ਬੂਸਟਰ ਪੰਪ ਚਲਾਉਣ ਵਾਲੇ ਜੈਨਰੇਟਰ ਚਿੱਟਾ ਹਾਥੀ ਬਣੇ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਗਸਤ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਾਣੀ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ ਪਰ ਸੂਬਾ ਸਰਕਾਰ, ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਇਹ ਅਹਿਮ ਬੁਨਿਆਦੀ ਲੋੜ ਪੂਰੀ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੁੱਦਾ ਚੁੱਕਦਿਆਂ ਕਿਹਾ ਕਿ ਕਰੋੜਾਂ ਰੁਪਏ ਖ਼ਰਚ ਕੇ ਸ਼ਹਿਰ ’ਚ ਬੂਸਟਰ ਪੰਪ ਲਾਏ ਗਏ ਸਨ ਅਤੇ ਇਨ੍ਹਾਂ ਲਈ ਆਧੁਨਿਕ ਜੈਨਰੇਟਰ ਖ਼ਰੀਦੇ ਗਏ ਸਨ ਤਾਂ ਜੋ ਬਿਜਲੀ ਕੱਟ ਦੌਰਾਨ ਪਾਣੀ ਦੀ ਸਪਲਾਈ ਵਿੱਚ ਕੋਈ ਵਿਘਨ ਨਾ ਪਵੇ ਪਰ ਤੇਲ ਦਾ ਪ੍ਰਬੰਧ ਨਾ ਹੋਣ ਕਾਰਨ ਲੋੜ ਪੈਣ ’ਤੇ ਇਹ ਜੈਨਰੇਟਰ ਚਿੱਟਾ ਹਾਥੀ ਸਾਬਤ ਹੋ ਰਹੇ ਹਨ।
ਡਿਪਟੀ ਮੇਅਰ ਨੇ ਕਿਹਾ ਕਿ ਸਬੰਧਤ ਵਿਭਾਗਾਂ ਦੀ ਅਣਦੇਖੀ ਦੇ ਚੱਲਦਿਆਂ ਮੌਜੂਦਾ ਸਮੇਂ ਇਹ ਜੈਨਰੇਟਰ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ। ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਸੀ ਕਿ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣ ਤੋਂ ਬਾਅਦ ਵਿਭਾਗ ਕੋਲ ਪੈਸੇ ਨਹੀਂ ਬਚਦੇ ਹਨ, ਜਿਸ ਕਾਰਨ ਜੈਨਰੇਟਰਾਂ ਵਿੱਚ ਤੇਲ ਪਾਉਣ ਲਈ ਪੈਸੇ ਨਹੀਂ ਹਨ। ਕੁਲਜੀਤ ਬੇਦੀ ਨੇ ਕਿਹਾ ਕਿ ਗਰਮੀ ਦੇ ਮੌਸਮ ਅਤੇ ਹੁਣ ਬਰਸਾਤੀ ਮੌਸਮ ਵਿੱਚ ਬਿਜਲੀ ਦੇ ਲਗਾਤਾਰ ਕੱਟ ਲੱਗ ਰਹੇ ਹਨ ਅਤੇ ਜੈਨਰੇਟਰਾਂ ’ਚ ਤੇਲ ਲਈ ਫੰਡ ਨਾ ਹੋਣ ਕਾਰਨ ਇਨ੍ਹਾਂ ਬੂਸਟਰਾਂ ਤੋਂ ਹੋਣ ਵਾਲੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ। ਉਨ੍ਹਾਂ ਪਾਵਰਕੌਮ ਤੋਂ ਮੰਗ ਕੀਤੀ ਕਿ ਫੇਜ਼-10 ਦੀ ਤਰਜ਼ ’ਤੇ ਸਾਰੇ ਬੂਸਟਰਾਂ ਨੂੰ ਹੌਟ ਲਾਈਨ ਨਾਲ ਜੋੜਿਆ ਜਾਵੇ। ਬੇਦੀ ਨੇ ਮੰਗ ਕੀਤੀ ਕਿ ਸਰਕਾਰ ਇਸ ਦਾ ਕੋਈ ਬਦਲਵਾਂ ਪ੍ਰਬੰਧ ਕਰੇ ਨਹੀਂ ਤਾਂ ਸ਼ਹਿਰ ਵਾਸੀ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਉਨ੍ਹਾਂ ਡੀਸੀ ਮੁਹਾਲੀ ਨੂੰ ਜੈਨਰੇਟਰਾਂ ਲਈ ਤੇਲ ਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ।