ਉੱਡਿਆ ਹੀ ਰਹਿੰਦਾ ਹੈ ਘੋਲੀਆ ਪਿੰਡ ਦੇ ਟਰਾਂਸਫਾਰਮਰ ਦਾ ਫਿਊਜ਼
ਯਸ਼ ਚਟਾਨੀ
ਬਾਘਾ ਪੁਰਾਣਾ, 20 ਅਗਸਤ
ਘੋਲੀਆ ਕਲਾਂ ਦੀ ਦਾਤਾ ਪੱਤੀ ਦੇ ਲੋਕ ਪਿਛਲੇ ਤਿੰਨ ਸਾਲਾਂ ਤੋਂ ਬਿਜਲੀ ਸਪਲਾਈ ‘ਚ ਪੈਂਦੇ ਵਾਰ-ਵਾਰ ਵਿਘਨ ਤੋਂ ਡਾਢੇ ਔਖੇ ਹਨ। ਇਸ ਸਪਲਾਈ ਅੰਗਰਲੇ ਵਿਘਨ ਦਾ ਮੁੱਖ ਕਾਰਨ ਸੌ ਤੋਂ ਵਧੇਰੇ ਘਰਾਂ ਦਾ ਲੋਡ ਇਕੋ ਹੀ ਟਰਾਂਸਫਰਮਰ ਉਪਰ ਪਾਇਆ ਜਾਣਾ ਹੀ ਹੈ। ਇਹੀ ਕਾਰਨ ਹੈ ਕਿ ਟਰਾਂਸਫਾਰਮਰ ਦਾ ਫਿਊਜ਼ ਦਿਨ ਵਿੱਚ 10-10 ਵਾਰ ਉੱਡ ਜਾਂਦਾ ਹੈ ਅਤੇ ਸਪਲਾਈ ਨੂੰ ਬਹਾਲ ਕਰਨ ਲਈ ਘਰਾਂ ਦੇ ਨੌਜਵਾਨ ਹੀ ਇਸ ਉੱਡੇ ਹੋਏ ਫਿਊਜ਼ ਨੂੰ ਲਾਉਂਦੇ ਹਨ।
ਬਿਜਲੀ ਵਿਭਾਗ ਉਪਰ ਗੁੱਸਾ ਕੱਢਦਿਆਂ ਪੱਤੀ ਦੇ ਦਰਜਨਾਂ ਵਿਅਕਤੀਆਂ ਨੇ ਕਿਹਾ ਕਿ ਜੇਕਰ ਮੋਟੀਆਂ ਰਕਮਾਂ ਵਾਲੇ ਬਿੱਲ ਭਰਦੇ ਹਨ ਤਾਂ ਛੋਟੀਆਂ-ਛੋਟੀਆਂ ਸਹੂਲਤਾਂ ਤੋਂ ਉਨ੍ਹਾਂ ਨੂੰ ਪਾਵਰਕੌਮ ਕਿਉਂ ਵਾਂਝਾ ਰੱਖ ਰਿਹਾ ਹੈ। ਇਸ ਸਮੱਸਿਆ ਤੋਂ ਉਹ ਵਿਭਾਗ ਅਤੇ ਹੋਰਨਾਂ ਉਚ ਅਧਿਕਾਰੀਆਂ ਨੂੰ ਸੈਂਕੜੇ ਵਾਰ ਜਾਣੂ ਕਰਵਾ ਚੁੱਕੇ ਹਨ, ਪਰ ਪਾਵਰਕੌਮ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਦਾ ਇਕੋ-ਇਕ ਹੱਲ ਛੱਪੜ ਵਾਲੇ ਟਰਾਂਸਫਰਮਰ ਨੂੰ ਲੋਡ ਮੁਕਤ ਕਰਨਾ ਹੈ ਅਤੇ ਇਸ ਵਾਸਤੇ ਨਵਾਂ ਟਰਾਂਸਫਾਰਮਰ ਹੀ ਰੱਖਿਆ ਜਾਣਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਇਸ ਚਿਰੋਕਣੀ ਸਮੱਸਿਆ ਨੂੰ ਇਕ ਹਫਤੇ ਦੇ ਅੰਦਰ-ਅੰਦਰ ਹੱਲ ਨਾ ਕੀਤਾ ਤਾਂ ਪੱਤੀ ਦੇ ਲੋਕ ਟਰੈਫਿਕ ਜਾਮ ਕਰਨਗੇ ਅਤੇ ਬਿਜਲੀ ਦਫਤਰ ਦਾ ਘਿਰਾਓ ਵੀ ਕਰਨਗੇ।