੀ ਕਰਕੇ ਪੱਥਰ ਪਾ ਕੇ ਕੰਮ ਅੱਧ-ਵਿਚਾਲੇ ਹੀ ਛੱਡ ਦਿੱਤਾ ਗਿਆ ਸੀ ਪਰ ਹੁਣ ਵਿਭਾਗ ਪ੍ਰੀਮਿਕਸ ਪਾਉਣ ਤੋਂ ਆਨਾਕਾਨੀ ਕਰਦਾ ਆ ਰਿਹਾ ਹੈ। ਸੜਕ ‘ਤੇ ਪਾਏ ਗਏ ਪੱਥਰ ਤੋਂ ਰੋਜ਼ਾਨਾ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਭਾਗ ਦੇ ਐਕਸੀਅਨ ਨੇ ਕਿਹਾ ਕਿ ਹੌਟ ਮਿਕਸ ਪਲਾਟ ਵਾਲਿਆਂ ਵੱਲੋਂ ਸਮਾਂ ਨਾ ਮਿਲਣ ਕਰਕੇ ਕੰਮ ਵਿਚ ਦੇਰੀ ਹੋਈ ਹੈ। ਉਨ੍ਹਾਂ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਨੂੰ ਇੱਕ ਹਫ਼ਤੇ ਵਿਚ ਪੂਰਾ ਕਰਨ ਦਾ ਦਾਅਵਾ ਕੀਤਾ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਘਨੌਰ ਕਲਾਂ-ਕਲੇਰਾਂ ਅਤੇ ਕੁੰਭੜਵਾਲ-ਰੰਗੀਆਂ ਸੜਕਾਂ ਦੇ ਸੱਤ ਮਹੀਨਿਆਂ ਵਿੱਚ ਟੁੱਟਣ ਦੀ ਵਿਜੀਲੈਂਸ ਜਾਂਚ ਲਈ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੰਗ ਪੱਤਰ ਭੇਜਿਆ ਹੈ, ਜਦੋਂ ਕਿ ਪਹਿਲਾਂ ਜਾਂਚ ਕਰ ਚੁੱਕੇ ਐਸਡੀਐਮ ਨੂੰ ਵਿਭਾਗ ਰਿਕਾਰਡ ਦੇਣ ਤੋਂ ਬਾਗੀ ਹੋ ਗਿਆ ਪਰ ਸਰਕਾਰ ਦੀ ਚੁੱਪ ਸ਼ੱਕੀ ਹੈ ਜਿਸ ਵਿਰੁੱਧ ਲੋੜ ਪਈ ਤਾਂ ਸੰਘਰਸ਼ ਵਿੱਢਿਆ ਜਾਵੇਗਾ।