For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ

08:05 AM May 03, 2024 IST
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਮੌਕੇ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰੇ ਦੇ ਸੇਵਾਦਾਰ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਮਈ
ਉੱਤਰਾਖੰਡ ਵਿਚ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ ਲਈ ਅੱਜ ਅਰਦਾਸ ਮਗਰੋਂ ਗੁਰਦੁਆਰੇ ਦੇ ਕਿਵਾੜ ਖੋਲ੍ਹ ਦਿੱਤੇ ਗਏ ਹਨ। ਇਹ ਯਾਤਰਾ ਸ਼ਰਧਾਲੂਆਂ ਲਈ 25 ਮਈ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਲਈ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਰਸਤਾ ਤਿਆਰ ਕਰਨ ਦੀ ਸੇਵਾ ਕੀਤੀ ਜਾ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ 12 ਤੋਂ 15 ਫੁੱਟ ਬਰਫ ਹੈ ਅਤੇ ਸਰੋਵਰ ਬਰਫ ਨਾਲ ਜੰਮਿਆ ਹੋਇਆ ਹੈ। ਗੁਰਦੁਆਰੇ ਦਾ ਆਲਾ ਦੁਆਲਾ ਬਰਫ ਦੀ ਸਫੇਦ ਚਾਦਰ ਨਾਲ ਢੱਕਿਆ ਹੋਇਆ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਸੇਵਾਦਾਰਾਂ ਦਾ ਦਲ ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜ ਗਿਆ ਜਿਨ੍ਹਾਂ ਨੇ ਗੁਰਦੁਆਰੇ ਦੇ ਗੇਟ ਅੱਗੇ ਜੰਮੀ ਬਰਫ ਨੂੰ ਹਟਾਉਣ ਤੋਂ ਬਾਅਦ ਅਰਦਾਸ ਕਰ ਕੇ ਗੁਰਦੁਆਰੇ ਦੇ ਕਿਵਾੜ ਖੋਲ੍ਹ ਦਿੱਤੇ। ਉਨ੍ਹਾਂ ਦੱਸਿਆ ਕਿ 25 ਮਈ ਨੂੰ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਖੋਲ੍ਹੇ ਜਾਣਗੇ ਅਤੇ ਇਸ ਨਾਲ ਸਾਲਾਨਾ ਯਾਤਰਾ ਸ਼ੁਰੂ ਹੋ ਜਾਵੇਗੀ। ਬਰਫ ਹਟਾਉਣ ਅਤੇ ਰਸਤੇ ਤਿਆਰ ਕਰਨ ਦੀ ਸੇਵਾ ਵਿੱਚ ਭਾਰਤੀ ਫੌਜ ਦੇ 35 ਜਵਾਨ ਅਤੇ ਗੁਰਦੁਆਰੇ ਦੇ 15 ਸੇਵਾਦਾਰ ਲੱਗੇ ਹੋਏ ਹਨ ਜਿਨ੍ਹਾਂ ਨੇ ਇਹ ਸੇਵਾ 22 ਅਪਰੈਲ ਨੂੰ ਸ਼ੁਰੂ ਕੀਤੀ ਸੀ। ਪਹਿਲਾਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਬਰਫ ਹਟਾਈ ਗਈ ਤੇ ਬਾਅਦ ਵਿੱਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦੀ ਬਰਫ ਹਟਾ ਕੇ ਰਸਤਾ ਤਿਆਰ ਕਰਦਾ ਹੋਇਆ ਇਹ ਸੇਵਾ ਦਲ ਅੱਜ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਤਿੰਨ ਕਿਲੋਮੀਟਰ ਪਹਿਲਾਂ ਅਟਲਾਕੋਟੀ ਗਲੇਸ਼ੀਅਰ ਤੋਂ ਲੈ ਕੇ ਸਮੁੱਚਾ ਰਸਤਾ ਬਰਫ ਨਾਲ ਢੱਕਿਆ ਹੋਇਆ ਹੈ। ਦੱਸਣਯੋਗ ਹੈ ਕਿ 22 ਮਈ ਨੂੰ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਸਿੱਖ ਸੰਗਤ ਦਾ ਪਹਿਲਾ ਜਥਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਰਵਾਨਾ ਹੋਵੇਗਾ ਅਤੇ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ ਜਾਣਗੇ।

Advertisement

Advertisement
Author Image

sukhwinder singh

View all posts

Advertisement
Advertisement
×