ਉਦਘਾਟਨ ਤੋਂ ਪਹਿਲਾਂ ਡਿੱਗਿਆ ਪਾਰਕ ਦੇ ਗੇਟ ਦਾ ਪਿੱਲਰ
ਪੱਤਰ ਪ੍ਰੇਰਕ
ਲਹਿਰਾਗਾਗਾ, 27 ਸਤੰਬਰ
ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਅਧਿਕਾਰਤ ਪੰਚਾਇਤ ਵੱਲੋਂ ਪੰਜ ਲੱਖ ਦੀ ਲਾਗਤ ਨਾਲ ਨਵੇਂ ਬਣਾਏ ਪਾਰਕ ਦਾ ਗੇਟ ਪਹਿਲੀ ਬਾਰਸ਼ ਪੈਣ ਨਾਲ ਹੀ ਢਹਿ ਢੇਰੀ ਹੋ ਗਿਆ, ਜਦਕਿ ਗੇਟ ’ਤੇ ਅਜੇ ਤੱਕ ਉਦਘਾਟਨੀ ਪੱਥਰ ਵੀ ਨਹੀਂ ਲਗਾਇਆ ਗਿਆ ਸੀ। ਵਸਨੀਕਾ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਪਾਰਕ ਦੇ ਕੰਮ ’ਚ ਕਥਿਤ ਅਤਿ ਘਟੀਆ ਕਿਸਮ ਦੇ ਸਾਮਾਨ ਦੀ ਵਰਤੋਂ ਕੀਤੀ ਹੈ, ਜਿਸ ਮਗਰੋਂ ਗੇਟ ਦਾ ਡਿੱਗਣਾ ਸੁਭਾਵਿਕ ਸੀ। ਦੱਸਣਯੋਗ ਹੈ ਕਿ ਇਸ ਪਾਰਕ ਦਾ ਉਦਘਾਟਨ ਪੰਜਾਬ ਦੇ ਕਿਸੇ ਵੱਡੇ ਮੰਤਰੀ ਵੱਲੋਂ ਕੀਤਾ ਜਾਣਾ ਸੀ। ਜ਼ਿਕਰਯੋਗ ਹੈ ਪਿੰਡ ਦੀ ਸਰਪੰਚ ਕਮਲਜੀਤ ਕੌਰ ਦੇ ਮੁਅਤਲ ਹੋਣ ਮਗਰੋਂ ਅਧਿਕਾਰਤ ਸਰਪੰਚ ਮਨਜੀਤ ਕੌਰ ਨੇ ਵਿਕਾਸ ਕਾਰਜ ਕਰਵਾਏ ਹਨ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੁਨਾਮ ਸੰਜੀਵ ਕੁਮਾਰ ਨੇ ਦੱਸਿਆ ਕਿ ਪਾਰਕ ਦੇ ਗੇਟ ਡਿੱਗਣ ਦੀ ਘਟਨਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਮਨਜੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਨੇ ਕਿਹਾ ਕਿ ਇਸ ਗੇਟ ਦੀਆਂ ਨੀਹਾਂ ਵਿੱਚ ਮੀਂਹ ਦੇ ਪਾਣੀ ਨਾਲ ਵੱਡੀਆਂ ਤਰੇੜਾਂ ਪੈ ਗਈਆਂ ਸਨ, ਇੱਥੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ, ਇਸ ਲਈ ਟਰੈਕਟਰ ਦੀ ਮਦਦ ਨਾਲ ਇਹ ਗੇਟ ਡੇਗਣਾ ਪਿਆ ਹੈ।