ਬੁੱਢਣਪੁਰ ਵਿੱਚ ਨਹੀਂ ਰੁਕ ਰਿਹਾ ਪੇਚਸ਼ ਦਾ ਕਹਿਰ
ਪੀਪੀ ਵਰਮਾ
ਪੰਚਕੂਲਾ, 3 ਜੂਨ
ਪੰਚਕੂਲਾ ਦੇ ਸ਼ਹਿਰੀ ਖੇਤਰ ਵਿੱਚ ਪੈਂਦੇ ਪਿੰਡ ਬੁੱਢਣਪੁਰ ਵਿੱਚ ਪੇਚਸ਼ ਦੇ ਕੇਸ ਵਧਦੇ ਜਾ ਰਹੇ ਹਨ। ਇੱਥੇ ਹੁਣ ਤੱਕ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਪੰਚਕੂਲਾ ਦੇ ਸਿਹਤ ਵਿਭਾਗ ਵੱਲੋਂ 566 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ। ਪੰਚਕੂਲਾ ਦੇ ਜ਼ਿਲ੍ਹਾ ਨਿਗਰਾਨ ਅਧਿਕਾਰੀ ਸੁਰੇਸ਼ ਭੋਸਲੇ ਨੇ ਦੱਸਿਆ ਕਿ ਟੀਮਾਂ ਵੱਲੋਂ 566 ਘਰਾਂ ਦਾ ਸਰਵੇਖਣ ਕੀਤਾ ਗਿਆ। ਇਸ ਦੇ ਨਾਲ ਹੀ ਹੁਣ ਤੱਕ ਪਾਣੀ ਦੇ 26 ਨਮੂਨੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਹਸਪਤਾਲ ਵਿੱਚ ਛੋਟੇ ਬੱਚੇ ਵੀ ਦਸਤ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਦੱਸਿਆ ਕਿ ਬੁੱਢਣਪੁਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀ ਟੀਮ ਕੰਮ ਕਰ ਰਹੀ ਹੈ। ਲੋਕਾਂ ਨੂੰ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਇੱਕ ਸਰਕਾਰੀ ਸਕੂਲ ਵਿੱਚ ਕਲੀਨਿਕ ਵੀ ਬਣਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਦਵਾਈ ਦੇਣ ਤੋਂ ਬਾਅਦ ਵੀ ਜੇ ਰਾਹਤ ਨਾ ਮਿਲਣ ’ਤੇ ਮਰੀਜ਼ ਨੂੰ ਸਿਵਲ ਹਸਪਤਾਲ ਸੈਕਟਰ-6 ਰੈਫਰ ਕੀਤਾ ਜਾ ਰਿਹਾ ਹੈ। ਹਸਪਤਾਲ ਵਿੱਚ 70 ਤੋਂ ਵੱਧ ਬੱਚੇ ਦਾਖ਼ਲ ਹਨ ਜਿਹੜੇ ਉਲਟੀ ਤੇ ਦਸਤ ਤੋਂ ਪੀੜਤ ਹਨ।
ਦੂਜੇ ਪਾਸੇ, ਪ੍ਰਸ਼ਾਸਨ ਪੇਚਸ਼ ਉੱਤੇ ਕਾਬੂ ਪਾਉਣ ਲਈ ਦਾਅਵੇ ਤਾਂ ਬਹੁਤ ਕਰ ਰਿਹਾ ਹੈ ਪਰ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਅਰਬਨ ਸ਼ਹਿਰੀ ਵਿਕਾਸ ਅਥਾਰਟੀ ਦੇ ਜਨ ਸੋਧ ਡਿਵੀਜ਼ਨ ਦੀ ਵੀ ਲਾਪਰਵਾਹੀ ਵੀ ਹੋ ਸਕਦੀ ਹੈ ਕਿ ਕਿਉਂਕਿ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ ਪਿੰਡ ਬੁੱਢਣਪੁਰ ਵਿੱਚ ਪੇਚਸ਼ ਦੇ ਕੇਸ ਆਉਣੇ ਸ਼ੁਰੂ ਹੋ ਜਾਂਦੇ।