ਮੋਟਰਾਂ ਤੋਂ ਕੇਬਲ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼
ਪੱਤਰ ਪ੍ਰੇਰਕ
ਡਕਾਲਾ, 5 ਜੁਲਾਈ
ਡਕਾਲਾ ਪੁਲੀਸ ਚੌਕੀ ਨੇ ਇੱਕ ਕੇਬਲ ਤਾਰ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ| ਇਸ ਸਬੰਧੀ ਪਸਿਆਣਾ ਥਾਣੇ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ| ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਖੇਤਾਂ ਦੀਆਂ ਮੋਟਰਾਂ ਤੋਂ ਕੇਬਲਾਂ ਦੀ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ|
ਵੇਰਵਿਆਂ ਮੁਤਾਬਕ 23 ਤੇ 24 ਜੂਨ ਦੀ ਦਰਮਿਆਨੀ ਰਾਤ ਨੂੰ ਸੁਰਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਡਕਾਲਾ ਦੀ ਮੋਟਰ ਤੋਂ ਸਬਮਰਸੀਬਲ ਵਾਲੀ ਕਰੀਬ 300 ਫੁੱਟ ਕੇਬਲ ਤਾਰ ਚੋਰੀ ਹੋ ਗਈ ਸੀ ਤੇ ਅਜਿਹੀ ਸ਼ਿਕਾਇਤ ਮਗਰੋਂ ਪੁਲੀਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੌਰਾਨ ਤਾਰ ਚੋਰ ਗਰੋਹ ਨੂੰ ਬੇਪਰਦ ਕੀਤਾ ਗਿਆ ਹੈ| ਇਸ ਮਾਮਲੇ ਵਿੱਚ ਪ੍ਰਿੰਸ ਪੁੱਤਰ ਬਹਾਦਰ ਸਿੰਘ, ਗੁਰਤੇਜ ਸਿੰਘ ਪੁੱਤਰ ਮਿੰਨੂ ਸਿੰਘ, ਹਰਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਤੇ ਵਿੱਕੀ ਪੁੱਤਰ ਸਤਿਆਵਾਨ ਸਾਰੇ ਵਾਸੀ ਡਕਾਲਾ ਖ਼ਿਲਾਫ਼ ਧਾਰਾ 379 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਹੈ|
ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਹੈਰਾਨ ਹਨ ਕਿ ਉਸ ਦੇ ਪਿੰਡ ਦੇ ਹੀ ਨੌਜਵਾਨ ਚੋਰੀ ਦੇ ਮਾਮਲੇ ਵਿੱਚ ਫੜੇ ਗਏ ਹਨ| ਇਲਾਕੇ ਦੇ ਹੋਰ ਕਿਸਾਨਾਂ ਦੱਸਿਆ ਕਿ ਖੇਤੀ ਮੋਟਰਾਂ ਦੀ ਪਹਿਰੇਦਾਰੀ ਲਈ ਭਾਵੇਂ ਕਿਸਾਨ ਹਮੇਸ਼ਾਂ ਚੌਕਸ ਰਹਿੰਦੇ ਹਨ, ਫਿਰ ਵੀ ਚੋਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਾਰ ਮਹਿੰਗੀ ਹੋਣ ਕਾਰਨ ਜਿੱਥੇ ਉਨ੍ਹਾਂ ਦਾ ਮਾਲੀ ਨੁਕਸਾਨ ਹੁੰਦਾ ਹੈ, ਉੱਥੇ ਹੀ ਕੁਝ ਦਿਨ ਮੋਟਰ ਨਾ ਚੱਲਣ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੋਕੀਆਂ ਜਾਣ।