For the best experience, open
https://m.punjabitribuneonline.com
on your mobile browser.
Advertisement

ਮੀਂਹ ਦੇ ਕਹਿਰ ਨੇ ਝੰਬੀ ਕਿਸਾਨੀ; ਖੇਤਾਂ ’ਚ ਤਬਾਹੀ

10:43 AM Jul 10, 2023 IST
ਮੀਂਹ ਦੇ ਕਹਿਰ ਨੇ ਝੰਬੀ ਕਿਸਾਨੀ  ਖੇਤਾਂ ’ਚ ਤਬਾਹੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 9 ਜੁਲਾਈ
ਪੰਜਾਬ ’ਚ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਫ਼ਸਲਾਂ ਨੂੰ ਪੂਰੀ ਤਰ੍ਹਾਂ ਝੰਬ ਦਿੱਤਾ ਹੈ। ਝੋਨੇ ਦੀ ਲੁਆਈ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ ਅਤੇ ਹਾਲੇ ਤੱਕ ਕਰੀਬ 60 ਫ਼ੀਸਦੀ ਲੁਆਈ ਦਾ ਕੰਮ ਮੁਕੰਮਲ ਹੋਇਆ ਸੀ। ਖੇਤੀ ਮਹਿਕਮੇ ਦਾ ਕਹਿਣਾ ਹੈ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਮਗਰੋਂ ਹੀ ਫ਼ਸਲੀ ਨੁਕਸਾਨ ਦਾ ਪਤਾ ਲਗਾਇਆ ਜਾ ਸਕੇਗਾ। ਜ਼ਿਲ੍ਹਾ ਮੁਹਾਲੀ, ਰੋਪੜ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨ ਤਾਰਨ, ਫ਼ਿਰੋਜ਼ਪੁਰ, ਮੋਗਾ ਤੇ ਪਟਿਆਲਾ ਜ਼ਿਲ੍ਹੇ ਵਿਚ ਕਾਫ਼ੀ ਫ਼ਸਲੀ ਨੁਕਸਾਨ ਹੋਣ ਦੀ ਖ਼ਬਰ ਹੈ। ਕਪੂਰਥਲਾ ਜ਼ਿਲ੍ਹੇ ਵਿਚ ਸੁਲਤਾਨਪੁਰ ਲੋਧੀ ਦੇ ਦਰਜਨਾਂ ਪਿੰਡਾਂ ਵਿਚ ਕਰੀਬ 30 ਹਜ਼ਾਰ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਕੰਢੀ ਖੇਤਰ ਵਿਚ ਇਨ੍ਹਾਂ ਦਿਨਾਂ ਵਿਚ ਸਾਉਣੀ ਦੀ ਮੱਕੀ ਦੀ ਬਿਜਾਂਦ ਦਾ ਕੰਮ ਚੱਲ ਰਿਹਾ ਸੀ ਜੋ ਕਿ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹੁਸ਼ਿਆਰਪੁਰ ਅਤੇ ਰੋਪੜ ਜ਼ਿਲ੍ਹੇ ਵਿਚ ਵੀ ਮੱਕੀ ਦੀ ਫ਼ਸਲ ਨੁਕਸਾਨੀ ਗਈ ਹੈ। ਸਬਜ਼ੀਆਂ ਵਿਚੋਂ ਖ਼ਾਸ ਕਰਕੇ ਕੱਦੂ ਦੀ ਫਸਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਈ ਥਾਵਾਂ ’ਤੇ ਮੂੰਗੀ ਦੀ ਫ਼ਸਲ ਵੀ ਮੀਂਹ ਦੀ ਮਾਰ ਹੇਠ ਆ ਗਈ ਹੈ। ਨਰਮਾ ਪੱਟੀ ਦਾ ਫ਼ਿਲਹਾਲ ਬਚਾਅ ਦੱਸਿਆ ਜਾ ਰਿਹਾ ਹੈ। ਪਿੰਡ ਬਾਜਕ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਆਂਡੇ ਬਾਰਸ਼ ਨੇ ਧੋ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਬਾਰਸ਼ ਇਸ ਖ਼ਿੱਤੇ ਵਿਚ ਪਈ ਤਾਂ ਨਰਮੇ ਦੀ ਫ਼ਸਲ ਨੂੰ ਮਾਰ ਪਏਗੀ। ਮੀਂਹ ਕਰਕੇ ਪੰਜਾਬ ਵਿਚ ਬਿਜਲੀ ਦੀ ਮੰਗ ਜ਼ਰੂਰ ਇਕਦਮ ਡਿੱਗੀ ਹੈ। ਅੱਜ ਸਵੇਰ ਵੇਲੇ ਸੂਬੇ ਵਿਚ ਬਿਜਲੀ ਦੀ ਮੰਗ 5500 ਮੈਗਾਵਾਟ ਸੀ। ਦੁਪਹਿਰ ਮਗਰੋਂ ਇਹ ਮੰਗ 6500 ਮੈਗਾਵਾਟ ਮੁੜ ਹੋ ਗਈ ਹੈ। ਪਾਵਰਕੌਮ ਨੇ ਸੂਬੇ ਭਰ ਵਿਚ 6600 ਖੇਤੀ ਫੀਡਰਾਂ ਨੂੰ ਬੰਦ ਕਰ ਦਿੱਤਾ ਹੈ। ਪਾਵਰਕੌਮ ਨੇ ਹਦਾਇਤ ਜਾਰੀ ਕੀਤੀ ਹੈ ਕਿ ਜਿੱਥੇ ਕਿਸਾਨ ਮੰਗ ਕਰਨਗੇ ਉਸ ਫੀਡਰ ਨੂੰ ਚਾਲੂ ਕਰ ਦਿੱਤਾ ਜਾਵੇ। ਪਾਵਰਕੌਮ ਨੇ ਮੰਗ ’ਚ ਕਮੀ ਆਉਣ ਕਰਕੇ ਜਨਤਕ ਖੇਤਰ ਦੇ ਤਾਪ ਬਿਜਲੀ ਘਰਾਂ ਦੀਆਂ ਸੱਤ ਯੂਨਿਟਾਂ ਨੂੰ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਗੋਇੰਦਵਾਲ ਥਰਮਲ ਦੇ ਸਾਰੇ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਦੇ ਇੱਕ ਯੂਨਿਟ ਨੂੰ ਬੰਦ ਕੀਤਾ ਗਿਆ ਹੈ। ਮੀਂਹ ਕਾਰਨ ਪੰਜਾਬ ’ਚ ਦਰਜਨਾਂ ਸੜਕਾਂ ਧੱਸ ਗਈਆਂ ਹਨ।

