ਪੁਲੀਸ ਮੁਕਾਬਲੇ ’ਚ ਕਾਬੂ ਕੀਤੇ ਗੈਂਗਸਟਰ ਨੂੰ ਅਦਾਲਤ ’ਚ ਕੀਤਾ ਪੇਸ਼
ਬਨੂੜ (ਪੱਤਰ ਪ੍ਰੇਰਕ): ਬਨੂੜ ਦੀ ਹੱਦ ਵਿੱਚ ਕਲੌਲੀ ਦੇ ਚੋਏ ਦੇ ਪੁਲ ਨੇੜੇ ਐਤਵਾਰ ਨੂੰ ਰਾਜਪੁਰਾ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸੰਖੇਪ ਪੁਲੀਸ ਮੁਕਾਬਲੇ ਵਿੱਚ ਕਾਬੂ ਕੀਤੇ ਗਏ ਦੋ ਗੈਂਗਸਟਰਂ ਵਿੱਚੋਂ ਇੱਕ ਰਮਨਦੀਪ ਸਿੰਘ, ਵਾਸੀ ਅਮਰਗੜ੍ਹ (ਬਠਿੰਡਾ) ਨੂੰ ਅੱਜ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਥਾਣਾ ਰਾਜਪੁਰਾ ਸਦਰ ਦੇ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਅਤੇ ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਅਦਾਲਤ ਨੇ ਦੋ ਕਥਿਤ ਮੁਲਜ਼ਮ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਮਨਦੀਪ ਤੋਂ ਧਰੇੜੀ ਜੱਟਾਂ ਟੌਲ ਪਲਾਜ਼ਾ ਅਤੇ ਰਾਜਪੁਰਾ-ਨਲਾਸ ਰੋਡ ਦੇ ਠੇਕੇ ’ਤੇ ਕੀਤੀ ਗੋਲੀਬਾਰੀ ਸਬੰਧੀ ਸਖ਼ਤੀ ਨਾਲ ਪੁੱਛ-ਪੜਤਾਲ ਕਰੇਗੀ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਦੀ ਕਿਸੇ ਹੋਰ ਵਾਰਦਾਤ ਵਿਚ ਸ਼ਮੂਲੀਅਤ ਅਤੇ ਕਿਸੇ ਗੈਂਗ ਨਾਲ ਸਬੰਧਾਂ ਬਾਰੇ ਵੀ ਪੜਤਾਲ ਕੀਤੀ ਜਾਵੇਗੀ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਮੁਕਾਬਲੇ ਵਿੱਚ ਕਾਬੂ ਕੀਤਾ ਗਿਆ ਦੂਜਾ ਗੈਂਗਸਟਰ ਦੀਪਕ ਜੋ ਕਿ ਬੀਤੇ ਦਿਨ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ, ਉਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਠੀਕ ਹੋਣ ਤੋਂ ਬਾਅਦ ਉਸ ਤੋਂ ਵੀ ਲੋੜੀਂਦੀ ਪੁੱਛ ਪੜਤਾਲ ਕੀਤੀ ਜਾਵੇਗੀ।