For the best experience, open
https://m.punjabitribuneonline.com
on your mobile browser.
Advertisement

ਮਾਲੀ ਦਾ ਮੁੰਡਾ

10:31 AM Jun 01, 2024 IST
ਮਾਲੀ ਦਾ ਮੁੰਡਾ
Advertisement

ਹਰੀ ਕ੍ਰਿਸ਼ਨ ਮਾਇਰ

Advertisement

ਸਕੂਲੋਂ ਆਉਂਦੇ ਸਾਰ ਰਾਜੂ ਦਾ ਚਿਹਰਾ ਉਤਰਿਆ ਹੋਇਆ ਸੀ। ਪਿਤਾ ਨੇ ਪੁੱਛਿਆ, ‘‘ਕੀ ਹੋਇਆ, ਮੂੰਹ ਕਿਉਂ ਲਟਕਾਇਆ?”
“ਊਂਈ।”
“ਊਂਈ ਤਾਂ ਨਹੀਂ, ਗੱਲ ਜ਼ਰੂਰ ਕੋਈ ਹੈਗੀ।”
“ਨਹੀਂ, ਪਾਪਾ।”
“ਪੁੱਤ, ਪਾਪਾ ਤੋਂ ਨਹੀਂ ਲਕੋਈ ਦਾ ਕੁਝ?”
ਰਾਜੂ ਆਖਰ ਬੋਲ ਹੀ ਪਿਆ, “ਅੱਜ ਗੌਰਵ ਨੇ ਹੱਥ ਵਿੱਚ ਖੁਰਪੀ ਫੜ ਕੇ ਮਾਲੀ ਦੀ ਐਕਟਿੰਗ ਕੀਤੀ। ਮੇਰਾ ਕਲਾਸ ਵਿੱਚ ਮਜ਼ਾਕ ਉਡਾਇਆ। ਕਹਿੰਦਾ-ਮਾਲੀ ਦਾ ਮੁੰਡਾ ਬਣ ਕੇ ਰਹਿ, ਤੂੰ ਕੋਈ ਅਫ਼ਸਰ ਨਹੀਂ ਲੱਗਣਾ।”
“ਤੰਗੀ ਤੁਰਸ਼ੀ ਵਿੱਚ ਗੁਜ਼ਾਰਾ ਕਰਨ ਵਾਲੇ ਲੋਕਾਂ ਨੂੰ ਅਮੀਰ ਲੋਕ ਪਹਿਲਾਂ ਤੋਂ ਹੀ ਐਵੇਂ ਮਖੌਲ ਕਰਦੇ ਆਏ ਹਨ।”
“ਪਾਪਾ! ਕੀ ਮਾਲੀ ਹੋਣਾ ਕੋਈ ਬੁਰੀ ਗੱਲ ਹੈ?” ਰਾਜੂ ਨੇ ਪੁੱਛਿਆ।
“ਨਹੀਂ, ਮਾਲੀ ਤਾਂ ਇੱਕ ਮਹਾਨ ਮਨੁੱਖ ਹੁੰਦਾ ਹੈ ਜੋ ਜ਼ਮੀਨ ਵਿੱਚ ਬੀਜ ਬੀਜਦਾ ਹੈ। ਉਸ ਵਿੱਚੋਂ ਉੱਗੇ ਪੌਦੇ ਵੱਡੇ ਵੱਡੇ ਰੁੱਖ ਬਣਦੇ ਹਨ।”
“ਫਿਰ ਗੌਰਵ ਨੇ ਮੈਨੂੰ ਇੰਜ ਕਿਉਂ ਕਿਹਾ? ਮੈਂ ਤਾਂ ਉਸ ਨੂੰ ਕੁਝ ਵੀ ਨਹੀਂ ਸੀ ਕਿਹਾ।”
“ਤੇਰੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਉਹ ਤੇਰੇ ਨਾਲ ਈਰਖਾ ਕਰਦਾ ਹੈ।”
“ਪਾਪਾ ਉਸ ਦੇ ਪਾਪਾ ਕੀ ਕੰਮ ਕਰਦੇ ਹਨ?”
“ਸੂਦ ’ਤੇ ਪੈਸੇ ਦਿੰਦੇ ਹਨ।”