Advertisement

ਅੱਧੀ ਦਰਜਨ ਗਰਿੱਡਾਂ ਵਿੱਚ ਪਾਣੀ ਭਰਿਆ
ਮੀਂਹ ਕਾਰਨ ਪਾਵਰਕੌਮ ਦੇ ਅੱਧੀ ਦਰਜਨ ਗਰਿੱਡਾਂ ਵਿਚ ਵੀ ਪਾਣੀ ਭਰ ਗਿਆ ਹੈ। ਰੋਪੜ ਵਿਚ 132 ਗਰਿੱਡ ਅਤੇ ਬਨੂੜ ਕੋਲ 220 ਕੇਵੀ ਗਰਿੱਡ ਵਿਚ ਪਾਣੀ ਭਰ ਗਿਆ ਹੈ। ਮੁਹਾਲੀ ਦੇ ਦੋ ਗਰਿੱਡਾਂ, ਨੌਸ਼ਹਿਰਾ ਪੰਨੂਆਂ ਅਤੇ ਨਵਾਂ ਸ਼ਹਿਰ ਦਾ ਵੀ ਇੱਕ ਗਰਿੱਡ ਪਾਣੀ ਦੀ ਮਾਰ ਹੇਠ ਆ ਗਿਆ ਹੈ। ਇਨ੍ਹਾਂ ਬਾਰਸ਼ਾਂ ਨੇ ਜੰਗਲਾਤ ਮਹਿਕਮੇ ਦੇ ਹਜ਼ਾਰਾਂ ਦਰੱਖ਼ਤ ਵੀ ਪੁੱਟ ਦਿੱਤੇ ਹਨ ਅਤੇ ਕਾਫ਼ੀ ਰਜਵਾਹਿਆਂ ਵਿਚ ਪਾੜ ਪੈਣ ਕਰਕੇ ਫ਼ਸਲੀ ਨੁਕਸਾਨ ਹੋਇਆ ਹੈ। ਕਈ ਥਾਵਾਂ ’ਤੇ ਦਰੱਖ਼ਤ ਵੀ ਨਹਿਰਾਂ ਵਿੱਚ ਡਿੱਗੇ ਹਨ।

Advertisement
Tags :
Author Image

Advertisement
Advertisement
×