ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ ਭਲਕੇ
ਜਗਤਾਰ ਸਿੰਘ ਲਾਂਬਾ
ਅੰਮ੍ਰਤਿਸਰ, 6 ਨਵੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਸਣੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਾਸਤੇ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਵਿਰੋਧੀ ਧਿਰ ਵੱਲੋਂ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਵਿਰੋਧੀ ਧਿਰ ਵੱਲੋਂ ਭਲਕੇ ਪ੍ਰਧਾਨ ਦੇ ਅਹੁਦੇ ਵਾਸਤੇ ਆਪਣਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ 15 ਮੈਂਬਰੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਾਸਤੇ 8 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਜਨਰਲ ਇਜਲਾਸ ਹੋਵੇਗਾ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦੀ ਤਿਆਰੀ ਸ਼ੁਰੂ ਕੀਤੇ ਜਾਣ ਮਗਰੋਂ ਇਹ ਆਮ ਚੋਣਾਂ ਅਗਾਂਹ ਭਵਿੱਖ ਵਿੱਚ ਜਲਦੀ ਹੋਣ ਦੀ ਸੰਭਾਵਨਾ ਹੈ, ਜਿਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਦਾ ਇਹ ਆਖਰੀ ਜਨਰਲ ਇਜਲਾਸ ਵੀ ਹੋ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਜਾਵੇਗੀ। ਇਹ ਮੀਟਿੰਗ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਵੇਗੀ। ਇਸ ਵਿਚਾਰ-ਚਰਚਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਰਵਾਇਤ ਮੁਤਾਬਕ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਲਈ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਮੁਤਾਬਕ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸਿੱਖ ਸੰਸਥਾ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਮੁੜ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਹ ਪਿਛਲੇ ਦੋ ਸਾਲ ਤੋਂ ਸਿੱਖ ਸੰਸਥਾ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਿੱਖ ਸੰਸਥਾ ਵਿਵਾਦਾਂ ਤੋਂ ਬਚੀ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਹਾਊਸ ਵਿੱਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿ ਮਜ਼ਬੂਤ ਸਥਤਿੀ ਵਿੱਚ ਹੈ ਪਰ ਇਸ ਦੇ ਬਾਵਜੂਦ ਵਿਰੋਧੀ ਧਿਰਾਂ ਵੱਲੋਂ ਵੀ ਜਨਰਲ ਇਜਲਾਸ ਵਿੱਚ ਸ਼ਕਤੀ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਹੈ। ਪਿਛਲੇ ਸਾਲ ਵੀ ਜਨਰਲ ਇਜਲਾਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ। ਇਸ ਵਾਰ ਵਿਰੋਧੀ ਧਿਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਸੰਤ ਬਲਬੀਰ ਸਿੰਘ ਘੁੰਨਸ ਨੂੰ ਆਪਣਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ। ਇਹ ਚਰਚਾ ਭਲਕੇ ਸਪਸ਼ੱਟ ਹੋ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਭਲਕੇ 7 ਨਵੰਬਰ ਨੂੰ ਇਸ ਸਬੰਧੀ ਇੱਕ ਪੱਤਰਕਾਰ ਸੰਮੇਲਨ ਦੌਰਾਨ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਵਿੱਚ ਇਸ ਵੇਲੇ ਤਖਤਾਂ ਦੇ ਜਥੇਦਾਰਾਂ ਨੂੰ ਛੱਡ ਕੇ ਚੁਣੇ ਹੋਏ ਅਤੇ ਨਾਮਜ਼ਦ ਕੀਤੇ ਹੋਏ ਕੁੱਲ 185 ਮੈਂਬਰ ਹਨ। ਇਨ੍ਹਾਂ ’ਚੋਂ 29 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਸ ਵੇਲੇ ਹਾਊਸ ਵਿੱਚ ਕੁੱਲ 153 ਮੈਂਬਰ ਹਨ, ਜੋ ਕਿ 8 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਵਿੱਚ ਅਹੁਦੇਦਾਰਾਂ ਦੀ ਚੋਣ ਵਿੱਚ ਸ਼ਾਮਲ ਹੋਣਗੇ।
ਏਡੀਸੀ ਵੱਲੋਂ ਸਿਆਸੀ ਆਗੂਆਂ ਨਾਲ ਮੀਟਿੰਗ
ਅੰਮ੍ਰਤਿਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਨਦੀਪ ਕੌਰ ਵੱਲੋਂ ਅੱਜ ਕੇਂਦਰੀ ਹਲਕੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵੋਟਾਂ ਬਣਾਉਣ ਦੇ ਚਾਹਵਾਨ ਕੇਸਧਾਰੀ ਸਿੱਖ ਜਿੰਨ੍ਹਾ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੈ, ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਫਾਰਮ ਨੰ: 1 ਪੂਰਾ ਕਰਕੇ 15 ਨਵੰਬਰ ਤੱਕ ਪੇਂਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲ/ਨਗਰ ਪੰਚਾਇਤ ਦੇ ਨਿਯੁਕਤ ਕਰਮਚਾਰੀਆਂ ਨੂੰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਬਣਨ ਲਈ ਪ੍ਰੋਫਾਰਮੇ ਜ਼ਿਲ੍ਹਾ ਚੋਣ ਦਫ਼ਤਰ, ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰਾਂ, ਤਹਿਸੀਲਦਾਰ, ਰੈਵੇਨਿਊ ਦਫ਼ਤਰਾਂ, ਪਟਵਾਰਖਾਨਾ, ਨਗਰ ਕੌਂਸਲ/ ਨਗਰ ਪੰਚਾਇਤਾਂ ਦੇ ਦਫ਼ਤਰਾਂ, ਜ਼ਿਲ੍ਹੇ ਵਿੱਚ ਪੈਂਦੇ ਗੁਰਦੁਆਰਿਆਂ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਫਾਰਮ ਜ਼ਿਲ੍ਹਾ ਅੰਮ੍ਰਤਿਸਰ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਤਿਆਰੀ ਸਬੰਧੀ ਫਾਰਮ ਨੰਬਰ-1 ਵੱਧ ਗਿਣਤੀ ਵਿੱਚ ਪ੍ਰਾਪਤ ਨਹੀਂ ਕੀਤੇ ਜਾਣਗੇ। ਦੱਸਣਯੋਗ ਹੈ ਕਿ ਵੋਟਰ ਬਣਨ ਦੀ ਇਹ ਪ੍ਰਕਿਰਿਆ ਫਿਲਹਾਲ ਸੁਸਤ ਰਫ਼ਤਾਰ ਵਿੱਚ ਹੈ।