For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ

08:10 AM Jun 16, 2024 IST
ਪੰਜਾਬ ਵਿੱਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 15 ਜੂਨ
ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜਾਬ ’ਚ ਇਸ ਮਹੀਨੇ ਅੰਦਰ ਹੁਣ ਤੱਕ 15 ਜਣਿਆਂ ਦੀ ਮੌਤ ਹੋ ਚੁੱਕੀ ਹੈ। ਵੱਖ ਵੱਖ ਪੱਤਰਕਾਰਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲੀਸ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਅੰਕੜਾ 15 ਜੂਨ ਤੱਕ ਦਾ ਹੈ। ਨੌਂ ਮੌਤਾਂ ਪਿਛਲੇ 7 ਦਿਨਾਂ ਅੰਦਰ ਹੋਈਆਂ ਹਨ।
ਇਨ੍ਹਾਂ ਘਟਨਾਵਾਂ ਨੇ ਸਾਲ 2018 ਦਾ ਜੂਨ ਮਹੀਨਾ ਯਾਦ ਕਰਵਾ ਦਿੱਤਾ ਹੈ, ਜਦੋਂ ਇੱਕ ਮਹੀਨੇ ਅੰਦਰ 23 ਨੌਜਵਾਨਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਸੀ। ਕੁਝ ਨੌਜਵਾਨਾਂ ਦੀ ਮੌਤ ਇੰਨੀ ਤੇਜ਼ੀ ਨਾਲ ਹੋਈ ਸੀ ਕਿ ਘੱਟ ਤੋਂ ਘੱਟ ਪੰਜ ਨੌਜਵਾਨਾਂ ਦੀਆਂ ਬਾਹਾਂ ’ਚ ਸਰਿੰਜਾਂ ਤੱਕ ਫਸੀਆਂ ਹੋਈਆਂ ਮਿਲੀਆਂ ਸਨ। ਇਨ੍ਹਾਂ ਮੌਤਾਂ ਨਾਲ ਸਬੰਧਤ ਤਕਰੀਬਨ ਅੱਧੇ ਕੇਸਾਂ ਵਿੱਚ ਪੁਲੀਸ ਨੇ ਕਥਿਤ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਵਿਸਰਾ ਜਾਂਚ ’ਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰ ਇਹ ਦਰਜ ਕਰਦੀ ਹੈ ਕਿ ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਹਨ। ਅਜਿਹਾ ਖਦਸ਼ਾ ਹੈ ਕਿ ਇਹ ਮੌਤਾਂ ਹੈਰੋਇਨ ਦੀ ਓਵਰਡੋਜ਼ ਜਾਂ ਮਿਲਾਵਟੀ ਨਸ਼ੇ ਕਾਰਨ ਹੋਈਆਂ ਹਨ। ਨਸ਼ਿਆਂ ਦੀ ਓਵਰਡੋਜ਼ ਦੇ ਤਿੰਨ ਮਾਮਲੇ ਅੱਜ ਗੁਰਦਾਸਪੁਰ ਦੇ ਪਿੰਡ ਡੀਡਾ ਸੈਂਸੀਆਂ ’ਚ ਸਾਹਮਣੇ ਆਏ ਹਨ। ਮਿ੍ਤਕਾਂ ’ਚੋਂ ਇੱਕ ਦੀ ਪਛਾਣ ਪ੍ਰਿੰਸ ਮਲਹੋਤਰਾ (36) ਵਾਸੀ ਪਿੰਡ ਸਿਹੋੜਾ ਵਜੋਂ ਹੋਈ ਹੈ। ਇਨ੍ਹਾਂ ਦੇ ਸਰੀਰ ’ਤੇ ਟੀਕਿਆਂ ਦੇ ਨਿਸ਼ਾਨ ਸਨ। ਦੀਨਾਨਗਰ ਦੀ ਐੱਸਐੱਚਓ ਕ੍ਰਿਸ਼ਮਾ ਨੇ ਦੱਸਿਆ ਕਿ 17 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।’ ਅਬੋਹਰ ’ਚ ਦੋ ਵਿਅਕਤੀ ਮ੍ਰਿਤਕ ਮਿਲੇ ਹਨ। ਇਨ੍ਹਾਂ ’ਚੋਂ ਇੱਕ ਲਾਸ਼ ਨਈ ਆਬਾਦੀ ਜਦਕਿ ਦੂਜੀ ਲਾਸ਼ ਠਾਕੁਰ ਆਬਾਦੀ ਨੇੜਿਓਂ ਮਿਲੀ ਹੈ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਐੱਨਜੀਓ ਨਰ ਸੇਵਾ ਨਾਰਾਇਣ ਸੇਵਾ ਦੇ ਮੁਖੀ ਰਾਜੂ ਚਰਾਇਆ ਨੇ ਕਿਹਾ ਕਿ ਪੁਲੀਸ ਨੂੰ ਨਿਗਰਾਨੀ ਵਧਾਉਣੀ ਚਾਹੀਦੀ ਹੈ।