“ਕੀ ਇਹ ਇੱਜ਼ਤ ਤੇ ਕਮਾਈ ਵਾਲਾ ਕੰਮ ਹੁੰਦੈ?”
“ਕੰਮ ਕੋਈ ਚੰਗਾ ਬੁਰਾ ਨਹੀਂ ਹੁੰਦੈ। ਬੰਦੇ ਦੀ ਮਾਨਸਿਕਤਾ ਚੰਗੀ ਜਾਂ ਮਾੜੀ ਹੁੰਦੀ ਹੈ।” ਰਾਜੂ ਦੇ ਪਾਪਾ ਨੇ ਜਵਾਬ ਦਿੱਤਾ।
“ਪਾਪਾ! ਮੈਨੂੰ ਕਿਸੇ ਗ਼ਰੀਬਾਂ ਵਾਲੇ ਸਕੂਲ ਵਿੱਚ ਹੀ ਦਾਖਲ ਕਰਾ ਦਿਓ।”
“ਨਹੀਂ, ਤੂੰ ਇਸੇ ਸਕੂਲ ਵਿੱਚ ਪੜ੍ਹੇਂਗਾ। ਗੌਰਵ ਨਾਲੋਂ ਤੂੰ ਕਿਸੇ ਗੱਲੋਂ ਘੱਟ ਨਹੀਂ। ਤੂੰ ਉਸ ਨਾਲੋਂ ਵੱਧ ਮਿਹਨਤੀ ਅਤੇ ਪੜ੍ਹਨ ਵਿੱਚ ਹੁਸ਼ਿਆਰ ਏਂ। ਲੋੜ ਪਈ ਤਾਂ ਮੈਂ ਤੇਰੇ ਅਧਿਆਪਕਾਂ ਨੂੰ ਵੀ ਮਿਲ ਕੇ ਸਾਰੀ ਕਹਾਣੀ ਦੱਸ ਦਿਆਂਗਾ।”
“ਸਕੂਲ ਨਾ ਜਾਇਓ ਪਾਪਾ, ਬੱਚੇ ਮੇਰੇ ਨਾਲ ਜ਼ਿੱਦ ਰੱਖਣ ਲੱਗ ਪੈਣਗੇ, ਗੌਰਵ ਤਾਂ ਹਰੇਕ ਨਾਲ ਝੱਟ ਲੜ ਪੈਂਦੈ।”
‘‘ਤੇਰੀ ਬੇਇੱਜ਼ਤੀ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ।”
“ਜੇ ਹੱਦ ਟੱਪਿਆ ਤਾਂ ਫਿਰ ਸੋਚਾਂਗਾ।”
“ਕੰਵਲ ਦਾ ਫੁੱਲ ਦੇਖਿਆ, ਚਿੱਕੜ ਵਿੱਚ ਹੀ ਖਿੜ ਪੈਂਦੈ। ਉਸ ਦੇ ਆਖੇ ਬੋਲਾਂ ਨੂੰ ਇੱਕ ਚੁਣੌਤੀ ਵਾਂਗ ਸਮਝ, ਵੱਧ ਮਿਹਨਤ ਕਰ। ਦੇਖੀਂ ਇੱਕ ਦਿਨ ਤੂੰ ਵੱਡਾ ਅਫ਼ਸਰ ਬਣੇਂਗਾ।’’ ਰਾਜੂ ਨੂੰ ਕੁਝ ਧਰਵਾਸ ਆਇਆ। ਉਹ ਮੁੜ ਪੜ੍ਹਾਈ ਵਿੱਚ ਰੁੱਝ ਗਿਆ।
“ਮਾਂ-ਪਿਓ ਦੀਆਂ ਸੁੱਖ ਸਹੂਲਤਾਂ ਤੇ ਐਸ਼ਪ੍ਰਸਤੀ ਨੇ ਗੌਰਵ ਨੂੰ ਤਰੱਕੀ ਨਹੀਂ ਕਰਨ ਦੇਣੀ। ਦੇਖ ਲਵੀਂ, ਸਮਾਂ ਆਉਣ ’ਤੇ।” ਰਾਜੂ ਦੇ ਪਾਪਾ ਬੋਲੇ। ਰਾਜੂ ਦੇ ਮਨ ਤੋਂ ਭਾਰ ਹੌਲ਼ਾ ਹੋ ਗਿਆ ਸੀ। ਪਿਤਾ ਨੇ ਕਿਹਾ, ‘‘ਆਜਾ ਮੇਰੇ ਨਾਲ ਨਰਸਰੀ ਚੱਲ। ਆਪਾਂ ਫੁੱਲਾਂ ਦੇ ਦੋ ਵੱਖੋ ਵੱਖਰੇ ਬੀਜ ਕਿਆਰੀ ਵਿੱਚ ਬੀਜਾਂਗੇ। ਤੂੰ ਆਪਣੇ ਪੌਦੇ ਨੂੰ ਛੱਪੜ ਤੋਂ ਲਿਆ ਕੇ ਪਾਣੀ ਪਾਈਂ। ਮੈਂ ਆਪਣੇ ਪੌਦੇ ਨੂੰ ਨਲਕੇ ਦਾ ਸਾਫ਼ ਪਾਣੀ ਦਿਆਂਗਾ।”
