ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਜੀਟੀਐੱਫ ਦੀ ਹਿਰਾਸਤ ’ਚੋਂ ਭੱਜਿਆ ਗੈਂਗਸਟਰ ਮੁਕਾਬਲੇ ਮਗਰੋਂ ਕਾਬੂ

09:24 AM Dec 14, 2023 IST
ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋਈ ਏਜੀਟੀਐੱਫ ਦੀ ਟੀਮ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 13 ਦਸੰਬਰ
ਪਿੰਡ ਭੋਜੋਵਾਲ ’ਚ ਮਾਂ-ਧੀ ਦੇ ਦੋਹਰੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ ਨੇ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲੀਸ ਨੇ ਉਸ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਜਿਸ ਸਮੇਂ ਘਟਨਾ ਵਾਪਰੀ ਉਸ ਵੇਲੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲੀਸ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਵਿੱਚ ਲੁਕੋ ਕੇ ਰੱਖੀ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਕਰਨ ਲਈ ਜਾ ਰਹੀ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬੀਤੀ 30 ਨਵੰਬਰ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਸ਼ੂਟਰ ਗੈਂਗਸਟਰ ਜੱਸਾ ਹੈਪੋਵਾਲ ਨੂੰ ਜਲੰਧਰ ਦੇ ਬਾਹਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਜੱਸਾ ਨੂੰ ਜ਼ੀਰਕਪੁਰ ਦੇ ਲੋਹਗੜ੍ਹ ਰੋਡ ਸਥਿਤ ਇੱਕ ਮੈਟਰੋ ਪਲਾਜ਼ਾ ’ਚ ਕੀਤੀ ਗਈ ਫਾਇਰਿੰਗ ਦੇ ਮਾਮਲੇ ’ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਪੁੱਛ-ਪੜਤਾਲ ਦੌਰਾਨ ਜੱਸਾ ਹੈਪੋਵਾਲ ਨੇ ਦੱਸਿਆ ਕਿ ਉਸ ਨੇ ਮੈਟਰੋ ਪਲਾਜ਼ਾ ਗੋਲੀਬਾਰੀ ’ਚ ਵਰਤਿਆ ਚੀਨੀ ਪਿਸਤੌਲ ਪੀਰਮੁਛੱਲਾ ਖੇਤਰ ’ਚ ਉਸਾਰੀ ਅਧੀਨ ਇਮਾਰਤ ’ਚ ਲੁਕਾਇਆ ਹੋਇਆ ਹੈ। ਅੱਜ ਜਦੋਂ ਪੁਲੀਸ ਟੀਮ ਇਸ ਥਾਂ ’ਤੇ ਪਹੁੰਚੀ ਤਾਂ ਮੁਲਜ਼ਮ ਨੇ ਇੱਕ ਪੁਲੀਸ ਅਧਿਕਾਰੀ ਨੂੰ ਧੱਕਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਘਟਨਾਕ੍ਰਮ ਦੌਰਾਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮੁਲਜ਼ਮ ਨੂੰ ਰੋਕਣ ਲਈ ਪੁਲੀਸ ਨੇ ਗੋਲੀਆਂ ਚਲਾਈਆਂ ਜੋ ਉਸ ਦੀਆਂ ਦੋਵੇਂ ਲੱਤਾਂ ਵਿੱਚ ਲੱਗੀਆਂ। ਉਸ ਨੂੰ ਕਾਬੂ ਕਰ ਕੇ ਹਸਪਤਾਲ ਦਾਖਲ ਕਰਵਾਇਆ ਹੈ। ਪੁਲੀਸ ਨੇ ਨਿਸ਼ਾਨਦੇਹੀ ਵਾਲੀ ਥਾਂ ’ਤੋਂ ਇੱਕ ਚੀਨੀ ਪਿਸਤੌਲ ਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਗੈਂਗਸਟਰ ਖ਼ਿਲਾਫ਼ ਤਾਜ਼ਾ ਕੇਸ ਢਕੋਲੀ ਪੁਲੀਸ ਸਟੇਸ਼ਨ ’ਚ ਦਰਜ ਕੀਤਾ ਗਿਆ ਹੈ।

Advertisement

Advertisement
Advertisement