ਮਲੋਟ ਸਦਰ ਪੁਲੀਸ ਨੇ ਲੰਘੇ ਵੀਰਵਾਰ ਨੂੰ ਸ਼ੇਰਗੜ੍ਹ ਪਿੰਡ ਦੇ ਸ਼ਮਸ਼ਾਨਘਾਟ ’ਚ ਸ਼ੱਕੀ ਹਾਲਤਾਂ ’ਚ ਇੱਕ 23 ਸਾਲਾ ਲੜਕੇ ਦੇ ਮ੍ਰਿਤਕ ਹਾਲਤ ’ਚ ਮਿਲਣ ਮਗਰੋਂ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮ੍ਰਿਤਕ ਜਗਮੀਤ ਸਿੰਘ ਦੇ ਚਾਚੇ ਸੇਵਕ ਸਿੰਘ ਨੇ ਦੋਸ਼ ਲਾਇਆ ਕਿ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਇਸੇ ਪਿੰਡ ਦੇ ਬੂਟਾ ਰਾਮ ਤੇ ਦਲੀਪ ਰਾਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਲੰਘੇ ਐਤਵਾਰ 9 ਜੂਨ ਨੂੰ ਗੁਰੂਹਰਸਹਾਏ ਦੇ ਪਿੰਡ ਕੋਹਾਰ ਸਿੰਘ ਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ (42) ਦੀ ਲਾਸ਼ ਪਿੰਡ ਦੇ ਕਬਰਿਸਤਾਨ ’ਚੋਂ ਮਿਲੀ ਸੀ ਤੇ ਉਸ ਦੀ ਲਾਸ਼ ਨੇੜਿਓਂ ਇੱਕ ਟੀਕਾ ਵੀ ਮਿਲਿਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਤੋਂ ਇੱਕ ਦਿਨ ਪਹਿਲਾਂ 8 ਜੂਨ ਨੂੰ ਜਲੰਧਰ ਦੇ ਸੰਦੀਪ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਸੰਦੀਪ ਜ਼ੀਰਾ ਦੇ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾ ਰਿਹਾ ਸੀ। ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ।
ਫਰੀਦਕੋਟ ਦੀ ਨਾਨਕਸਰ ਬਸਤੀ ’ਚ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਗੱਬਰ ਸਿੰਘ (24) ਵਜੋਂ ਹੋਈ ਹੈ। 4 ਤੇ 6 ਜੂਨ ਵਿਚਾਲੇ ਮੋਗਾ ’ਚ ਦੋ ਮੌਤਾਂ ਹੋਈਆਂ ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ (40) ਵਾਸੀ ਪਿੰਡ ਭਲੂਰ ਤੇ ਮਨੀ ਸਿੰਘ (24) ਵਜੋਂ ਹੋਈ। ਪਾਇਲ (ਲੁਧਿਆਣਾ) ਦੇ ਆਜ਼ਮ ਮੁਹੰਮਦ ਦੀ 3 ਜੂਨ ਨੂੰ ਖੰਨਾ ’ਚ ਮੌਤ ਹੋ ਗਈ। ਪੁਲੀਸ ਨੇ ਦੋ ਕਥਿਤ ਨਸ਼ਾ ਸਪਲਾਇਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ’ਚ ਅੱਜ ਦੋ ਨੌਜਵਾਨਾਂ ਦੀ ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ। ਅਟਾਰੀ ’ਚ 14 ਜੂਨ ਨੂੰ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ।
(ਰਵੀ ਧਾਲੀਵਾਲ, ਚਰਨਜੀਤ ਤੇਜਾ, ਨਿਖਿਲ ਭਾਰਦਵਾਜ, ਅਨਿਰੁੱਧ ਗੁਪਤਾ, ਬਲਵੰਤ ਗਰਗ, ਅਰਚਿਤ ਵਤਸ ਤੇ ਰਾਜ ਸਦੋਸ਼ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ)

Advertisement

ਅੱਠ ਜ਼ਿਲ੍ਹਿਆਂ ’ਚ ਹੋਈਆਂ ਮੌਤਾਂ

ਮ੍ਰਿਤਕਾਂ ’ਚੋਂ 3 ਗੁਰਦਾਸਪੁਰ, 2 ਅਬੋਹਰ, 2 ਮੋਗਾ, 1 ਮੁਕਤਸਰ, 2 ਫਿਰੋਜ਼ਪੁਰ, 1 ਫਰੀਦਕੋਟ, 1 ਲੁਧਿਆਣਾ ਤੇ 2 ਅੰਮ੍ਰਿਤਸਰ ਨਾਲ ਸਬੰਧਤ ਹਨ।

Advertisement
Author Image

sukhwinder singh

View all posts

Advertisement
Advertisement
×