ਰਾਜੂ ਆਪਣੇ ਪਿਤਾ ਨਾਲ ਤੁਰ ਪਿਆ। ਦੋਹਾਂ ਨੇ ਕਿਆਰੀ ਵਿੱਚ ਫੁੱਲਾਂ ਦੇ ਬੀਜ ਬੀਜੇ। ਮਿੱਟੀ ਨੂੰ ਪਾਣੀ ਨਾਲ ਤਰੌਂਕਿਆ। ਕੁਝ ਦਿਨ ਲੰਘੇ ਤਾਂ ਬੀਜਾਂ ਤੋਂ ਪੌਦੇ ਉੱਗ ਪਏ। ਰਾਜੂ ਆਪਣੇ ਪੌਦੇ ਨੂੰ ਛੱਪੜ ਦੇ ਪਾਣੀ ਨਾਲ ਅਤੇ ਪਿਤਾ ਆਪਣੇ ਪੌਦੇ ਨੂੰ ਨਲਕੇ ਦੇ ਪਾਣੀ ਨਾਲ ਸਿੰਜਦਾ ਰਿਹਾ। ਪੌਦੇ ਵੱਧ ਫੁੱਲ ਗਏ। ਫੁੱਲਾਂ ਨਾਲ ਭਰ ਗਏ। ਪਿਤਾ ਰਾਜੂ ਨੂੰ ਉਨ੍ਹਾਂ ਪੌਦਿਆਂ ਕੋਲ ਲੈ ਗਿਆ, ਬੋਲਿਆ, ‘‘ਤੈਨੂੰ ਕਿਸ ਪੌਦੇ ਦੇ ਫੁੱਲ ਵੱਧ ਸੁਹਣੇ ਲੱਗਦੇ ਨੇ?”
“ਮੇਰੇ ਵਾਲੇ ਪੌਦੇ ਦੇ।” ਰਾਜੂ ਨੇ ਕਿਹਾ।
“ਤੇਰੇ ਪੌਦੇ ਦੇ ਫੁੱਲ ਖ਼ੂਬਸੂਰਤ ਵੀ ਹਨ ਅਤੇ ਖ਼ੁਸ਼ਬੂਦਾਰ ਵੀ।”
“ਪਰ ਪਿਤਾ ਜੀ ਮੈਂ ਤਾਂ ਪੌਦੇ ਨੂੰ ਛੱਪੜ ਦਾ ਪਾਣੀ ਪਾਉਂਦਾ ਰਿਹਾ ਹਾਂ।’’
“ਪੌਦੇ ਨੂੰ ਵਧਣ ਫੁੱਲਣ ਨੂੰ ਬਸ ਪਾਣੀ ਚਾਹੀਦੈ। ਛੱਪੜ ਦਾ ਪਾਣੀ ਉਂਝ ਵੀ ਖਾਦ ਵਾਲਾ ਹੁੰਦੈ। ਇਹ ਪੌਦੇ ਨੂੰ ਵੱਧ ਫਾਇਦਾ ਪਹੁੰਚਾਉਂਦਾ ਹੈ।’’
‘‘ਤੂੰ ਵੀ ਇੱਕ ਦਿਨ ਐਨੇ ਹੀ ਸੁੰਦਰ ਅਤੇ ਮਹਿਕਾਂ ਵਾਲੇ ਗੁਣਾਂ ਨਾਲ ਭਰ ਜਾਵੇਂਗਾ। ਇਹ ਕਿਸੇ ਨੇ ਨਹੀਂ ਪੁੱਛਣਾ ਤੈਨੂੰ ਛੱਪੜ ਦਾ ਪਾਣੀ ਦਿੱਤਾ ਸੀ। ਕਿਸ ਮਾਲੀ ਨੇ ਤੇਰਾ ਪਾਲਣ ਪੋਸ਼ਣ ਕੀਤਾ ਸੀ। ਕਿਸ ਮਾਂ ਨੇ ਤੇਰੇ ਪੈਰਾਂ ਨੂੰ ਜ਼ਮੀਨ ’ਤੇ ਤੋਰਿਆ ਸੀ। ਕਿਸ ਗੁਰੂ ਨੇ ਤੈਨੂੰ ਪਹਿਲਾ ਅੱਖਰ ਪਾਉਣਾ ਸਿਖਾਇਆ ਸੀ। ਤੇਰੀ ਪੜ੍ਹਾਈ, ਇਮਾਨਦਾਰੀ ਅਤੇ ਲਗਨ ਇੱਕ ਦਿਨ ਤੇਰੇ ਸਿਰ ’ਤੇ ਕਲਗੀ ਟੰਗਣ ਆਊਗੀ।’’
