ਗੈਂਗਸਟਰਾਂ ਨੂੰ ਪੁੱਛ-ਪੜਤਾਲ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ
ਗੁਰਬਖਸ਼ਪੁਰੀ
ਤਰਨ ਤਾਰਨ, 28 ਨਵੰਬਰ
ਇਲਾਕੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਕਾਰੋਬਾਰੀ ਪਰਿਵਾਰ ਤੋਂ ਲੰਘੇ ਐਤਵਾਰ ਫ਼ਿਰੌਤੀ ਲੈਣ ਗਏ ਇਕ ਗੈਂਗਸਟਰ ਦੇ ਮਾਰੇ ਜਾਣ ਦੇ ਮਾਮਲੇ ਨਾਲ ਸਬੰਧਿਤ ਜੇਲ੍ਹ ਵਿੱਚ ਬੰਦ ਦੋ ਗੈਂਗਸਟਰਾਂ ਦੀ ਪੁੱਛ ਪੜਤਾਲ ਲਈ ਉਨ੍ਹਾਂ ਨੂੰ ਅੱਜ ਜ਼ਿਲ੍ਹਾ ਪੁਲੀਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਇਸ ਦੇ ਨਾਲ ਹੀ ਪੁਲੀਸ ਨੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਫ਼ਿਰੌਤੀ ਲੈਣ ਗਏ ਗੈਂਗਸਟਰ ਸੁਖਵਿੰਦਰ ਸਿੰਘ ਨੋਨੀ ਨੂੰ ਠੱਠੀਆਂ ਮਹੰਤਾਂ ਦੇ ਦੋ ਭਰਾਵਾਂ ਸਕੱਤਰ ਸਿੰਘ ਸੰਧੂ ਅਤੇ ਗੁਰਜੰਟ ਸਿੰਘ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਗੋਪੀ ਨੰਬਰਦਾਰ ਨੂੰ ਕਪੂਰਥਲਾ ਅਤੇ ਮੋਹਪ੍ਰੀਤ ਸਿੰਘ ਮੋਹੀ ਨੂੰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਤੋਂ ਲਿਆਂਦਾ ਗਿਆ ਹੈ। ਨੋਨੀ ਗੈਂਗਸਟਰ ਸਤਨਾਮ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂੰਆਂ ਦਾ ਚਚੇਰਾ ਭਰਾ ਸੀ ਅਤੇ ਉਹ ਆਪਣੇ ਦੋ ਅਣਪਛਾਤੇ ਸਾਥੀਆਂ ਨੂੰ ਨਾਲ ਲੈ ਕੇ ਕਾਰੋਬਾਰੀ ਭਰਾਵਾਂ ਤੋਂ ਫ਼ਿਰੌਤੀ ਲੈਣ ਗਿਆ ਸੀ ਜਿੱਥੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਗੋਲੀ ਚੱਲ ਜਾਣ ’ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਜਿਹੜੇ ਦੋ ਹੋਰਨਾਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੁਖਰਾਜ ਸਿੰਘ ਅਤੇ ਲਵਪ੍ਰੀਤ ਸਿੰਘ ਲਵ ਦਾ ਨਾਮ ਸ਼ਾਮਲ ਹੈ। ਐੱਸਐੱਸਪੀ ਨੇ ਦੱਸਿਆ ਕਿ ਜੇਲ੍ਹ ਤੋਂ ਲਿਆਂਦੇ ਅਤੇ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਤੋਂ ਪੁੱਛ-ਪੜਤਾਲ ਸ਼ੁਰੂ ਕੀਤੀ ਗਈ ਹੈ।