ਲੋਕਾਂ ਨੂੰ ਬੈਂਕ ਚੈੱਕਾਂ ਰਾਹੀਂ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼
ਪੱਤਰ ਪ੍ਰੇਰਕ
ਜਲੰਧਰ, 25 ਅਗਸਤ
ਸਥਾਨਕ ਕਮਿਸ਼ਨਰੇਟ ਪੁਲੀਸ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਲੋਕਾਂ ਨੂੰ ਠੱਗਣ ਵਿੱਚ ਸਰਗਰਮ ਬਹੁ-ਰਾਜੀ ਬੈਂਕ ਚੈੱਕ ਫਰਾਡ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਅਸ਼ੋਕ ਸੋਬਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਬੈਂਕ ਆਫ਼ ਬੜੌਦਾ ਵਿੱਚ ਦੋ ਚੈੱਕ ਜਮ੍ਹਾਂ ਕਰਵਾਏ ਸਨ ਪਰ ਅਣਪਛਾਤੇ ਵਿਅਕਤੀਆਂ ਨੇ ਬੈਂਕ ਵਿੱਚੋਂ ਚੈੱਕ ਚੋਰੀ ਕਰ ਲਏ ਅਤੇ ਇਨ੍ਹਾਂ ਚੈੱਕਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਚੈੱਕਾਂ ਨੂੰ ਬੈਂਕ ਆਫ਼ ਬੜੌਦਾ ਵਿੱਚ ਆਪਣੇ ਖਾਤੇ ਵਿਚ ਜਮ੍ਹਾਂ ਕਰਵਾ ਲਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਚਾਰ ਸ਼ੱਕੀਆਂ ਦੀਪਕ, ਅਰੁਣ, ਮੋਹਿਤ ਅਤੇ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਤਫ਼ਤੀਸ਼ ਦੌਰਾਨ ਇੱਕ ਹੋਰ ਸ਼ੱਕੀ ਗੁਰਦਿੱਤਾ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਜਾਅਲੀ ਆਈਡੀ ਬਣਾ ਕੇ ਵੱਖ-ਵੱਖ ਬੈਂਕਾਂ ਵਿੱਚ ਕਈ ਬੈਂਕ ਖਾਤੇ ਖੋਲ੍ਹੇ ਹਨ। ਇਨ੍ਹਾਂ ਖਾਤਿਆਂ ਵਿੱਚ ਕੁੱਲ 61 ਲੈਣ-ਦੇਣ ਕੀਤੇ ਗਏ ਸਨ ਅਤੇ ਜਾਂਚ ਦੌਰਾਨ ਪੁਲੀਸ ਨੇ ਇਨ੍ਹਾਂ ਵਿੱਚੋਂ 19 ਫਰਜ਼ੀ ਖਾਤਿਆਂ ਨੂੰ ਬੰਦ ਕਰ ਦਿੱਤਾ ਸੀ। ਦੀਪਕ ਠਾਕੁਰ ਇਸ ਗਰੋਹ ਦਾ ਸਰਗਣਾ ਹੈ ਜੋ ਪੰਜਾਬ, ਹਰਿਆਣਾ ਸਣੇ ਹੋਰ ਰਾਜਾਂ ’ਚ ਚੈਕਾਂ ਨਾਲ ਛੇੜਛਾੜ ਕਰਕੇ ਵਿਕਰਮ ਬਜਾਜ ਤੇ ਮੋਨੂੰ ਸੈਣੀ ਦੇ ਨਾਮ ਨਾਲ ਲੋਕਾਂ ਦੇ ਬੈਂਕ ਖਾਤਿਆਂ ’ਚ ਪੈਸੇ ਜਮ੍ਹਾਂ ਕਰਵਾ ਦਿੰਦਾ ਹੈ। ਕਈ ਬੈਂਕਾਂ ਦੀਆਂ 19 ਪਾਸਬੁੱਕਾਂ, 17 ਚੈੱਕ ਬੁੱਕਾਂ ਤੇ ਛੇੜਛਾੜ ਕਰਨ ਲਈ ਵਰਤਿਆ ਜਾਣ ਵਾਲਾ ਏਟੀਐਮ ਕਾਰਡ ਫਲੂਇਡ ਬਰਾਮਦ ਕੀਤਾ ਹੈ।