ਫਿਰ ਰਾਜੂ ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਚਲਾ ਗਿਆ। ਦਸਵੀਂ ਪਾਸ ਕੀਤੀ। ਸਕੂਲ ਵਿੱਚੋਂ ਉਹ ਪਹਿਲੇ ਸਥਾਨ ’ਤੇ ਰਿਹਾ ਸੀ। ਗੌਰਵ ਦਸਵੀਂ ਵਿੱਚੋਂ ਫੇਲ੍ਹ ਹੋ ਗਿਆ ਸੀ। ਸਵੇਰੇ ਅਸੈਂਬਲੀ ਵਿੱਚ ਸਾਰੇ ਸਕੂਲ ਸਾਹਮਣੇ ਰਾਜੂ ਨੂੰ ਮੁੱਖ ਅਧਿਆਪਕ ਵੱਲੋਂ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਅਧਿਆਪਕ ਨੇ ਆਪਣੇ ਭਾਸ਼ਣ ਵਿੱਚ ਕਿਹਾ, ‘‘ਰਾਜੂ ਇੱਕ ਦਿਨ ਸਾਡੇ ਸਕੂਲ ਦਾ ਨਾਂ ਰੌਸ਼ਨ ਕਰੇਗਾ। ਮਾਤਾ-ਪਿਤਾ ਨੇ ਇਸ ਨੂੰ ਐਨੇ ਗੁਣਾਂ ਨਾਲ ਭਰਪੂਰ ਕਰ ਦਿੱਤਾ ਹੈ ਕਿ ਹਰ ਕੋਈ ਉਸ ਨਾਲ ਨੇੜਤਾ ਬਣਾਉਣੀ ਚਾਹੁੰਦਾ ਹੈ। ਬੱਚੇ ਰਾਜੂ ਤੋਂ ਕੁਝ ਪ੍ਰੇਰਨਾ ਲੈਣ। ਇੱਕੋ ਵਿਦਿਆਰਥੀ ਗੌਰਵ ਦੇ ਫੇਲ੍ਹ ਹੋਣ ਦਾ ਮੈਨੂੰ ਦੁਖ ਹੈ। ਅਧਿਆਪਕ ਉਸ ਨੂੰ ਵੀ ਓਹੀ ਪੜ੍ਹਾਉਂਦੇ ਸਨ।”
ਮੁੱਖ ਅਧਿਆਪਕ ਨੇ ਜਦੋਂ ਰਾਜੂ ਦੇ ਗਲ਼ ਵਿੱਚ ਮੈਡਲ ਪਾਇਆ ਤਾਂ ਬੱਚਿਆਂ ਨੇ ਤਾੜੀਆਂ ਮਾਰੀਆਂ। ਉਸ ਨੂੰ ਆਪਣੇ ਪਿਤਾ ਦੀਆਂ ਕਹੀਆਂ ਗੱਲਾਂ ਸੱਚ ਹੁੰਦੀਆਂ ਜਾਪੀਆਂ। ਲਗਨ ਅਤੇ ਮਿਹਨਤ ਉਸ ਦੇ ਸਿਰ ’ਤੇ ਅੱਜ ਸੱਚੀਂ-ਮੁੱਚੀ ਕਲਗੀ ਟੰਗਣ ਆਈ ਸੀ। ਰਾਜੂ ਨੂੰ ਦੇਖ ਕੇ ਗੌਰਵ ਨੇ ਨੀਵੀਂ ਪਾ ਲਈ ਸੀ। ਹੁਣ ਤਾਂ ਮਾਪੇ ਵੀ ਗੌਰਵ ਨੂੰ ਕਹਿਣ ਲੱਗੇ, ‘‘ਓਏ ਤੂੰ ਕੁਝ ਅਕਲ ਕਰ, ਮਾਲੀ ਦੇ ਮੁੰਡੇ ਤੋਂ ਸਬਕ ਲੈ, ਆਪਣੇ ਪਿਓ ਨਾਲ ਛੁੱਟੀ ਪਿੱਛੋਂ ਕਿਆਰੀਆਂ ਨੂੰ ਪਾਣੀ ਲਾਉਂਦੈ। ਤੂੰ ਬੈਠਾ ਪਾਣੀ ਵੀ ਨੌਕਰਾਂ ਤੋਂ ਮੰਗਦੈ।”
ਸੰਪਰਕ: 97806-67686

Advertisement
Author Image

joginder kumar

View all posts

Advertisement
Advertisement
×