ਕੇਦਾਰਨਾਥ ਤੇ ਯਮਨੋਤਰੀ ਮੰਦਿਰਾਂ ਦੇ ਕਿਵਾੜ ਸਰਦੀਆਂ ਲਈ ਬੰਦ
ਰੁਦਰਪ੍ਰਯਾਗ, 15 ਨਵੰਬਰ
ਕੇਦਾਰਨਾਥ ਅਤੇ ਯਮਨੋਤਰੀ ਮੰਦਿਰਾਂ ਦੇ ਕਿਵਾੜ ਅੱਜ ਭਾਈ ਦੂਜ ਮੌਕੇ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਭਗਵਾਨ ਸ਼ਿਵ ਨੂੰ ਸਮਰਪਿਤ ਮੰਦਿਰ ਦੇ ਕਿਵਾੜ ਪੂਜਾ ਅਰਚਨਾ ਤੇ ਧਾਰਮਿਕ ਰਸਮਾਂ ਮਗਰੋਂ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਅਤੇ ਯਮਨੋਤਰੀ ਮੰਦਰ ਦੇ ਕਿਵਾੜ ਸਵੇਰੇ 11:57 ਵਜੇ ਬੰਦ ਕੀਤੇ ਗਏ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਅਜੇਂਦਰ ਅਜੈ ਨੇ ਕਿਹਾ ਕਿ ਤੜਕਸਾਰ ਪੈਂਦੀ ਠੰਢ ਦੇ ਬਾਵਜੂਦ ਕਿਵਾੜ ਬੰਦ ਕਰਨ ਲਈ ਰੱਖੀ ਰਸਮ ਵਿੱਚ 2500 ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ। ਸਰਦੀਆਂ ਦੇ ਮੌਸਮ ਵਿਚ ਮੰਦਿਰ ਬਰਫ਼ ਨਾਲ ਪੂਰੀ ਤਰ੍ਹਾਂ ਢਕਿਆ ਰਹਿੰਦਾ ਹੈ। ਪਿਛਲੇ ਕੁਝ ਦਿਨਾਂ ਵਿਚ ਪਈ ਬਰਫ਼ ਨਾਲ ਕੇਦਾਰਨਾਥ ਤੇ ਨੇੜਲੇ ਇਲਾਕੇ ਸੱਜਰੀ ਬਰਫ਼ ਨਾਲ ਢਕ ਗਏ ਹਨ। ਕਿਵਾੜ ਬੰਦ ਹੋਣ ਮਗਰੋਂ ਭਗਵਾਨ ਕੇਦਾਰਨਾਥ ਦੀ ਪੰਚਮੁਖੀ ਡੋਲੀ ਨੂੰ ਮੰਦਰ ਦੇ ਪੁਜਾਰੀ ਆਪਣੇ ਮੋਢਿਆਂ ’ਤੇ ਚੁੱਕ ਕੇ ਉਖੀਮੱਠ ਦੇ ਓਮਕਰੇਸ਼ਵਰ ਮੰਦਰ ਲੈ ਗਏ। ਸਰਦੀਆਂ ਦੌਰਾਨ ਇਸੇ ਮੰਦਰ ਵਿੱਚ ਭਗਵਾਨ ਦੀ ਪੂਜਾ ਕੀਤੀ ਜਾਵੇਗੀ। ਅਜੈ ਨੇ ਕਿਹਾ ਕਿ ਇਸ ਸੀਜ਼ਨ ਵਿੱਚ 19.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੰਦਰ ’ਚ ਮੱਥਾ ਟੇਕਿਆ ਹੈ। -ਪੀਟੀਆਈ